ਕੇਂਦਰ ਸਰਕਾਰ ਵੱਲੋਂ ਡਾਕਟਰਾਂ ਨੂੰ ‘ਜੈਨੇਰਿਕ’ ਦਵਾਈਆਂ ਲਿਖਣ ਦਾ ਹੁਕਮ
Wednesday, May 17, 2023 - 03:33 AM (IST)

ਭਾਰਤ ਹੁਣ ‘ਜੈਨੇਰਿਕ’ ਦਵਾਈਆਂ ਦਾ ਵਿਸ਼ਵ ’ਚ ਸਭ ਤੋਂ ਵੱਡਾ ਸਪਲਾਈਕਰਤਾ ਹੈ। ‘ਜੈਨੇਰਿਕ’ ਦਵਾਈਆਂ ਉਨ੍ਹਾਂ ਦਵਾਈਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਆਪਣਾ ਬ੍ਰਾਂਡਨੇਮ ਨਹੀਂ ਹੁੰਦਾ ਅਤੇ ਉਹ ਉਨ੍ਹਾਂ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਸਾਲਟ ਦੇ ਨਾਂ ਤੋਂ ਹੀ ਬਾਜ਼ਾਰ ’ਚ ਵੇਚੀਆਂ ਅਤੇ ਪਛਾਣੀਆਂ ਜਾਂਦੀਆਂ ਹਨ।
ਉਦਾਹਰਨ ਵਜੋਂ ਦਰਦ ਅਤੇ ਬੁਖਾਰ ਦੇ ਇਲਾਜ ’ਚ ਵਰਤੀ ਜਾਣ ਵਾਲੀ ‘ਪੈਰਾਸਿਟਾਮੋਲ’ ਸਾਲਟ ਨੂੰ ਕੋਈ ਕੰਪਨੀ ਇਸੇ ਨਾਂ ਤੋਂ ਵੇਚੇ ਤਾਂ ਉਸ ਨੂੰ ‘ਜੈਨੇਰਿਕ’ ਦਵਾਈ ਕਹਾਂਗੇ ਅਤੇ ਕਿਸੇ ਬ੍ਰਾਂਡ ਨਾਂ ਵਰਗੇ ‘ਕ੍ਰੋਸਿਨ’ ਦੇ ਨਾਂ ਤੋਂ ਵੇਚਣ ’ਤੇ ਇਹ ਬ੍ਰਾਂਡਿਡ ਦਵਾਈ ਕਹਾਉਂਦੀ ਹੈ ਅਤੇ ਉਸ ਨੂੰ ‘ਜੈਨੇਰਿਕ’ ਦਵਾਈ ਦੇ ਮੁਕਾਬਲੇ ਮਹਿੰਗੇ ਰੇਟ ’ਤੇ ਵੇਚਿਆ ਜਾਂਦਾ ਹੈ।
ਬ੍ਰਾਂਡ ਨਾਂ ਤੋਂ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੇ ਬਰਾਬਰ ਹੀ ਕਾਰਗਰ ਤੇ ਸੁਰੱਖਿਅਤ ਹੋਣ ਦੇ ਬਾਵਜੂਦ ਇਹ ਉਨ੍ਹਾਂ ਦੀ ਤੁਲਨਾ ’ਚ ਬੇਹੱਦ ਸਸਤੀਆਂ ਹੁੰਦੀਆਂ। ਸਰਕਾਰ ਵੀ ਇਨ੍ਹਾਂ ਨੂੰ ਪ੍ਰਮੋਟ ਕਰ ਰਹੀ ਹੈ ਅਤੇ ‘ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰਾਜੈਕਟ’ ਦੇ ਅਧੀਨ ਦੇਸ਼ ਭਰ ’ਚ ‘ਜੈਨੇਰਿਕ’ ਦਵਾਈਆਂ ਦੇ ਸਟੋਰ ਖੋਲੇ ਜਾ ਰਹੇ ਹਨ।
ਇਸੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਆਪਣੇ ਸਰਕਾਰੀ ਹਸਪਤਾਲਾਂ ਅਤੇ ‘ਕੇਂਦਰ ਸਰਕਾਰ ਸਿਹਤ ਯੋਜਨਾ’ ਦੇ ਅਧੀਨ ਆਉਣ ਵਾਲੇ ਆਰੋਗ ਕੇਂਦਰਾਂ ਦੇ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਰੋਗੀਆਂ ਲਈ ‘ਜੈਨੇਰਿਕ’ ਦਵਾਈਆਂ ਲਿਖਣ ਦੇ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਹੁਕਮ ’ਚ ਕਿਹਾ ਗਿਆ ਹੈ ਕਿ ਵਾਰ-ਵਾਰ ਸੂਚਨਾ ਦੇ ਬਾਅਦ ਵੀ ਕਈ ਡਾਕਟਰ ਅਤੇ ਰੈਜੀਡੈਂਟ ਡਾਕਟਰ ਰੋਗੀਅ ਦੀ ਪਰਚੀ ’ਤੇ ਬ੍ਰਾਂਡੇਡ ਦਵਾਈਆਂ ਹੀ ਲਿਖ ਰਹੇ ਹਨ। ਇਸ ਲਈ ਇਸ ਵਾਰ ਸਖਤੀ ਨਾਲ ਹੁਕਮ ਜਾਰੀ ਕੀਤਾ ਗਿਆ ਹੈ।
ਕੇਂਦਰ ਸਰਕਾਰ ਦੇ ਉਕਤ ਫੈਸਲੇ ਨਾਲ ਰੋਗੀਆਂ ਦੇ ਇਲਾਜ ਦੇ ਖਰਚੇ ’ਚ ਕਾਫੀ ਕਮੀ ਆ ਸਕਦੀ ਹੈ, ਇਸ ਲਈ ਇਸ ਨੂੰ ਸਾਰੀਆਂ ਮੈਡੀਕਲ ਸੰਸਥਾਵਾਂ ’ਚ ਤੁਰੰਤ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।
- ਵਿਜੇ ਕੁਮਾਰ