‘ਲਗਾਤਾਰ ਜਾਰੀ ਹੈ ਹਿਰਾਸਤ ’ਚੋਂ ’ ‘ਮੁਲਜ਼ਮਾਂ ਦੀ ਫ਼ਰਾਰੀ ਦਾ ਸਿਲਸਿਲਾ’

03/10/2021 3:42:43 AM

ਆਰਟੀਕਲ
ਦੇਸ਼ ਭਰ ਦੀਆਂ ਜੇਲਾਂ ਘੋਰ ਅਵਿਵਸਥਾ ਦੀਆਂ ਸ਼ਿਕਾਰ ਹਨ। ਉੱਥੋਂ ਕੈਦੀਆਂ ਦੇ ਭੱਜਣ ਅਤੇ ਜੇਲ ਅੰਦਰ ਹਰ ਤਰ੍ਹਾਂ ਦੇ ਅਪਰਾਧ ਹੋਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਥੋਂ ਤੱਕ ਕਿ ਹਾਈ ਸਕਿਓਰਿਟੀ ਜੇਲਾਂ ਵੀ ਇਸ ਸਮੱਸਿਆ ਤੋਂ ਮੁਕਤ ਨਹੀਂ ਰਹੀਆਂ।

ਇਕ ਪਾਸੇ ਤਿਹਾੜ ਜੇਲ ’ਚੋਂ ਚਾਰਲਸ ਸ਼ੋਭਰਾਜ ਵੱਲੋਂ ਅਧਿਕਾਰੀਆਂ ਨੂੰ ਨਸ਼ੀਲੀ ਮਠਿਆਈ ਖੁਆ ਕੇ ਫ਼ਰਾਰ ਹੋਣ ਵਰਗੀਆਂ ਘਟਨਾਵਾਂ ਨੇ ਜੇਲਾਂ ’ਚ ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲਾਏ ਤਾਂ ਦੂਜੇ ਪਾਸੇ ਜੇਲਾਂ ’ਚੋਂ ਅਦਾਲਤਾਂ ’ਚ ਪੇਸ਼ੀ ਲਈ ਲਿਜਾਏ ਜਾਣ ਵਾਲੇ ਵਿਚਾਰ ਅਧੀਨ ਕੈਦੀਆਂ ਦੀ ਫ਼ਰਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਪੁਲਸ ਦੀ ਹਿਰਾਸਤ ’ਚੋਂ ਕੱਢ ਕੇ ਲਿਜਾਣ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ, ਜੋ ਸਿਰਫ 1 ਮਹੀਨੇ ’ਚ ਹੇਠਾਂ ਦਰਜ 11 ਘਟਨਾਵਾਂ ਤੋਂ ਸਪੱਸ਼ਟ ਹੈ :

* 9 ਫਰਵਰੀ ਨੂੰ ਝਾਰਖੰਡ ਦੇ ਸਭ ਤੋਂ ਵੱਡੇ ਹਸਪਤਾਲ ਰਾਂਚੀ ਸਥਿਤ ‘ਰਿਮਸ’ ਵਿਖੇ ਇਲਾਜ ਲਈ ਦਾਖਲ ਹੱਤਿਆ ਦਾ ਮੁਲਜ਼ਮ ਸਿਧੇਸ਼ਵਰ ਨਿਗਰਾਨੀ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਆਈ. ਸੀ. ਯੂ. ਦੇ ਬਾਥਰੂਮ ਦੀ ਖਿੜਕੀ ’ਚੋਂ ਫ਼ਰਾਰ ਹੋ ਗਿਆ।

* 10 ਫਰਵਰੀ ਨੂੰ ਭੋਪਾਲ ਦੀ ਪੁਰਾਣੀ ਜੇਲ ’ਚੋਂ ਲਕਸ਼ਮਣ ਸਿੰਘ ਰਾਜਪੂਤ ਨਾਮੀ ਕੈਦੀ ਨੇ ਨਾ ਤਾਂ ਕਿਤੋਂ ਗਰਿੱਲ ਕੱਟੀ ਅਤੇ ਨਾ ਹੀ ਕੰਧ ਟੱਪੀ, ਸਗੋਂ ਦਿਨ-ਦਿਹਾੜੇ ਜੇਲ ਦੀ ਸਾਰੀ ਸੁਰੱਖਿਆ ਵਿਵਸਥਾ ਨੂੰ ਟਿੱਚ ਦੱਸਦਿਆਂ ਮੇਨ ਗੇਟ ਦੇ ਰਸਤੇ ਸਭ ਦੇ ਸਾਹਮਣੇ ਫ਼ਰਾਰ ਹੋ ਗਿਆ।

* 15 ਫਰਵਰੀ ਨੂੰ ਬਿਹਾਰ ’ਚ ਜਹਾਨਾਬਾਦ ਜ਼ਿਲੇ ਦੇ ਸਦਰ ਹਸਪਤਾਲ ’ਚ ਇਲਾਜ ਲਈ ਦਾਖਲ ਇਕ ਕੈਦੀ ਉਸ ਦੀ ਨਿਗਰਾਨੀ ਲਈ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਦੌੜ ਗਿਆ।

* 20 ਫਰਵਰੀ ਨੂੰ ਲਖਨਊ ਦੀ ਆਦਰਸ਼ ਜੇਲ ’ਚੋਂ 1 ਕੈਦੀ ਰਾਕੇਸ਼ ਉਰਫ ਫੌਜੀ ਸੁਰੱਖਿਆ ਮੁਲਾਜ਼ਮਾਂ ਨੂੰ ਝਾਂਸਾ ਦੇ ਕੇ ਭੱਜ ਨਿਕਲਿਆ।

* 23 ਫਰਵਰੀ ਨੂੰ ਹੁਸ਼ਿਆਰਪੁਰ ਦੇ ਪਿੰਡ ਚੌਹਾਲ ’ਚ ਚੋਰੀ ਦੇ ਦੋਸ਼ ਹੇਠ ਫੜੇ ਗਏ ਇਕ ਮੁਲਜ਼ਮ ਨੇ ਏ. ਐੱਸ. ਆਈ. ਦਾ ਕੰਨ ਦੰਦਾਂ ਨਾਲ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਉਸ ਦਾ ਇਕ ਹਿੱਸਾ ਹੀ ਵੱਖ ਹੋ ਗਿਆ। ਇਹ ਕੈਦੀ ਏ. ਐੱਸ. ਆਈ. ਨੂੰ ਜ਼ਖ਼ਮੀ ਕਰ ਕੇ ਦੌੜ ਗਿਆ, ਜਿਸ ਨੂੰ ਫੜ ਕੇ ਲੋਕਾਂ ਨੇ ਪੁਲਸ ਦੇ ਹਵਾਲੇ ਕੀਤਾ।

* 23 ਫਰਵਰੀ ਨੂੰ ਹੀ ਜਬਰ-ਜ਼ਨਾਹ ਦੇ ਇਕ ਮੁਲਜ਼ਮ ਨੂੰ ਫੜ ਕੇ ਲਿਜਾ ਰਹੀ ਥਾਣਾ ਗੁਰੂ ਹਰਸਹਾਏ ਦੀ ਪੁਲਸ ’ਤੇ ਚਾਰ ਮੋਟਰ ਗੱਡੀਆਂ ’ਚ ਆਏ 15 ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਾ ਕੇ ਲੈ ਗਏ।

* 26 ਫਰਵਰੀ ਨੂੰ ਬਿਹਾਰ ਦੀ ਦਲਸਿੰਘ ਸਰਾਏ ਉਪ ਜੇਲ ’ਚੋਂ ਦੁਪਹਿਰ ਸਾਢੇ 3 ਵਜੇ ਪੂਰਨੀਆ ਉਪ ਜੇਲ ’ਚ ਲਿਜਾਈ ਜਾ ਰਹੀ ਮਹਿਲਾ ਕੈਦੀ ਦੁਰਗਾ ਦੇਵੀ ਜੰਗਲ-ਪਾਣੀ ਜਾਣ ਦੇ ਬਹਾਨੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ। ਪੁਲਸ ਨੇ ਉਸ ਨੂੰ ਫੜਨ ਲਈ ਦੌੜ-ਭੱਜ ਕੀਤੀ ਪਰ ਉਹ ਹੱਥ ਨਹੀਂ ਲੱਗੀ।

* 26 ਫਰਵਰੀ ਨੂੰ ਹੀ ਫਿਰੋਜ਼ਾਬਾਦ ਦੀ ਅਦਾਲਤ ’ਚ ਪੇਸ਼ੀ ਲਈ ਲਿਆਂਦਾ ਗਿਆ ਆਪਣੀ ਪਤਨੀ ਦੀ ਹੱਤਿਆ ਦਾ ਮੁਲਜ਼ਮ ਰਿਸ਼ੀ ਕੁਮਾਰ ਯਾਦਵ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਜੇਲ ’ਚ ਤਾਇਨਾਤ ਮਹਾਵੀਰ ਸਿੰਘ ਨਾਮੀ ਸਿਪਾਹੀ ਫ਼ਰਾਰ ਕੈਦੀ ਨਾਲ ਮਿਲਿਆ ਹੋਇਆ ਸੀ।

* 3-4 ਮਾਰਚ ਦੀ ਅੱਧੀ ਰਾਤ ਨੂੰ ਥਾਣਾ ਮਮਦੋਟ ਵਿਖੇ ਕੱਚੀ ਸ਼ਰਾਬ ਵੇਚਣ ਦੇ ਦੋਸ਼ ਹੇਠ ਫੜ ਕੇ ਹਵਾਲਾਤ ’ਚ ਬੰਦ ਕੀਤਾ ਗੁਰਨਾਮ ਸਿੰਘ ਨਾਮੀ ਮੁਲਜ਼ਮ ਕੰਧ ਟੱਪ ਕੇ ਫ਼ਰਾਰ ਹੋ ਗਿਆ।

* 5 ਮਾਰਚ ਨੂੰ ਅਦਾਲਤ ’ਚ ਪੇਸ਼ੀ ਲਈ ਲਿਜਾਇਆ ਜਾ ਰਿਹਾ 6.4 ਗ੍ਰਾਮ ਸਮੈਕ ਦੀ ਸਮੱਗਲਿੰਗ ਦਾ ਮੁਲਜ਼ਮ ਦਵਿੰਦਰ ਸਿੰਘ ਕਰਨਾਲ ਪੁਲਸ ਦੀ ਹਿਰਾਸਤ ’ਚੋਂ ਦੌੜ ਗਿਆ।

* 6 ਮਾਰਚ ਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਜਬਰ-ਜ਼ਨਾਹ ਦੇ ਮੁਲਜ਼ਮ ਜਤਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਉਹ ਸੁਰੱਖਿਆ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰ ਕੇ ਫ਼ਰਾਰ ਹੋ ਗਿਆ।

ਬੰਦੀ ਅਪਰਾਧੀਆਂ ਦਾ ਜੇਲਾਂ, ਹਸਪਤਾਲਾਂ, ਅਦਾਲਤਾਂ ਅਤੇ ਪੁਲਸ ਮੁਲਾਜ਼ਮਾਂ ਦੇ ਕਬਜ਼ੇ ’ਚੋਂ ਫ਼ਰਾਰ ਹੋਣਾ ਮੁੱਖ ਰੂਪ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੀ ਲਾਪ੍ਰਵਾਹੀ ਦਾ ਹੀ ਨਤੀਜਾ ਹੈ।

ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਕਈ ਮਾਮਲਿਆਂ ’ਚ ਪੁਲਸ ਮੁਲਾਜ਼ਮਾਂ ਦੇ ਸਿਹਤ ਪੱਖੋਂ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਵੀ ਕੈਦੀ ਭੱਜ ਨਿਕਲਣ ’ਚ ਸਫਲ ਹੋ ਜਾਂਦੇ ਹਨ।

ਇਸੇ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਮਰਦ ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਡਾਕਟਰਾਂ ਦੀ ਨਿਗਰਾਨੀ ’ਚ ਫਿਟਨੈੱਸ ਦੀ ਸਿਖਲਾਈ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।

ਉਨ੍ਹਾਂ ਜਾਂਚ ਬਿਊਰੋ ਦੇ ਨਿਰਦੇਸ਼ਕ ਨੂੰ ਉਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਅਸਲ ਸਰੀਰਕ ਫਿਟਨੈੱਸ ਸਿਖਲਾਈ ਬਾਰੇ ਰਿਪੋਰਟ ਲਿਆਉਣ ਲਈ ਕਿਹਾ ਹੈ, ਜੋ ਵੱਖ-ਵੱਖ ਮਾਮਲਿਆਂ ’ਚ ਸ਼ੱਕੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਫੜ ਨਹੀਂ ਸਕੇ।

ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਅਪਰਾਧੀਆਂ ਨੂੰ ਫੜਨ ਲਈ ਸਿਰਫ ਸਰੀਰਕ ਪੱਖੋਂ ਪੂਰੀ ਤਰ੍ਹਾਂ ਫਿੱਟ ਪੁਲਸ ਮੁਲਾਜ਼ਮਾਂ ਨੂੰ ਹੀ ਭੇਜਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਅਪਰਾਧੀਆਂ ਦੇ ਮਾਮਲੇ ਦੀ ਸੁਣਵਾਈ ਜਾਂ ਤਾਂ ਜੇਲਾਂ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਾਂ ਕਚਹਿਰੀਆਂ ’ਚ ਜੰਗਲ-ਪਾਣੀ ਆਦਿ ਲਈ ਪੱਕੇ ਪ੍ਰਬੰਧ ਕੀਤੇ ਜਾਣ।

ਜੇ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਅਪਰਾਧੀ ਇਸੇ ਤਰ੍ਹਾਂ ਪੁਲਸ ਹਿਰਾਸਤ ’ਚੋਂ ਫ਼ਰਾਰ ਹੁੰਦੇ ਰਹਿਣਗੇ, ਅਮਨ-ਕਾਨੂੰਨ ਦੀ ਹਾਲਤ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਹੋਰਨਾਂ ਅਪਰਾਧੀਆਂ ਦੇ ਹੌਸਲੇ ਵਧਦੇ ਰਹਿਣਗੇ।
-ਵਿਜੇ ਕੁਮਾਰ


Bharat Thapa

Content Editor

Related News