ਰੂਸ ਨੂੰ ਪਛਾੜ ਕੇ ਮੱਧ ਏਸ਼ੀਆ ਦੇ ਕੇਂਦਰ ’ਚ ਆ ਰਿਹਾ ਚੀਨ

Wednesday, Dec 28, 2022 - 12:34 PM (IST)

ਰੂਸ ਨੂੰ ਪਛਾੜ ਕੇ ਮੱਧ ਏਸ਼ੀਆ ਦੇ ਕੇਂਦਰ ’ਚ ਆ ਰਿਹਾ ਚੀਨ

ਇੰਟਰਨੈਸ਼ਨਲ ਡੈਸਕ- ਮੱਧ ਏਸ਼ੀਆ ਦਾ ਸ਼ਕਤੀ ਸੰਤੁਲਨ ਲਗਾਤਾਰ ਬਦਲਦਾ ਜਾ ਰਿਹਾ ਹੈ, ਜਿਥੇ ਚੀਨ ਹਾਵੀ ਹੋ ਰਿਹਾ ਹੈ ਅਤੇ ਪਹਿਲਾਂ ਤੋਂ ਖਤਮ ਹੋ ਰਹੇ ਰੂਸ ਦਾ ਦਬਦਬਾ ਖਤਮ ਹੋਣ ਦੇ ਕੰਢੇ ’ਤੇ ਹੈ। ਯੂਕ੍ਰੇਨ-ਰੂਸ ਜੰਗ ਦੇ ਸ਼ੁਰੂ ਹੋਣ ਪਿਛੋਂ ਬੀਜ਼ਿੰਗ ਆਪਣਾ ਪ੍ਰਭਾਵ ਯੂਰੇਸ਼ੀਆ ਵਲ ਵਧਾ ਰਿਹਾ ਹੈ ਪਰ ਰੂਸ ਦੇ ਪ੍ਰਭਾਵ ਦੇ ਘੱਟ ਹੋਣ ਦੇ ਕਾਰਨ ਜੋ ਮੌਕਾ ਚੀਨ ਨੂੰ ਕੇਂਦਰੀ ਏਸ਼ੀਆ ’ਚ ਮਿਲਿਆ ਹੈ, ਉਸ ਦਾ ਲਾਭ ਚੀਨ ਉਠਾ ਸਕਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਸ ਸਮੇਂ ਕੇਂਦਰੀ ਏਸ਼ੀਆ ’ਚ ਗੈਰ-ਯਕੀਨੀ ਵਾਲੇ ਹਾਲਾਤ ਬਣਦੇ ਜਾ ਰਹੇ ਹਨ।

2022 ਦੀ ਯੂਰਪੀਅਨ ਮੁੜ ਨਿਰਮਾਣ ਅਤੇ ਵਿਕਾਸ ਬੈਂਕ ਦੀ ਰਿਪੋਰਟ ਮੁਤਾਬਕ ਕੋਵਿਡ-19 ਦਾ ਨਾਂਹੱਪਖੀ ਅਸਰ 5 ਕੇਂਦਰੀ ਏਸ਼ੀਆਈ ਦੇਸ਼ਾਂ ਦੀ ਅਰਥਵਿਵਸਥਾ ਅਤੇ ਸਮਾਜਿਕ ਵਿਵਸਥਾ ’ਤੇ ਪਿਆ ਹੈ। ਇਹ 5 ਦੇਸ਼ ਕਿਰਗਿਸਤਾਨ, ਕਜ਼ਾਖਿਸਤਾਨ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਅਜੇ ਵੀ ਇਨ੍ਹਾਂ ਦੀ ਪਕੜ ਤੋਂ ਬਾਹਰ ਨਹੀਂ ਨਿਕਲ ਸਕੇ। ਇਹ ਪੰਜ ਅਰਥਵਿਵਸਥਾਵਾਂ ਮਜ਼ਬੂਤੀ ਦਿਖਾ ਰਹੀਅਾਂ ਹਨ ਅਤੇ ਯੂਰਪੀਨ ਮੁੜ ਉਸਾਰੀ ਅਤੇ ਵਿਕਾਸ ਬੈਂਕ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਖਤਮ ਹੋਣ ਤੱਕ ਪੂਰੇ ਖੇਤਰ ਦੀ ਅਰਥਵਿਵਸਥਾ 4.3 ਦੀ ਰਫਤਾਰ ਨਾਲ ਅੱਗੇ ਵਧੇਗੀ ਅਤੇ ਚੜ੍ਹਦੇ ਸਾਲ 2023 ’ਚ 4.8 ਫੀਸਦੀ ਰਫਤਾਰ ਨਾਲ ਵਧ ਜਾਏਗੀ।

ਰੂਸ ਦੇ ਫੌਜੀ ਪੱਖੋਂ ਕਮਜ਼ੋਰ ਹੋਣ ਕਾਰਨ ਚੀਨ ਨੇ ਕੇਂਦਰੀ ਏਸ਼ੀਆ ’ਚ ਆਪਣੇ ਲਈ ਚੰਗਾ ਮੌਕਾ ਦੇਖਿਆ ਪਰ ਇਸ ਖੇਤਰ ’ਚ ਫੈਲੀ ਗੈਰ-ਯਕੀਨੀ ਚੀਨ ਲਈ ਪ੍ਰੇਸ਼ਾਨੀਅਾਂ ਦਾ ਕਾਰਨ ਬਣ ਸਕਦੀ ਹੈ। ਇਸ ਸਾਲ ਜਨਵਰੀ ਦੇ ਮਹੀਨੇ ’ਚ ਕਜ਼ਾਖਿਸਤਾਨ ’ਚ ਸਰਕਾਰ ਵਿਰੁੱਧ ਵਿਰੋਧ ਵਿਖਾਵੇ ਹੋਏ ਸਨ ਪਰ ਜਦੋਂ ਤਕ ਚੀਨ ਆਪਣੀ ਫੌਜ ਭੇਜਣ ਬਾਰੇ ਸੋਚਦਾ, ਰੂਸ ਦੇ ਫੌਜੀਅਾਂ ਨੇ ਕਜ਼ਾਖਿਸਤਾਨ ਪਹੁੰਚ ਕੇ ਹਾਲਾਤ ਨੂੰ ਆਪਣੇ ਕਬਜ਼ੇ ’ਚ ਕਰ ਲਿਆ। ਕੌਮਾਂਤਰੀ ਪੱਧਰ ’ਤੇ ਇਸ ਨੂੰ ਚੀਨ ਦੀ ਹਾਰ ਵਜੋਂ ਦੇਖਿਆ ਜਾ ਰਿਹਾ ਹੈ।

ਓਧਰ ਅਫਗਾਨਿਸਤਾਨ ’ਚ 2021 ’ਚ ਤਾਲਿਬਾਨ ਮੁੜ ਸੱਤਾ ’ਚ ਆਇਆ ਅਤੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਉਥੇ ਮਨੁੱਖੀ ਅਧਿਕਾਰਾਂ ਦੀ ਭਿਆਨਕ ਉਲੰਘਣਾ ਹੋਣ ਲੱਗੀ, ਉਥੇ ਇਸਲਾਮਿਕ ਅੱਤਵਾਦੀਆਂ ਵਲੋਂ ਇਕ ਬੇਸ ਬਣਾ ਕੇ ਕੇਂਦਰੀ ਏਸ਼ੀਆ ਨੂੰ ਅਸਥਿਰ ਬਣਾਉਣ ਦੇ ਯਤਨਾਂ ਨਾਲ ਸਥਾਨਕ ਆਬਾਦੀ ਦੇ ਜਿਊਣ-ਮਰਨ ਦਾ ਸਵਾਲ ਖੜ੍ਹਾ ਹੋ ਗਿਆ। ਇਸ ’ਚ ਵਿਸ਼ੇਸ਼ ਤੌਰ ’ਤੇ ਇਸਲਾਮਿਕ ਸਟੇਟ ਆਫ ਖੋਰਾਸਾਨ ਦੀਆਂ ਸਰਗਰਮੀਆਂ ਤੇਜ਼ ਰਹੀਆਂ ਜਿਸ ਨੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ।

ਉਥੇ ਦੂਜੇ ਪਾਸੇ ਚੀਨ ਦੀ ਇਕ ਅਤਿਅੰਤ ਅਹਿਮ ਯੋਜਨਾ ਬੈਲਟ ਐਂਡ ਰੋਡ ਲਈ ਵੀ ਕੇਂਦਰੀ ਏਸ਼ੀਆ ’ਚ ਡਾਵਾਂਡੋਲ ਵਾਲੀ ਹਾਲਤ ਉਸ ਲਈ ਠੀਕ ਨਹੀਂ ਹੈ। ਸ਼ਾਇਦ ਇਸ ਲਈ ਵੀ ਜਿੰਗਪਿੰਗ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਕਜ਼ਾਖਿਸਤਾਨ ਤੋਂ ਸ਼ੁਰੂ ਕੀਤੀ ਸੀ ਅਤੇ ਵਾਪਸੀ ’ਚ ਉਹ ਉਜਬੇਕਿਸਤਾਨ ਦੇ ਸਮਰਕੰਦ ਵਿਖੇ ਵੀ ਗਏ ਸਨ। ਇਹ ਸ਼ਾਂਗਹਾਈ ਸਹਿਯੋਗ ਸੰਗਠਨ ਨੂੰ ਮਜ਼ਬੂਤ ਕਰਨ ਦੀ ਤਿਆਰੀ ਸੀ।

ਚੀਨ ਦੀ 20ਵੀਂ ਰਾਸ਼ਟਰੀ ਕਾਂਗਰਸ ਦੇ ਮੁੱਢਲੇ ਭਾਸ਼ਣ ’ਚ ਜਿਨਪਿੰਗ ਨੇ ਕੇਂਦਰੀ ਏਸ਼ੀਆ ਦੀ ਸ਼ਾਂਤੀ ਅਤੇ ਸਥਿਰਤਾ ’ਚ ਸ਼ਾਂਗਹਾਈ ਸਹਿਯੋਗ ਸੰਗਠਨ ਦੀ ਭੂਮਿਕਾ ਦੀ ਹਮਾਇਤ ਕੀਤੀ ਸੀ। ਕੇਂਦਰੀ ਏਸ਼ੀਆ ’ਚ ਆਪਣੀ ਪਕੜ ਬਣਾਉਣ ਲਈ ਚੀਨ ਨੇ ਹੁਣੇ ਜਿਹੇ ਹੀ ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਨੂੰ ਜੋੜਣ ਲਈ ਇਕ ਰੇਲਵੇ ਨੈੱਟਵਰਕ ’ਤੇ ਮੁੜ ਤੋਂ ਕੰਮ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਇਕ ਦੂਜੀ ਰੇਲਵੇ ਲਾਈਨ ਵੀ ਉਹ ਬਣਾ ਰਿਹਾ ਹੈ ਜੋ ਕਿਰਗਿਸਤਾਨ ਤੋਂ ਤਾਜ਼ਿਕਸਤਾਨ ਤਕ ਜਾਏਗੀ। ਇਸ ਨੂੰ ਅੱਗੇ ਵਧਾਉਂਦੇ ਹੋਏ ਈਰਾਨ ਅਤੇ ਚੀਨ ਤੱਕ ਪਹੁੰਚਾਉਣ ਦਾ ਇਰਾਦਾ ਹੈ। ਇੰਝ ਹੋ ਜਾਣ ਨਾਲ ਚਾਰੇ ਪਾਸਿਓਂ ਧਰਤੀ ਨਾਲ ਘਿਰੇ ਉਕਤ ਦੇਸ਼ਾਂ ਨੂੰ ਸਮੁੰਦਰ ਤਕ ਜਾਣ ਦਾ ਰਾਹ ਮਿਲ ਜਾਏਗਾ।

ਨਾਲ ਹੀ ਆਪਣੀ ਬੀ.ਆਰ.ਆਈ. ਯੋਜਨਾ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਨਿੱਜੀ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਉਹ ਤਾਇਨਾਤ ਕਰ ਰਿਹਾ ਹੈ। ਇਹ ਸੁਰੱਖਿਆ ਮੁਲਾਜ਼ਮ ਬੀਤੇ ਸਮੇਂ ’ਚ ਪੀ. ਐੱਲ. ਏ. ਦੇ ਅਧਿਕਾਰੀ ਅਤੇ ਫੌਜੀ ਰਹਿ ਚੁੱਕੇ ਹਨ। ਜਾਣਕਾਰ ਕਹਿੰਦੇ ਹਨ ਕਿ ਇਨ੍ਹਾਂ ਦੀ ਮਦਦ ਨਾਲ ਚੀਨ ਉਕਤ ਦੇਸ਼ਾਂ ’ਚ ਹੌਲੀ-ਹੌਲੀ ਘੁਸਪੈਠ ਵਧਾ ਰਿਹਾ ਹੈ ਅਤੇ ਸਮਾਂ ਆਉਣ ’ਤੇ ਇਨ੍ਹਾਂ ਦੇ ਸਿਆਸੀ ਗਲਿਆਰਿਆਂ ਤੱਕ ਆਪਣੀ ਪਹੁੰਚ ਸੌਖੀ ਬਣਾ ਲਏਗਾ।


author

Tanu

Content Editor

Related News