ਭਾਰਤ ਨੂੰ ਚਾਰੇ ਪਾਸਿਓਂ ਘੇਰਨ ਲਈ ਚੀਨ ਦੀ ਖਤਰਨਾਕ ‘ਜਾਸੂਸੀ ਚਾਲ’ ਦਾ ਹੋਇਆ ਖੁਲਾਸਾ

09/16/2020 2:44:13 AM

ਹਰ ਬੀਤਣ ਵਾਲੇ ਦਿਨ ਦੇ ਨਾਲ ਦੁਨੀਆ ’ਚ ਚੀਨ ਦੀ ਬਦਨੀਤੀ ਉਜਾਗਰ ਹੋ ਰਹੀ ਹੈ ਜਿਸ ’ਚ ਆਪਣੇ ਦੇਸ਼ ਤੋਂ ਕੋਰੋਨਾ ਦੇ ਪਸਾਰ ਦੀ ਸ਼ੁਰੂਆਤ ’ਤੇ ਪਰਦਾ ਪਾਉਣ ਤੋਂ ਲੈ ਕੇ ਦੂਜੇ ਦੇਸ਼ਾਂ ਨਾਲ ਜ਼ਮੀਨੀ ਵਿਵਾਦ, ਝਗੜੇ ਅਤੇ ਉਨ੍ਹਾਂ ਦੀ ਜਾਸੂਸੀ ਤੱਕ ਕਰਨਾ ਸ਼ਾਮਲ ਹੈ। ਇਸੇ ਸਾਲ ਜਨਵਰੀ ’ਚ ਜਦੋਂ ਚੀਨ ਦੇ ਸ਼ਹਿਰ ਵੁਹਾਨ ’ਚ ਇਕ ਵਾਇਰਸ ਇਨਫੈਕਸ਼ਨ ਦੀ ਖਬਰ ਨੂੰ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਵੁਹਾਨ ’ਚ ‘ਲੀ-ਵੇਨ-ਲਿਯਾਂਗ’ ਨਾਮੀ ਇਕ ਡਾਕਟਰ ਨੇ ਇਸ ਨਵੇਂ ਭਿਆਨਕ ਵਾਇਰਸ ਸੰਬੰਧੀ ਚਿਤਾਵਨੀ ਦੇ ਦਿੱਤੀ ਸੀ ਪਰ ਇੰਝ ਕਰਨ ’ਤੇ ਪੁਲਸ ਨੇ ਉਨ੍ਹਾਂ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ।

‘ਲੀ-ਵੇਨ-ਲਿਯਾਂਗ’ ਦੀ ਚਿਤਾਵਨੀ ਨੂੰ ਵੁਹਾਨ ਪ੍ਰਸ਼ਾਸਨ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਨਫੈਕਸ਼ਨ ਦੇ ਪਸਾਰ ਨੂੰ ਲੁਕਾਉਣ ਦੀ ਕੋਸ਼ਿਸ਼ ’ਚ ਜੁਟਿਆ ਰਿਹਾ। ਬਾਅਦ ’ਚ ‘ਲੀ-ਵੇਨ-ਲਿਯਾਂਗ’ ਦੀ ਭੇਤਭਰੇ ਢੰਗ ਨਾਲ ਮੌਤ ਹੋ ਗਈ। ਅਤੇ ਹੁਣ 12 ਸਤੰਬਰ ਨੂੰ ਚੀਨੀ ਪ੍ਰਸ਼ਾਸਨ ਦੇ ਡਰ ਕਾਰਨ ਅਮਰੀਕਾ ਭੱਜੀ ਚੀਨੀ ਡਾਕਟਰ ‘ਲੀ-ਮੇਂਗ-ਯਾਨ’ ਨੇ ਦਾਅਵਾ ਕੀਤਾ ਹੈ ਕਿ, ‘‘ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਕੋਰੋਨਾ ਵਾਇਰਸ ਮਨੁੱਖ ਨਿਰਮਿਤ ਸੀ ਅਤੇ ਚੀਨ ਦੀ ਵੁਹਾਨ ਲੈਬ ’ਚ ਹੀ ਬਣਿਆ ਸੀ। ਮੈਂ ਜਲਦੀ ਹੀ ਇਸ ਦੇ ਵਿਗਿਆਨਿਕ ਸਬੂਤ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੀ ਅਤੇ ਦੱਸਾਂਗੀ ਕਿ ਚੀਨ ਨੇ ਇਸ ਨੂੰ ਕਿਉਂ ਬਣਾਇਆ?’’

ਆਪਣੀ ਜਾਨ ’ਤੇ ਖਤਰਾ ਮਹਿਸੂਸ ਕਰਨ ਪਿੱਛੋਂ ਅਮਰੀਕਾ ’ਚ ਕਿਸੇ ਗੁਪਤ ਥਾਂ ’ਤੇ ਰਹਿ ਰਹੀ ਡਾਕਟਰ ‘ਲੀ-ਮੇਂਗ-ਯਾਨ’ ਦਾ ਕਹਿਣਾ ਹੈ ਕਿ ਚੀਨ ਸਰਕਾਰ ਉਨ੍ਹਾਂ ਨੂੰ ਝੂਠੀ ਸਾਬਿਤ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ।

ਇਸ ਦੌਰਾਨ ਚੀਨ ਦੇ ਜਾਸੂਸੀ ਨੈੱਟਵਰਕ ਦਾ ਭਾਂਡਾ ਭੱਜਾ ਹੈ ਜਿਸ ਮੁਤਾਬਕ ਉਹ ਭਾਰਤ, ਬਰਤਾਨੀਆ, ਆਸਟ੍ਰੇਲੀਆ, ਜਾਪਾਨ ਆਦਿ ਦੇ ਚੋਟੀ ਦੇ ਆਗੂਅਾਂ ਸਮੇਤ ਸਮੁੱਚੀ ਦੁਨੀਆ ’ਚ 24 ਲੱਖ ਲੋਕਾਂ ਦੀ ਜਾਸੂਸੀ ਕਰ ਰਿਹਾ ਹੈ। ਇਸ ਕੰਮ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਲਈ ਉਸ ਦੀ ਫੌਜ ਅਤੇ ਖੁਫੀਆ ਏਜੰਸੀ ਨਾਲ ਜੁੜੀ ਕੰਪਨੀ ‘ਝੇਨਹੂਆ ਡਾਟਾ ਇਨਫਾਰਮੇਸ਼ਨ ਟੈਕਨਾਲੌਜੀ ਕੰਪਨੀ ਲਿਮਟਿਡ’ ਅੰਜਾਮ ਦੇ ਰਹੀ ਹੈ।

ਐੱਲ. ਏ. ਸੀ. (ਲਾਈਨ ਆਫ ਐਕਚੁਅਲ ਕੰਟਰੋਲ) ’ਤੇ ਹੀ ਨਹੀਂ, ਡਿਜੀਟਲ ਪਲੇਟਫਾਰਮ ’ਤੇ ਵੀ ਆਪਣੀ ਭਾਰਤ ਵਿਰੁੱਧ ਸਾਜ਼ਿਸ਼ ਅਧੀਨ ਉਹ ਭਾਰਤ ’ਚ ਉੱਚ ਸੰਵਿਧਾਨਕ ਅਹੁਦਿਅਾਂ ’ਤੇ ਬੈਠੇ ਸਿਆਸਤਦਾਨਾਂ ਅਤੇ ਜੰਗੀ ਅਹੁਦਿਅਾਂ ’ਤੇ ਬੈਠੇ ਅਧਿਕਾਰੀਅਾਂ ਸਮੇਤ 10000 ਭਾਰਤੀਅਾਂ ਦੀ ਜਾਸੂਸੀ ਕਰ ਕੇ ਉਨ੍ਹਾਂ ਦੀ ਜਨਮ ਮਿਤੀ, ਪਤੇ, ਵਿਆਹੁਤਾ ਸਥਿਤੀ, ਸਿਆਸੀ ਸੰਬੰਧ, ਰਿਸ਼ਤੇਦਾਰ ਅਤੇ ਗੁਪਤ ਬੈਂਕ ਰਿਕਾਰਡ ਆਦਿ ਤੱਕ ਦਾ ਪਤਾ ਲਾ ਰਿਹਾ ਹੈ।

ਇਨ੍ਹਾਂ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜ ਸਾਬਕਾ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੂਚਨਾ ਅਤੇ ਟੈਕਨਾਲੌਜੀ ਮੰਤਰੀ ਰਵੀਸ਼ੰਕਰ ਪ੍ਰਸਾਦ, ਰੇਲ ਮੰਤਰੀ ਪਿਊਸ਼ ਗੋਇਲ, ਸਮ੍ਰਿਤੀ ਈਰਾਨੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਹਨ।

20 ਤੋਂ ਵੱਧ ਸੂਬਿਅਾਂ ਦੇ ਮੁੱਖ ਮੰਤਰੀਅਾਂ, 350 ਤੋਂ ਵੱਧ ਸੰਸਦ ਮੈਂਬਰਾਂ, ਭਾਰਤ ਦੇ ਚੀਫ ਜਸਟਿਸ ਸਮੇਤ ਜੱਜਾਂ, ਲੋਕਪਾਲ ਅਤੇ ਕੈਗ, ਨੌਕਰਸ਼ਾਹਾਂ, ਸਿੱਖਿਆ ਮਾਹਿਰਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਖੇਡਾਂ ਨਾਲ ਜੁੜੀਅਾਂ ਹਸਤੀਅਾਂ, ਧਾਰਮਿਕ ਆਗੂਅਾਂ ਸਮੇਤ ਅਤਿਅੰਤ ਅਹਿਮ ਲੋਕਾਂ ਅਤੇ ਸੰਗਠਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਚੀਨੀ ਕੰਪਨੀ ਦੇ ਨਿਸ਼ਾਨੇ ’ਤੇ ਸੀ. ਡੀ. ਐੱਸ. (ਚੀਫ ਆਫ ਡਿਫੈਂਸ ਸਟਾਫ) ਬਿਪਿਨ ਰਾਵਤ ਦੇ ਨਾਲ-ਨਾਲ 60 ਤੋਂ ਵੱਧ ਸੀਨੀਅਰ ਅਤੇ ਸੇਵਾਮੁਕਤ ਫੌਜੀ ਅਧਿਕਾਰੀ, ਇਸਰੋ, ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ, ਪ੍ਰਮਾਣੂ ਊਰਜਾ ਕਮਿਸ਼ਨ ਅਤੇ ਨਿਊਕਲੀਅਰ ਊਰਜਾ ਨਿਗਮ ਵਰਗੇ ਅਦਾਰਿਅਾਂ ਦੇ ਵਿਗਿਆਨੀ, 70 ਸ਼ਹਿਰਾਂ ਦੇ ਮੇਅਰ ਅਤੇ ਫਿਲਮ ਸੰਸਾਰ ਨਾਲ ਜੁੜੀਅਾਂ ਹਸਤੀਅਾਂ ਹੇਮਾ ਮਾਲਿਨੀ, ਅਨੁਪਮ ਖੇਰ, ਮੁਨਮੁਨ ਸੇਨ, ਪਰੇਸ਼ ਰਾਵਲ ਆਦਿ ਵੀ ਸ਼ਾਮਲ ਹਨ।

ਉਦਯੋਗਪਤੀ ਰਤਨ ਟਾਟਾ, ‘ਅਜੀਮ ਪ੍ਰੇਮਜੀ ਇਨਵੈਸਟ’ ਦੇ ਸੀ. ਈ. ਓ., ਰਿਲਾਇੰਸ ਰਿਟੇਲ, ਮੋਰਗਨ ਸਟੇਨਲੀ, ਫਿਲਿਪ ਕਾਰਟ, ਜ਼ੋਮੈਟੋ, ਉਬੇਰ ਇੰਡੀਆ ਆਦਿ ਵੱਡੀਅਾਂ ਕੰਪਨੀਅਾਂ ਦੇ ਅਧਿਕਾਰੀਅਾਂ ਦੇ ਨਾਂ ਵੀ ਇਸ ਜਾਸੂਸੀ ਸੂਚੀ ’ਚ ਸ਼ਾਮਿਲ ਦੱਸੇ ਜਾਂਦੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਕਿਸ ਤਰ੍ਹਾਂ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਮੋਰਚੇ ’ਤੇ ਵੀ ਭਾਰਤ ਨੂੰ ਘੇਰਨ ਲਈ ਘਾਤ ਲਾਈ ਬੈਠੀ ਹੈ।

ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ’ਤੇ ਚੜ੍ਹਤ ਹਾਸਲ ਕਰਨ ਲਈ ਚੀਨ ਗੈਰ-ਫੌਜੀ ਉਪਾਵਾਂ ਦੀ ਵਰਤੋਂ ਕਰ ਸਕਦਾ ਹੈ। ਇਸ ਨੂੰ ਚੀਨ ਨੇ ‘ਹਾਈਬ੍ਰਿਡ ਵਾਰਫੇਅਰ’ ਦਾ ਨਾਂ ਦਿੱਤਾ ਹੈ। ਇਸ ਰਾਹੀਂ ਉਹ ਆਪਣੇ ਵਿਰੋਧੀਅਾਂ ’ਤੇ ਚੜ੍ਹਤ ਬਣਾਉਣ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਚਾਲ ਨੂੰ ਅੰਜਾਮ ਦੇ ਸਕਦਾ ਹੈ।

ਇਸ ਸਮੇਂ ਜਦੋਂ ਕਿ ਸਰਹੱਦ ’ਤੇ ਭਾਰਤ ਅਤੇ ਚੀਨ ਦਰਮਿਆਨ ਭਾਰੀ ਖਿਚਾਅ ਪਾਇਆ ਜਾ ਰਿਹਾ ਹੈ, ਚੀਨ ਵਲੋਂ ਭਾਰਤੀ ਆਗੂਅਾਂ ਅਤੇ ਹੋਰਨਾਂ ਵਿਅਕਤੀਅਾਂ ਦੀ ‘ਡਿਜੀਟਲ ਜਾਸੂਸੀ’ ਬੇਹੱਦ ਚਿੰਤਾਜਨਕ ਹੈ, ਜਿਸ ਨੇ ਇਕ ਵਾਰ ਫਿਰ ਚੀਨ ਦੇ ਲੁਕੇ ਹੋਏ ਇਰਾਦਿਅਾਂ ਨੂੰ ਉਜਾਗਰ ਕਰ ਦਿੱਤਾ ਹੈ।

ਇਸ ਲਈ ਸਾਨੂੰ ਚੀਨ ਦੇ ਇਸ ਹਾਈਬ੍ਰਿਡ ਵਾਰਫੇਅਰ ਦਾ ਮੁਕਾਬਲਾ ਕਰਨ ਲਈ ਚੀਨ ਲਈ ਜਾਸੂਸੀ ਕਰਨ ਵਾਲੀ ਕੰਪਨੀ ਦੇ ਸੂਚਨਾ ਸੋਮਿਅਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਖਤਮ ਕਰਨ ਅਤੇ ਉਸ ਦੇ ਨਾਲ ਹੀ ਆਪਣੀ ਟੈਕਨਾਲੌਜੀ ਨੂੰ ਸੁਧਾਰਨ ਅਤੇ ਉੱਨਤ ਕਰਨ ’ਤੇ ਵਧੇਰੇ ਜ਼ੋਰ ਦੇਣਾ ਹੋਵੇਗਾ ਜਿਸ ’ਤੇ ਚੀਨ ਪਿਛਲੇ 30 ਸਾਲ ਤੋਂ ਕੰਮ ਕਰ ਰਿਹਾ ਹੈ।

-ਵਿਜੇ ਕੁਮਾਰ


Bharat Thapa

Content Editor

Related News