ਲੋੜਵੰਦਾਂ ਦੀ ਸਹਾਇਤਾ ਲਈ ਸ਼ਲਾਘਾਯੋਗ ਪਹਿਲਕਦਮੀਆਂ''

10/23/2016 7:18:08 AM

ਹਨੇਰੇ ''ਤੇ ਚਾਨਣ ਦੀ ਜਿੱਤ ਦਾ ਤਿਉਹਾਰ ਦੀਵਾਲੀ ਆਉਣ ਵਾਲਾ ਹੈ। ਮਠਿਆਈਆਂ, ਰੌਸ਼ਨੀਆਂ ਤੇ ਖੁਸ਼ੀਆਂ ਦੇ ਇਸ ਤਿਉਹਾਰ ''ਤੇ ਲੋਕ ਖੂਬ ਖਰੀਦਦਾਰੀ ਕਰਨ, ਰੌਸ਼ਨੀ ਕਰਨ ਤੇ ਪਟਾਕੇ ਚਲਾਉਣ ਤੋਂ ਇਲਾਵਾ ਆਪਣੇ ਮਿੱਤਰਾਂ ਤੇ ਜਾਣ-ਪਛਾਣ ਵਾਲਿਆਂ ਦਰਮਿਆਨ ਤੋਹਫਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ।
ਪਰ ਉਤਸ਼ਾਹ ਤੇ ਉਮੰਗ ਦੇ ਇਸ ਮੌਸਮ ''ਚ ਸਾਡਾ ਧਿਆਨ ਗਰੀਬੀ ਦੀ ਚੱਕੀ ''ਚ ਪਿਸ ਰਹੇ ਉਨ੍ਹਾਂ ਭੈਣਾਂ-ਭਰਾਵਾਂ ਵੱਲ ਨਹੀਂ ਜਾਂਦਾ, ਜਿਹੜੇ ਵਰ੍ਹਿਆਂ ਤੋਂ ਰੌਸ਼ਨੀ ਦੀ ਇਕ ਕਿਰਨ ਤੇ ਖੁਸ਼ੀ ਦੇ ਇਕ ਬੁੱਲੇ ਲਈ ਤਰਸ ਰਹੇ ਹਨ। ਲੋੜਵੰਦ ਭੈਣਾਂ-ਭਰਾਵਾਂ ਦੀ ਇਸ ਪੀੜ ਨੂੰ ਸਮਝਦਿਆਂ ਮਹਾਰਾਸ਼ਟਰ ''ਚ ਠਾਣੇ ਦੇ ਨੌਜਵਾਨਾਂ ਦਾ ਇਕ ਸਮੂਹ ਤੇ ਮੁੰਬਈ ਦੇ ਡੱਬਾਵਾਲੇ ਅੱਗੇ ਆਏ ਹਨ। 
ਤਿਉਹਾਰਾਂ ਦੇ ਮੌਸਮ ''ਚ ਲੋਕਾਂ ਵਲੋਂ ਆਪਣੇ ਘਰਾਂ ਦੀ ਸਫਾਈ ਕਰਨ ਅਤੇ ਕੂੜਾ-ਕਰਕਟ ਕੱਢਣ ਦੀ ਰਵਾਇਤ ਤੋਂ ਪ੍ਰੇਰਿਤ ਹੋ ਕੇ ਠਾਣੇ ਦੇ ਨੌਜਵਾਨਾਂ ਦੇ ਇਕ ਸਮੂਹ ਨੇ ''ਰੱਦੀ'' ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਦੇ ਤਹਿਤ ਉਨ੍ਹਾਂ ਨੇ ਘਰ-ਘਰ ਜਾ ਕੇ ਰੱਦੀ ਇਕੱਠੀ ਕਰ ਕੇ ਉਸ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਨਾਲ ਇਸ ਸਾਲ ਦੀਵਾਲੀ ''ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ।
ਕਈ ਹਮਖਿਆਲੀ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਮੁਹਿੰਮ ਸ਼ੁਰੂ ਕਰਨ ਵਾਲੇ 17 ਸਾਲਾ ਪ੍ਰਣਵ ਪਾਟਿਲ ਦਾ ਕਹਿਣਾ ਹੈ ਕਿ ''''ਸਾਡੀ ਕੋਈ ਐੱਨ. ਜੀ. ਓ. ਨਹੀਂ ਹੈ, ਇਸ ਲਈ ਲੋਕ ਸਾਨੂੰ ਆਰਥਿਕ ਸਹਾਇਤਾ ਤਾਂ ਨਹੀਂ ਦਿੰਦੇ ਪਰ ਅਸੀਂ ਘਰ-ਘਰ ਜਾ ਕੇ ਰੱਦੀ ਇਕੱਠੀ ਕਰਦੇ ਹਾਂ, ਜੋ ਚੰਗੇ ਭਾਅ ਵਿਕ ਜਾਂਦੀ ਹੈ।''''
''''ਪਹਿਲਾਂ ਅਸੀਂ ਇਸ ਤਰ੍ਹਾਂ ਇਕੱਠੀ ਕੀਤੀ ਹੋਈ ਰੱਦੀ  ਵੇਚ ਕੇ ਠਾਣੇ ਰੇਲਵੇ ਸਟੇਸ਼ਨ ''ਤੇ ਮੌਜੂਦ ਭਿਖਾਰੀਆਂ ਨੂੰ ਖਾਣਾ ਖੁਆਉਂਦੇ ਸੀ ਪਰ ਇਸ ਵਾਰ ਦੀਵਾਲੀ ''ਤੇ ਅਸੀਂ ਇਕ ਨਵਾਂ ਪ੍ਰਯੋਗ ਕਰਨ ਜਾ ਰਹੇ ਹਾਂ ਤੇ ਇਕੱਠੀ ਕੀਤੀ ਹੋਈ ਰੱਦੀ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਨਾਲ ਅਨਾਥ ਆਸ਼ਰਮਾਂ ''ਚ ਰਹਿਣ ਵਾਲੇ ਬੱਚਿਆਂ ਤੇ ਬਿਰਧ ਆਸ਼ਰਮਾਂ ''ਚ ਰਹਿਣ ਵਾਲੇ ਬਜ਼ੁਰਗਾਂ ਲਈ ਨਵੇਂ ਕੱਪੜੇ ਖਰੀਦ ਕੇ ਉਨ੍ਹਾਂ ਨੂੰ ਭੇਟ ਕਰਾਂਗੇ।''''
ਠਾਣੇ ਦੇ ਨੌਜਵਾਨਾਂ ਵਾਂਗ ਹੀ ਮੁੰਬਈ ''ਚ ਨੌਕਰੀਪੇਸ਼ਾ ਤੇ ਹੋਰਨਾਂ ਲੋਕਾਂ ਲਈ ਸਮਾਂਬੱਧ ਟਿਫਨ ਸੇਵਾ ਚਲਾਉਣ ਵਾਲੇ ਵਿਸ਼ਵ ਪ੍ਰਸਿੱਧ ਡੱਬਾਵਾਲੇ ਵੀ ਇਸ ਦੀਵਾਲੀ ''ਤੇ ਕੁਝ ਅਜਿਹਾ ਹੀ ਕਰਨ ਜਾ ਰਹੇ ਹਨ।
ਮੁੰਬਈ ਨੇੜੇ ਪਾਲਘਰ, ਮੋਖਾੜਾ, ਤਲਾਸਰੀ ਆਦਿ ''ਚ ਨੰਗੇ ਤਨ ਜ਼ਿੰਦਗੀ ਬਿਤਾਉਣ ਵਾਲੇ ਤੇ ਭੁੱਖੇ ਢਿੱਡ ਸੌਣ ਲਈ ਮਜਬੂਰ ਆਦੀਵਾਸੀ ਭਰਾਵਾਂ ਨੂੰ ਰੱਜਵਾਂ ਖਾਣਾ ਮੁਹੱਈਆ ਕਰਵਾਉਣ ਲਈ ਮੁੰਬਈ ਦੇ ਡੱਬਾਵਾਲਿਆਂ ਨੇ ''ਰੋਟੀ ਬੈਂਕ'' ਯੋਜਨਾ ਤਾਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਸੀ, ਹੁਣ ਇਨ੍ਹਾਂ ਨੇ ਇਕ ''ਕੱਪੜਾ ਬੈਂਕ''  ਯੋਜਨਾ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਉਹ ਰੰਗ-ਬਿਰੰਗੇ ਕੱਪੜੇ ਪਹਿਨ ਕੇ ਦੀਵਾਲੀ ਮਨਾ ਸਕਣ।
ਇਸ ਦੇ ਲਈ ਡੱਬਾਵਾਲਿਆਂ ਨੇ ਬਕਾਇਦਾ ''ਕੱਪੜਾ ਬੈਂਕ'' ਕਾਇਮ ਕਰ ਕੇ ਖੁਸ਼ਹਾਲ ਮੁੰਬਈ ਵਾਸੀਆਂ ਨੂੰ ਉਨ੍ਹਾਂ ਦੇ ਪੁਰਾਣੇ ਪਰ ਚੰਗੀ ਹਾਲਤ ''ਚ ਅਤੇ ਸਾਫ-ਸੁਥਰੇ ਕੱਪੜੇ ਦੇਣ ਦੀ ਅਪੀਲ ਕੀਤੀ ਹੈ।
''ਮੁੰਬਈ ਡੱਬਾਵਾਲਾ ਐਸੋਸੀਏਸ਼ਨ'' ਦੇ ਬੁਲਾਰੇ ਸੁਭਾਸ਼ ਤਲੇਕਰ ਦਾ ਕਹਿਣਾ ਹੈ ਕਿ ''''ਭੋਜਨ ਤੇ ਕੱਪੜਾ ਹਰੇਕ ਵਿਅਕਤੀ ਦੀ ਬੁਨਿਆਦੀ ਲੋੜ ਹੈ ਅਤੇ ਦੁਸਹਿਰੇ-ਦੀਵਾਲੀ ਦੇ ਮੌਕੇ ''ਤੇ ਬਾਕੀ ਦੇਸ਼ ਵਾਂਗ ਹੀ ਮੁੰਬਈ ਵਾਸੀ ਵੀ ਵੱਡੇ ਪੱਧਰ ''ਤੇ ਨਵੇਂ ਕੱਪੜਿਆਂ ਤੇ ਹੋਰਨਾਂ ਚੀਜ਼ਾਂ ਦੀ ਖਰੀਦਦਾਰੀ ਕਰਦੇ ਹਨ।''''
''''ਇਸ ਲਈ ਇਨ੍ਹੀਂ ਦਿਨੀਂ ਅਸੀਂ ਟਿਫਨ ਦੀ ਸਪਲਾਈ ਦੇ ਨਾਲ-ਨਾਲ ਆਪਣੇ ਗਾਹਕਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਉਹ ਲੋੜਵੰਦਾਂ ਲਈ ਆਪਣੇ ਪੁਰਾਣੇ ਪਰ ਸਾਫ-ਸੁਥਰੇ ਤੇ ਚੰਗੀ ਹਾਲਤ ਵਾਲੇ ਕੱਪੜੇ ਦਾਨ ਦੇਣ।''''
ਡੱਬਾਵਾਲਿਆਂ ਦੀ ਐਸੋਸੀਏਸ਼ਨ ਦੇ ਮੈਂਬਰ ਹੀ ਇਸ ਸੰਬੰਧ ''ਚ ਦਾਨੀ ਸੱਜਣਾਂ ਵਲੋਂ ਬੁਲਾਉਣ ''ਤੇ ਉਨ੍ਹਾਂ ਦੇ ਘਰ ਜਾ ਕੇ ਕੱਪੜੇ ਇਕੱਠੇ ਕਰ ਰਹੇ ਹਨ। ਇਸ ਦੇ ਨਾਲ ਹੀ ਕੱਪੜੇ ਇਕੱਠੇ ਕਰਨ ਲਈ ਉਨ੍ਹਾਂ ਨੇ ਕਈ ਕਲੈਕਸ਼ਨ ਪੁਆਇੰਟ ਵੀ ਬਣਾਏ ਹਨ।
ਤਿਉਹਾਰਾਂ ਦੇ ਇਸ ਮੌਸਮ ''ਚ ਲੋੜਵੰਦਾਂ ਦੀ ਜ਼ਿੰਦਗੀ ''ਚ ਖੁਸ਼ੀ ਦੇ ਕੁਝ ਰੰਗ ਭਰਨ ਦੇ ਇਹ ਦੋਵੇਂ ਯਤਨ ਸ਼ਲਾਘਾਯੋਗ ਹਨ ਪਰ ਇੰਨਾ ਹੀ ਕਾਫੀ ਨਹੀਂ ਹੈ। ਅੱਜ ਵੀ ਦੇਸ਼ ''ਚ ਕਰੋੜਾਂ ਲੋਕ ਰਾਤ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ, ਇਸ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਐੱਨ. ਜੀ. ਓਜ਼ ਨੂੰ ਵੀ ਇਸ ਦਿਸ਼ਾ ''ਚ ਅੱਗੇ ਆਉਣਾ ਚਾਹੀਦਾ ਹੈ।
ਇਸ ਨਾਲ ਨਾ ਸਿਰਫ ਲੋਕਾਂ ਨੂੰ ਆਪਣੇ ਘਰਾਂ ''ਚ ਪੁਰਾਣੀਆਂ ਪਈਆਂ ਗ਼ੈਰ-ਜ਼ਰੂਰੀ ਚੀਜ਼ਾਂ ਤੋਂ ਛੁਟਕਾਰਾ ਮਿਲ ਸਕੇਗਾ ਸਗੋਂ ਇਨ੍ਹਾਂ ਚੀਜ਼ਾਂ ਨੂੰ ਲੋੜਵੰਦ ਲੋਕਾਂ ''ਚ ਵੰਡਣ ਨਾਲ ਕਿਸੇ ਹੱਦ ਤਕ ਉਨ੍ਹਾਂ ਦੀ ਜ਼ਿੰਦਗੀ ''ਚ ਵੀ ਖੁਸ਼ੀ ਦੀਆਂ ਕੁਝ ਕਿਰਨਾਂ ਜਗਮਗਾ ਉੱਠਣਗੀਆਂ।                                 
—ਵਿਜੇ ਕੁਮਾਰ


Vijay Kumar Chopra

Chief Editor

Related News