ਨਾ ਚੰਦਾ ਰੂਸ ਦਾ, ਨਾ ਜਾਪਾਨ ਦਾ, ਨਾ ਅਮਰੀਕਾ ਦਾ, ਇਹ ਹੈ ਹਿੰਦੋਸਤਾਨ ਦਾ
Thursday, Aug 24, 2023 - 04:10 AM (IST)
23 ਅਗਸਤ, 2023 ਨੂੰ ਸ਼ਾਮ 6.04 ਵਜੇ ਦਾ ਸਮਾਂ ਭਾਰਤ ਦੇ ਇਤਿਹਾਸ ’ਚ ਸੁਨਹਿਰੇ ਅੱਖਰਾਂ ’ਚ ਅੰਕਿਤ ਹੋ ਗਿਆ, ਜਦੋਂ ‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ) ਦੇ ‘ਚੰਦਰਯਾਨ-3 ਮਿਸ਼ਨ’ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ’ਤੇ ਔਖੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕਰਨ ’ਚ ਸਫਲ ਹੋ ਗਿਆ ਜਿਸ ਲਈ ਸਾਰਾ ਦੇਸ਼ ਪ੍ਰਾਰਥਨਾਵਾਂ ਅਤੇ ਧਾਰਮਿਕ ਪੂਜਾ-ਪਾਠ ਕਰ ਰਿਹਾ ਸੀ।
ਕੁਝ ਦਿਨ ਪਹਿਲਾਂ ਰੂਸ ਨੇ ਚੰਦ ਦੇ ਦੱਖਣੀ ਧਰੁਵ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਾ ਪੁਲਾੜ ਭਾਵ ‘ਲੂਨਾ-25’ ਚੰਨ ਦੀ ਸਤ੍ਹਾ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਜਾਣ ਕਾਰਨ ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਮਹੱਤਵ ਹੋਰ ਵੀ ਵਧ ਗਿਆ ਸੀ ਅਤੇ ਸਾਰੇ ਵਿਸ਼ਵ ਦੀ ਨਜ਼ਰ ਭਾਰਤ ਦੇ ਮਿਸ਼ਨ ’ਤੇ ਸੀ।
‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ) ਦੀ ਸਥਾਪਨਾ ਰਸਮੀ ਤੌਰ ’ਤੇ 1969 ’ਚ ਹੋਈ ਸੀ, ਜਦਕਿ ਇਸ ਤੋਂ ਪਹਿਲਾਂ 1962 ਤੋਂ ਇਹ ਗੈਰ-ਰਸਮੀ ਢੰਗ ਨਾਲ ‘ਭਾਰਤੀ ਰਾਸ਼ਟਰੀ ਪੁਲਾੜ ਖੋਜ ਕਮੇਟੀ’ ਦੇ ਨਾਂ ਨਾਲ ਕੰਮ ਕਰ ਰਿਹਾ ਸੀ।
‘ਇਸਰੋ’ ਦਾ ਪਹਿਲਾ ਉਪਗ੍ਰਹਿ ‘ਆਰਿਆਭੱਟ’ 19 ਅਪ੍ਰੈਲ, 1975 ਨੂੰ ਸੋਵੀਅਤ ਸੰਘ ਵੱਲੋਂ ਪੁਲਾੜ ’ਚ ਭੇਜਿਆ ਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ ‘ਇਸਰੋ’ ਵਿਸ਼ਵ ਦੇ ਲਗਭਗ 2 ਦਰਜਨ ਦੇਸ਼ਾਂ ਦੇ 5 ਦਰਜਨ ਤੋਂ ਵੱਧ ਉਪਗ੍ਰਹਿਆਂ ਨੂੰ ਪੁਲਾੜ ’ਚ ਭੇਜ ਚੁੱਕਾ ਹੈ।
‘ਇਸਰੋ’ ਨੇ ਆਪਣੀ ਚੰਦਰ ਖੋਜ ਮੁਹਿੰਮ ਦੀ ਸ਼ੁਰੂਆਤ ਚੰਦਰਯਾਨ-1 ਤੋਂ ਕੀਤੀ ਸੀ। ਇਹ 22 ਅਕਤੂਬਰ, 2008 ਨੂੰ ਸ਼੍ਰੀ ਹਰੀਕੋਟਾ ਤੋਂ ਭੇਜਿਆ ਗਿਆ ਸੀ ਅਤੇ 30 ਅਗਸਤ, 2009 ਨੂੰ ‘ਇਸਰੋ’ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ।
ਇਸ ਵਿਚਾਲੇ 18 ਸਤੰਬਰ, 2008 ਨੂੰ ਤਤਕਾਲੀ ਮਨਮੋਹਨ ਸਿੰਘ ਸਰਕਾਰ ਨੇ ਚੰਦਰਯਾਨ-2 ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਜਿਸ ਨੂੰ 20 ਅਗਸਤ, 2019 ਨੂੰ ਭਾਜਪਾ ਸਰਕਾਰ ਦੌਰਾਨ ਪੁਲਾੜ ’ਚ ਭੇਜਿਆ ਗਿਆ ਪਰ ਇਹ ਮਿਸ਼ਨ ਅੰਤਿਮ ਸਮੇਂ ’ਚ ਅਸਫਲ ਹੋ ਗਿਆ।
ਇਸ ਪਿੱਛੋਂ 14 ਜੁਲਾਈ, 2023 ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 2.35 ਵਜੇ ਚੰਦਰਯਾਨ-3 ਭੇਜਿਆ ਗਿਆ, ਜਿਸ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ 23 ਅਗਸਤ, 2023 ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 6.04 ਵਜੇ ਸਫਲ ਲੈਂਡਿੰਗ ਕਰ ਕੇ ਇਤਿਹਾਸ ਰਚ ਦਿੱਤਾ ਹੈ।
ਇਸ ਤਰ੍ਹਾਂ ਰੂਸ, ਅਮਰੀਕਾ ਅਤੇ ਚੀਨ ਪਿੱਛੋਂ ਚੰਦ ਦੀ ਸਤ੍ਹਾ ’ਤੇ ਉਤਰਨ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਅਤੇ ਇਸ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ।
ਸਾਡੇ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿਉਂਕਿ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਾਰਿਆ ਗਿਆ ਜਿੱਥੇ ਅੱਜ ਤਕ ਕੋਈ ਦੇਸ਼ ਨਹੀਂ ਪਹੁੰਚ ਸਕਿਆ ਹਾਲਾਂਕਿ ਅਮਰੀਕਾ 5 ਦਹਾਕੇ ਪਹਿਲਾਂ 20 ਜੁਲਾਈ, 1969 ਨੂੰ ਅਪੋਲੋ ਮਿਸ਼ਨ ਰਾਹੀਂ ਚੰਦ ’ਤੇ ਪੁਲਾੜ ਯਾਤਰੀਆਂ ‘ਨੀਲ ਆਰਮਸਟ੍ਰਾਂਗ’ ਅਤੇ ‘ਐਡਵਿਨ ਬਜ ਐਲਡ੍ਰਿਨ’ ਨੂੰ ਉਤਾਰ ਚੁੱਕਾ ਹੈ।
ਇਸ ਵਿਚਾਲੇ 3 ਅਪ੍ਰੈਲ, 1984 ਨੂੰ 2 ਹੋਰ ਸੋਵੀਅਤ ਪੁਲਾੜ ਯਾਤਰੀਆਂ ਨਾਲ ਪੁਲਾੜ ਯਾਨ ‘ਸੋਯੂਜ਼ ਟੀ-11’ ’ਚ 8 ਦਿਨ ਪੁਲਾੜ ’ਚ ਰਹਿਣ ਵਾਲੇ ਰਾਕੇਸ਼ ਸ਼ਰਮਾ ਭਾਰਤ ਦੇ ਪਹਿਲੇ ਅਤੇ ਵਿਸ਼ਵ ਦੇ 138ਵੇਂ ਵਿਅਕਤੀ ਬਣੇ ਸਨ।
ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ‘ਭਾਰਤੀ ਚੰਦਰਯਾਨ-3’ ਜ਼ਿੰਦਾਬਾਦ ਹੋ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੀ ਇਸ ਸਫਲਤਾ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ :
‘‘ਇਸਰੋ ਅਤੇ ਭਾਰਤੀ ਵਿਗਿਆਨੀਆਂ ਨੂੰ ਵਧਾਈ। ਇਸ ਨਾਲ ਦੁਨੀਆ ਨੂੰ ਫਾਇਦਾ ਹੋਵੇਗਾ। ਇਹ ਪੂਰੀ ਮਨੁੱਖਤਾ ਦੀ ਕਾਮਯਾਬੀ ਹੈ। ਸਹੀ ਚੀਜ਼ ਦਾ ਹਮੇਸ਼ਾ ਸਵਾਗਤ ਹੋਣਾ ਚਾਹੀਦਾ ਹੈ। ਵਿਗਿਆਨ ਅਤੇ ਤਕਨੀਕ ਦਾ ਵਿਰੋਧ ਕਰਨ ਵਾਲਾ ਮੂਰਖ ਹੀ ਹੋਵੇਗਾ। ਜੋ ਨਫਰਤ ’ਚ ਅੰਨ੍ਹਾ ਹੈ ਉਹੀ ਇਸ ਨੂੰ ਗਲਤ ਕਹੇਗਾ ਅਤੇ ਇਸ ਦੀ ਬੁਰਾਈ ਕਰੇਗਾ। ਇਹ ਸਾਰੀ ਦੁਨੀਆ ਅਤੇ ਸਾਡੇ ਸਾਰਿਆਂ ਲਈ ਅਹਿਮ ਹੈ।’’
ਭਾਰਤ ਸਥਿਤ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਦ ਮੋਰਾਗੋਡਾ ਨੇ ਵੀ ਭਾਰਤੀ ‘ਚੰਦਰਯਾਨ-3 ਮਿਸ਼ਨ’ ਦੀ ਸਫਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ‘‘ਇਹ ਪੂਰੇ ਉਪ-ਮਹਾਦੀਪ ਲਈ ਮਾਣ ਦੀ ਗੱਲ ਹੈ ਅਤੇ ਸਾਡੇ ਲਈ ਵੀ ਮਾਣ ਦਾ ਪਲ ਹੈ।’’
ਯਕੀਨਨ ਹੀ ਇਸਰੋ ਦੇ 17,000 ਵਿਗਿਆਨੀਆਂ ਅਤੇ ਕਰਮਚਾਰੀਆਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਇਸ ਮਿਸ਼ਨ ਨੂੰ ਸਫਲ ਬਣਾ ਕੇ ਨਾ ਸਿਰਫ ਹਰ ਭਾਰਤਵਾਸੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ, ਸਗੋਂ ਭਾਰਤ ਨੂੰ ਪੁਲਾੜ ਖੋਜ ਦੇ ਮੋਹਰੀ ਦੇਸ਼ਾਂ ’ਚ ਲਿਆ ਖੜ੍ਹਾ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ’ਤੇ ਇਸਰੋ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਠੀਕ ਹੀ ਕਿਹਾ ਹੈ ਕਿ ‘‘ਪਿਛਲੀ ਹਾਰ ਤੋਂ ਸਬਕ ਲੈ ਕੇ ਜਿੱਤ ਕਿਵੇਂ ਹਾਸਲ ਕੀਤੀ ਜਾਂਦੀ ਹੈ। ਇਹ ਪਲ ਵਿਕਸਿਤ ਭਾਰਤ ਦੇ ਸੰਖਨਾਦ ਦਾ ਹੈ।’’
ਆਸ ਹੈ ਕਿ ਭਵਿੱਖ ’ਚ ਵੀ ‘ਇਸਰੋ’ ਦੇ ਵਿਗਿਆਨਕ ਅਤੇ ਕਰਮਚਾਰੀ ਆਪਣੀ ਅਗਲੀ ਸੂਰਜ ਮੁਹਿੰਮ ‘ਆਦਿਤਯ ਐੱਲ-1’ ’ਚ ਵੀ ਸਫਲਤਾ ਦਾ ਇਤਿਹਾਸ ਰਚਣਗੇ।
- ਵਿਜੇ ਕੁਮਾਰ