ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਜਨਜੀਵਨ ਬੇਤਰਤੀਬ, ਕਿਸਾਨਾਂ ਤੇ ਸੁਰੱਖਿਆ ਬਲਾਂ ’ਚ ਝੜਪਾਂ ਜਾਰੀ

Thursday, Feb 15, 2024 - 06:07 AM (IST)

ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਜਨਜੀਵਨ ਬੇਤਰਤੀਬ, ਕਿਸਾਨਾਂ ਤੇ ਸੁਰੱਖਿਆ ਬਲਾਂ ’ਚ ਝੜਪਾਂ ਜਾਰੀ

ਕਿਸਾਨ ਅੰਦੋਲਨ ਦੇ ਦੂਜੇ ਦਿਨ 14 ਫਰਵਰੀ ਨੂੰ ਵੀ ਹਰਿਆਣਾ ਦੇ ਸ਼ੰਭੂ ਬਾਰਡਰ ਅਤੇ ਦਿੱਲੀ ਨੂੰ ਜਾਣ ਵਾਲੇ ਹੋਰ ਮਾਰਗਾਂ ’ਤੇ ਕਿਸਾਨ ਡਟੇ ਰਹੇ। ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਵੇਰੇ 8 ਵਜੇ ਸ਼ੰਭੂ ਬਾਰਡਰ ’ਤੇ ਉਨ੍ਹਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪ ਹੋਈ ਅਤੇ ਮਾਹੌਲ ਤਣਾਅਪੂਰਨ ਬਣ ਗਿਆ।

ਹੋਰ ਸਥਾਨਾਂ ’ਤੇ ਵੀ ਸੁਰੱਖਿਆ ਬਲਾਂ ਅਤੇ ਅੰਦੋਲਨਕਾਰੀ ਕਿਸਾਨਾਂ ਦਰਮਿਆਨ ਝੜਪਾਂ ਜਾਰੀ ਰਹੀਆਂ। ਜਿਉਂ ਹੀ ਅੰਦੋਲਨਕਾਰੀ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ, ਸੁਰੱਖਿਆ ਬਲਾਂ ਵਲੋਂ ਹੰਝੂ ਗੈਸ ਛੱਡਣ ਤੋਂ ਇਲਾਵਾ ਲਾਠੀਚਾਰਜ, ਰਬੜ ਦੀਆਂ ਗੋਲੀਆਂ ਨਾਲ ਫਾਇਰਿੰਗ, ਡਰੋਨ ਐਕਸ਼ਨ, ਪਾਣੀ ਦੀਆਂ ਵਾਛੜਾਂ ਆਦਿ ਛੱਡੀਆਂ ਜਾਂਦੀਆਂ ਰਹੀਆਂ, ਜਦ ਕਿ ਕੁਝ ਸਥਾਨਾਂ ’ਤੇ ਕਿਸਾਨਾਂ ਨੇ ਸੁਰੱਖਿਆ ਮੁਲਾਜ਼ਮਾਂ ’ਤੇ ਪਥਰਾਅ ਵੀ ਕੀਤਾ।

ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਚੰਡੀਗੜ੍ਹ ਪੁਲਸ ਨੇ ਵੀ ਆਪਣੀਆਂ ਸੀਮਾਵਾਂ ਸੀਲ ਕਰ ਕੇ ਪੁਲਸ ਬਲ ਤਾਇਨਾਤ ਕਰ ਕੇ ਸ਼ਹਿਰ ’ਚ ਟ੍ਰੈਕਟਰ-ਟ੍ਰਾਲੀਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਮੋਹਾਲੀ ’ਚ ਵੀ ਧਾਰਾ-144 ਲਾ ਦਿੱਤੀ ਗਈ ਹੈ।

ਪਿਛਲੇ ਅੰਦੋਲਨ ਦੀਆਂ ਕਮੀਆਂ ਤੋਂ ਸਬਕ ਲੈ ਕੇ ਇਸ ਵਾਰ ਕਿਸਾਨ 800 ਟ੍ਰਾਲੀਆਂ, ਪਾਣੀ ਦੇ 80 ਟੈਂਕਰ ਅਤੇ ਰਾਸ਼ਨ ਲੈ ਕੇ 180 ਦਿਨਾਂ ਤੱਕ ਅੰਦੋਲਨ ਜਾਰੀ ਰੱਖਣ ਦੀ ਤਿਆਰੀ ਨਾਲ ਆਏ ਹਨ।

ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਇਕ ‘ਹਾਈ ਪਾਵਰ ਕਮੇਟੀ’ ਬਣਾਉਣ ਨੂੰ ਤਿਆਰ ਹੈ ਜੋ ਇਸ ਬਾਰੇ ਸਮਾਂਬੱਧ ਫੈਸਲਾ ਕਰੇਗੀ ਪਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਪਹਿਲਾਂ ਸਾਡਾ ਹੱਕ ਦੇਵੇ ਤਦ ਹੀ ਗੱਲ ਹੋਵੇਗੀ।

ਇਸ ਤਰ੍ਹਾਂ ਦੇ ਮਾਹੌਲ ’ਚ ਜਿੱਥੇ ਮਾਮਲਾ ਤੂਲ ਫੜਦਾ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੇ ਕਾਰੋਬਾਰੀਆਂ ਦੀ ਸੰਸਥਾ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (‘ਕੈਟ’) ਨੇ ਕਿਹਾ ਹੈ , ‘‘ਜੇ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਕੱਲੇ ਵਪਾਰ ਜਗਤ ਨੂੰ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।’’

‘ਕੈਟ’ ਅਨੁਸਾਰ ‘‘ਕਿਸਾਨ ਅੰਦੋਲਨ ਕਾਰਨ ਦਿੱਲੀ ’ਚ ਆਉਣ ਵਾਲੇ ਜਾਂ ਦਿੱਲੀ ਤੋਂ ਬਾਹਰ ਜਾਣ ਵਾਲੇ ਮਾਲ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਸਰਕਾਰ ਨੂੰ ਜ਼ਰੂਰੀ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਅੰਦੋਲਨਕਾਰੀ ਕਿਸਾਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ।’’

ਕਿਸਾਨਾਂ ਦੇ ਅੰਦੋਲਨ ਕਾਰਨ ਜਿੱਥੇ ਈਂਧਣ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਕਮੀ ਹੋ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਦਿੱਲੀ ਦੇ ਲੋਕਾਂ ਦਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਯਾਤਰਾ ਕਰਨ ਵਾਲਿਆਂ ਅਤੇ ਵਿਆਹ-ਸ਼ਾਦੀ ਵਾਲੇ ਲੋਕਾਂ ਨੂੰ ਆਵਾਜਾਈ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਸੰਤ ਪੰਚਮੀ ਦੇ ਨੇੜੇ-ਤੇੜੇ ਦਾ ਸਮਾਂ ਵਿਆਹ-ਸ਼ਾਦੀਆਂ ਲਈ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਨ੍ਹੀਂ ਦਿਨੀਂ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਇਸ ਹਫਤੇ ’ਚ ਲਗਭਗ 2000 ਵਿਆਹ ਤੈਅ ਹਨ ਜਿਨ੍ਹਾਂ ’ਤੇ ਬੇਯਕੀਨੀ ਦੇ ਬੱਦਲ ਮੰਡਰਾਉਣ ਲੱਗੇ ਹਨ।

ਪੰਜਾਬ ’ਚ ਹਵਾਬਾਜ਼ੀ ਕੰਪਨੀਆਂ ਨੇ ਦਿੱਲੀ ਲਈ ਕਿਰਾਇਆ ਕਈ ਗੁਣਾ ਤੱਕ ਵਧਾ ਦਿੱਤਾ ਹੈ। ਬੱਸਾਂ ਦੀ ਵੀ ਕਮੀ ਹੋ ਗਈ ਹੈ ਅਤੇ ਨਿੱਜੀ ਟ੍ਰਾਂਸਪੋਰਟ ਅਤੇ ਟੈਕਸੀ ਵਾਲਿਆਂ ਨੇ ਵੀ ਦਿੱਲੀ ਤੋਂ ਪੰਜਾਬ ਲਈ ਕਿਰਾਏ ਵਧਾ ਦਿੱਤੇ ਹਨ।

ਹੋਟਲ ਵਾਲਿਆਂ ਨੇ ਕਿਰਾਏ ਵਧਾ ਦਿੱਤੇ ਹਨ। ਚੰਡੀਗੜ੍ਹ ’ਚ 13 ਫਰਵਰੀ ਨੂੰ ਪੰਜਾਬ ਰੋਡਵੇਜ਼ ਦੀ ਇਕ ਵੀ ਬੱਸ ਦਿੱਲੀ ਨਹੀਂ ਗਈ। ਪੰਜਾਬ ਤੋਂ ਦਿੱਲੀ ਆਉਣ-ਜਾਣ ਵਾਲੀਆਂ ਸਾਰੀਆਂ ਰੇਲ-ਗੱਡੀਆਂ ਫੁੱਲ ਹੋ ਚੁੱਕੀਆਂ ਹਨ। ਸੀਟਾਂ ਨਾ ਮਿਲਣ ਤੋਂ ਯਾਤਰੀ ਪ੍ਰੇਸ਼ਾਨ ਹਨ।

ਇਸੇ ਦਰਮਿਆਨ ਕਿਸਾਨਾਂ ਨੇ 15 ਫਰਵਰੀ ਨੂੰ 12 ਤੋਂ ਸ਼ਾਮ 4 ਵਜੇ ਤੱਕ ਜੇਠੂਕੇ, ਸੁਨਾਮ, ਰਾਜਪੁਰਾ, ਮਾਨਸਾ, ਮੋਗਾ, ਮਲੋਟ ਅਤੇ ਫਤਹਿਗੜ੍ਹ ਚੂੜੀਆਂ ਰੇਲ ਟ੍ਰੈਕ ਜਾਮ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਹੋਰ ਵਧ ਜਾਵੇਗੀ।

ਅੰਦੋਲਨ ਲੰਬਾ ਖਿੱਚੇ ਜਾਣ ਦੇ ਨਾਲ-ਨਾਲ ਹਾਲਾਤ ਹੋਰ ਖਰਾਬ ਹੁੰਦੇ ਚਲੇ ਜਾਣਗੇ ਅਤੇ ਇਹ ਦੂਜੇ ਸੂਬਿਆਂ ’ਚ ਵੀ ਫੈਲਣ ਲੱਗੇਗਾ। ਇਹ ਇਸੇ ਤੋਂ ਸਪੱਸ਼ਟ ਹੈ ਕਿ 13 ਫਰਵਰੀ ਨੂੰ ਤਿਰੂਚਿਰਾਪੱਲੀ ’ਚ ਕਿਸਾਨ ਆਗੂ ਪੀ.ਅਯਾਕੰਨੂ ਦੀ ਅਗਵਾਈ ’ਚ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ’ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਸੜਕ ਜਾਮ ਕਰ ਕੇ ਵਿਖਾਵਾ ਕੀਤਾ।

ਇਸ ਦਰਮਿਆਨ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦਰਮਿਆਨ 15 ਫਰਵਰੀ ਨੂੰ ਤੀਜੇ ਦੌਰ ਦੀ ਬੈਠਕ ਹੋਣ ਦੀਆਂ ਵੀ ਖ਼ਬਰਾਂ ਹਨ। ਇਸ ਲਈ ਜਿੰਨੀ ਜਲਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ, ਓਨਾ ਹੀ ਚੰਗਾ ਹੋਵੇਗਾ ਅਤੇ ਅੰਦੋਲਨ ਦੇ ਸਿੱਟੇ ਵਜੋਂ ਹੋ ਰਹੇ ਬੇਲੋੜੇ ਖਰਚ ਅਤੇ ਨੁਕਸਾਨ ’ਤੇ ਰੋਕ ਵੀ ਲੱਗ ਸਕੇਗੀ।

- ਵਿਜੇ ਕੁਮਾਰ


author

Anmol Tagra

Content Editor

Related News