ਚੀਨ ਨਾਲ ਨਫਰਤ ਕਰ ਸਕਦੇ ਹਨ, ਨਜ਼ਰਅੰਦਾਜ਼ ਨਹੀਂ

4/6/2020 1:51:04 AM

ਮੇਨ ਆਰਟੀਕਲ 
ਜਿਵੇਂ-ਜਿਵੇਂ ਦੁਨੀਆ ਭਰ ਿਵਚ ‘ਕੋਰੋਨਾ’ ਦੇ ਵਿਰੁੱਧ ਲੜਾਈ ਤੇਜ਼ ਹੋ ਰਹੀ ਹੈ, ਇਸ ਦੇ ਨਾਲ ਚੀਨ ਦੇ ਵਿਰੁੱਧ ਰੋਸ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ’ਚ ਤਾਂ ਵਧੇਰੇ ਅਖਬਾਰ ਇਹ ਵਿਚਾਰ ਵੀ ਪ੍ਰਕਾਸ਼ਿਤ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਦੁਰਘਟਨਾਵਸ਼ ਜਾਂ ਸੰਯੋਗ ਨਾਲ ਪਸ਼ੂਆਂ ਤੋਂ ਇਨਸਾਨਾਂ ’ਚ ਨਹੀਂ ਫੈਲਿਆ ਸਗੋਂ ਵਿਗਿਆਨਕ ਢੰਗ ਨਾਲ ਤਿਆਰ ਕਰ ਕੇ ਵਿਸ਼ਵ ਅਰਥਵਿਵਸਥਾ ਨੂੰ ਬਰਬਾਦ ਕਰਨ ਦੇ ਮਕਸਦ ਨਾਲ ਚੀਨ ਨੇ ਜਾਣਬੁੱਝ ਕੇ ਫੈਲਾਇਆ ਹੈ। ਦਰਅਸਲ, ਗੁੱਸਾ ਹੁਣ ਸਿਰਫ ਚੀਨੀ ਮੂਲ ਵਰਗੇ ਦਿਸਣ ਵਾਲੇ ਲੋਕਾਂ (ਜਾਪਾਨੀ, ਕੋਰੀਆਈ, ਵੀਅਤਨਾਮੀ ਆਦਿ) ’ਤੇ ਹੀ ਨਹੀਂ, ਚੀਨੀ ਪਕਵਾਨਾਂ ਤੋਂ ਲੈ ਕੇ ਚਾਈਨੀਜ਼ ਸਾਮਾਨ ’ਤੇ ਵੀ ਫੁੱਟਣ ਲੱਗਾ ਹੈ। ਭਾਰਤ ’ਚ ਵੀ ਅਜਿਹੇ ਅਨੇਕ ਵ੍ਹਟਸਅੈਪ ਮੈਸੇਜ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਲਾਈਨ ’ਚ ਖੜ੍ਹੇ ਸਕੂਲੀ ਬੱਚੇ ਸਹੁੰ ਖਾ ਰਹੇ ਹਨ ਕਿ ਅੱਗੇ ਤੋਂ ਨਾ ਤਾਂ ਉਹ ਚੀਨ ’ਚ ਬਣੀ ਕੋਈ ਚੀਜ਼ ਖਰੀਦਣਗੇ ਅਤੇ ਨਾ ਹੀ ਉਥੋਂ ਦੀ ਕਿਸੇ ਚੀਜ਼ ਦੀ ਵਰਤੋਂ ਕਰਨਗੇ। ਚੀਨ ਵਿਰੋਧੀ ਭਾਵਨਾਵਾਂ ਕਾਰਣ ਚੀਨੀਆਂ ਵਰਗੇ ਦਿਸਣ ਵਾਲੇ ਲੋਕਾਂ ਦੇ ਨਾਲ ਉਹ ਵਿਤਕਰਾ ਕਰਨ ਲੱਗੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਆਸਾਮ, ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ ਵਰਗੇ ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਦਾ ਚਿਹਰਾ ਮੰਗੋਲੀਆਈ ਲੋਕਾਂ ਵਰਗਾ ਹੁੰਦਾ ਹੈ। ‘ਕੋਰੋਨਾ’ ਦੇ ਇਸ ਨਫਰਤ ਭਰੇ ਮਾਹੌਲ ਦੇ ਦਰਮਿਆਨ ਭਾਰਤ ਚੀਨ ਦੇ ਨਾਲ ਆਮ ਵਰਗੇ ਡਿਪਲੋਮੈਟਿਕ ਸਬੰਧ ਬਹਾਲ ਕਰਨ ਵਾਲਾ ਪਹਿਲਾ ਏਸ਼ੀਆਈ (ਜੇਕਰ ਵਿਸ਼ਵ ਦਾ ਪਹਿਲਾ ਨਹੀਂ) ਦੇਸ਼ ਬਣ ਗਿਆ ਹੈ। ਇਸ ਮਹਾਮਾਰੀ ਦੇ ਦਰਮਿਆਨ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਦੋਵਾਂ ਨੇ ਬੁੱਧਵਾਰ ਨੂੰ ਵਿਸ਼ਵ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਦਰਮਿਆਨ ਸਹਿਯੋਗ ਬਾਰੇ ਗਰਮਜੋਸ਼ੀ ਭਰੇ ਬਿਆਨ ਦਿੱਤੇ। ਦਰਅਸਲ, ਇਹ ਦੋਵਾਂ ਦੇਸ਼ਾਂ ਦੇ ਨਾਲ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਦਾ ਮੌਕਾ ਸੀ। 1 ਅਪ੍ਰੈਲ 1950 ਨੂੰ ਚੀਨ ਦੇ ਨਾਲ ਡਿਪਲੋਮੈਟਿਕ ਸਬੰਧ ਸਥਾਪਿਤ ਕਰਨ ਵਾਲਾ ਭਾਰਤ ਏਸ਼ੀਆ ਦਾ ਪਹਿਲਾ ਗੈਰ-ਬਸਤੀਵਾਦੀ ਦੇਸ਼ ਬਣਿਆ ਸੀ।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਲਾਕੇ ਅਤੇ ਵਿਸ਼ਵ ਵਿਚ ਸ਼ਾਂਤੀ, ਸਥਿਰਤਾ ਅਤੇ ਸੰਪੰਨਤਾ ਲਈ ਦੋਵਾਂ ਦੇਸ਼ਾਂ ਦੇ ਦਰਮਿਆਨ ਚੰਗੇ ਸਬੰਧ ਮਹੱਤਵਪੂਰਨ ਹਨ। ਚੀਨ ਦੇ ਪ੍ਰੀਮੀਅਰ ਲੀ ਕੇਕਾਂਗ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ‘ਕੋਰੋਨਾ’ ਮਹਾਮਾਰੀ ਇਸ ਗੱਲ ਦਾ ਸੰਦੇਸ਼ ਹੈ ਕਿ ਕਿਸ ਤਰ੍ਹਾਂ ਦੁਨੀਆ ਆਪਸ ਵਿਚ ਜੁੜੀ ਹੋਈ ਹੈ ਅਤੇ ਇਸ ਪ੍ਰਤੀ ਇਕ ਸੱਚੀ ਵਿਸ਼ਵ ਪੱਧਰੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਦੂਸਰੇ ਪਾਸੇ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਭਾਰਤ ਅਤੇ ਚੀਨ ਇਕ ਨਵੀਂ ਸ਼ੁਰੂਆਤ ’ਤੇ ਹਨ। ਉਹ ਇਸ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਇਸ ਨੂੰ ਨਵੇਂ ਪੱਧਰ ’ਤੇ ਲਿਜਾਣ ਲਈ ਤੱਤਪਰ ਹਨ। ਦੋਵਾਂ ਦੇਸ਼ਾਂ ਨੇ ਦੋਸਤੀ ਦੇ ਇਸ ਮੁਕਾਮ ਨੂੰ ਸੈਲੀਬ੍ਰੇਟ ਕਰਨ ਲਈ ਮਿਲ ਕੇ ਸਾਲ ਭਰ ਦੌਰਾਨ 70 ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਕੋਰੋਨਾ ਵਾਇਰਸ ਕਾਰਣ ਇਨ੍ਹਾਂ ’ਚੋਂ ਕਿੰਨੇ ਹੋ ਸਕਦੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਦੇ ਲੋਕ ਅਤੇ ਆਲੋਚਕ ਇਸ ‘ਚਾਈਨੀਜ਼ ਵਾਇਰਸ ਸੰਕਟ’ (ਜਿਵੇਂ ਕਿ ਟਰੰਪ ਕਹਿੰਦੇ ਹਨ) ਦੇ ਦਰਮਿਆਨ ਦੋਵਾਂ ਦੇਸ਼ਾਂ ਦੀ ਦੋਸਤੀ ਦੇ ਇਸ ਪ੍ਰਗਟਾਵੇ ਨੂੰ ਸਮਝ ਸਕਣਗੇ। ਜੇਕਰ ਸਥਿਤੀ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਕੀ ਸਾਡੇ ਕੋਲ ਕੋਈ ਹੋਰ ਬਦਲ ਹੈ? ਬੇਸ਼ੱਕ ਵਧੇਰੇ ਮੌਕਿਆਂ ’ਤੇ ਚੀਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਹੈ, ਅਰੁਣਾਚਲ ਪ੍ਰਦੇਸ਼ ’ਚ ਟਕਰਾਅ ਪੈਦਾ ਕਰਨ ਤੋਂ ਲੈ ਕੇ, ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਵਰਗੇ ਸਾਡੇ ਗੁਆਂਢੀ ਦੇਸ਼ਾਂ ਨੂੰ ਭੜਕਾਇਆ ਹੈ, ਪਾਕਿਸਤਾਨ ’ਚ ਲੁਕੇ ਅਜ਼ਹਰ ਅਤੇ ਹੋਰ ਅੱਤਵਾਦੀਅਾਂ ਦੇ ਮਾਮਲੇ ’ਚ ਵੀ ਉਸ ਦਾ ਪੱਖ ਭਾਰਤ ਵਿਰੋਧੀ ਰਿਹਾ ਹੈ ਪਰ ਮੌਜੂਦਾ ਹਾਲਤਾਂ ’ਚ ਚੀਨ ਦੀ ਨਿਰਮਾਣ ਸਮਰੱਥਾ ਦਾ ਕੀ ਕੋਈ ਮੁਕਾਬਲਾ ਕਰ ਸਕਦਾ ਹੈ? ਭਾਰਤ ਵਿਚ ਜੋ ਪੀ. ਪੀ. ਈ. ਅਤੇ ਐੱਨ-99 ਮਾਸਕ ਦੀ ਲੋੜ ਹੈ, ਉਸ ਨੂੰ ਹੱਥੋ-ਹੱਥ ਹੋਰ ਕਿਹੜਾ ਦੇਸ਼ ਪੂਰੀ ਕਰ ਸਕਦਾ, ਭਾਰਤੀਅਾਂ ਦੇ ਹੱਥਾਂ ’ਚ ਮੌਜੂਦ ਸਮਾਰਟਫੋਨ, ਜਿਨ੍ਹਾਂ ਰਾਹੀਂ ਚੀਨ ਵਿਰੋਧੀ ਸੰਦੇਸ਼ ਵਾਇਰਲ ਹੁੰਦੇ ਹਨ, ਉਹ ਵੀ ਚੀਨੀ ਹਨ- ਸ਼ਾਓਮੀ, ਓਪੋ, ਆਈਫੋਨ। ਜਦੋਂ ਤਕ ਭਾਰਤ ਉਨ੍ਹਾਂ ਵਰਗੀ ਤੇਜ਼ੀ, ਕੀਮਤ ਅਤੇ ਵਧੀਆ ਗੁਣਵੱਤਾ ਵਾਲਾ ਨਿਰਮਾਣ ਨਹੀਂ ਕਰ ਲੈਂਦਾ, ਉਦੋਂ ਤਕ ਭਾਰਤੀ ਅਰਥਵਿਵਸਥਾ ਚੀਨ ਦੇ ਨਾਲ ਵਪਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। 2019 ’ਚ ਚੀਨ-ਭਾਰਤ ਦੋ ਪੱਖੀ ਵਪਾਰ 92.68 ਬਿਲੀਅਨ ਡਾਲਰ ਦਾ ਸੀ। ਚੀਨ ਦੀ ਭਾਰਤ ਨੂੰ ਬਰਾਮਦ 74.72 ਬਿਲੀਅਨ ਡਾਲਰ, ਜਦਕਿ ਦਰਾਮਦ 17.95 ਬਿਲੀਅਨ ਡਾਲਰ ਹੈ। ਬੇਸ਼ੱਕ ਭਾਰਤ ਦਾ ਮੌਜੂਦਾ ਲਾਕਡਾਊਨ ਇਸ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ। ਲੋਕ ਵੱਧ ਖਰਚਾ ਨਹੀਂ ਕਰਨਾ ਚਾਹੁਣਗੇ। ਇਥੋਂ ਤਕ ਕਿ ਉਦਯੋਗ ਅਤੇ ਨਿਰਮਾਣ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ। ਦਰਅਸਲ, ਇਕ ਅੰਦਾਜ਼ੇ ਦੇ ਅਨੁਸਾਰ ਭਾਰਤ ਅਤੇ ਚੀਨ ਹੀ ਅਜਿਹੇ ਦੇਸ਼ ਹੋਣਗੇ, ਜਿਨ੍ਹਾਂ ਦੀ ਜੀ. ਡੀ. ਪੀ. ਸ਼ਾਇਦ ਨੈਗੇਟਿਵ ਨਹੀਂ ਹੋਵੇਗੀ ਭਾਵ ਭਾਰਤੀ ਚੀਨ ਨਾਲ ਨਫਰਤ ਤਾਂ ਕਰ ਸਕਦੇ ਹਨ, ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa