ਨਹੀਂ ਰੁਕ ਰਿਹਾ ਦੇਸ਼ 'ਚ ਰਿਸ਼ਵਤਖੋਰੀ ਦਾ ਘਿਨੌਣਾ ਕੁਚੱਕਰ
Thursday, Aug 09, 2018 - 06:15 AM (IST)

ਸਾਡੇ ਦੇਸ਼ 'ਚ ਰਿਸ਼ਵਤਖੋਰੀ ਦੇ ਰੋਗ ਨੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਵੱਡੇ ਪੱਧਰ 'ਤੇ ਸਰਕਾਰੀ ਮੁਲਾਜ਼ਮ ਰੋਜ਼ ਰਿਸ਼ਵਤ ਲੈਂਦੇ ਫੜੇ ਜਾ ਰਹੇ ਹਨ। ਸ਼ਾਇਦ ਹੀ ਕੋਈ ਮਹਿਕਮਾ ਅਜਿਹਾ ਹੋਵੇਗਾ, ਜੋ ਇਸ ਰੋਗ ਤੋਂ ਬਚ ਸਕਿਆ ਹੋਵੇ। ਤ੍ਰਾਸਦੀ ਇਹ ਹੈ ਕਿ ਪੁਲਸ ਵਰਗੇ ਮਹਿਕਮੇ, ਜਿਸ 'ਤੇ ਕਾਨੂੰਨ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਹੈ, ਨਾਲ ਜੁੜੇ ਮੈਂਬਰ ਵੀ ਖੁਦ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ :
* 13 ਜੁਲਾਈ ਨੂੰ ਸਾਗਰ ਦੀ ਲੋਕ-ਆਯੁਕਤ ਪੁਲਸ ਨੇ ਡਾਕਘਰ ਦੇ ਡਵੀਜ਼ਨਲ ਉਪ-ਨਿਰੀਖਕ ਅੰਕਿਤ ਦਿਵੇਦੀ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 21 ਜੁਲਾਈ ਨੂੰ ਪਾਨੀਪਤ 'ਚ ਇਕ ਮੋਟਰਸਾਈਕਲ ਸਵਾਰ ਦਾ ਚਲਾਨ ਕੱਟਣ ਦੀ ਧਮਕੀ ਦੇ ਕੇ ਉਸ ਤੋਂ ਰਿਸ਼ਵਤ ਲੈਣ 'ਤੇ ਗੁਲਾਬ ਸਿੰਘ ਨਾਮੀ ਐੱਸ. ਪੀ. ਓ. ਵਿਰੁੱਧ ਕੇਸ ਦਰਜ ਕੀਤਾ ਗਿਆ।
* 26 ਜੁਲਾਈ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੇ ਖੁਰਾਕ ਤੇ ਸਪਲਾਈ ਵਿਭਾਗ ਸੋਹਨਾ 'ਚ ਤਾਇਨਾਤ ਇਕ ਫੂਡ ਇੰਸਪੈਕਟਰ ਨੂੰ ਡਿਪੂ ਅਲਾਟ ਕਰਨ ਬਦਲੇ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
* 26 ਜੁਲਾਈ ਨੂੰ ਹੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਉਦੈਪੁਰ ਨੇ ਸੂਚਨਾ ਸਹਾਇਕ ਕਪਿਲ ਕੋਠਾਰੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 28 ਜੁਲਾਈ ਨੂੰ ਝਾਰਖੰਡ 'ਚ ਪਲਾਮੂ ਦੇ ਹਰੀਹਰਗੰਜ 'ਚ ਸਥਿਤ ਬਾਲ ਵਿਕਾਸ ਯੋਜਨਾ ਦਫਤਰ ਦੇ ਸਹਾਇਕ ਜਿਤੇਂਦਰ ਪ੍ਰਸਾਦ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ।
* 31 ਜੁਲਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਇਕ ਸਬ-ਇੰਸਪੈਕਟਰ ਪਰਮਜੀਤ ਸਿੰਘ ਅਤੇ ਇਕ ਸਹਾਇਕ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਇਕ ਨਸ਼ਾ ਸਮੱਗਲਰ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 01 ਅਗਸਤ ਨੂੰ ਝਾਰਖੰਡ ਦੇ ਗੜ੍ਹਵਾ 'ਚ ਸਥਿਤ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਰੰਕਾ ਬਲਾਕ 'ਚ ਟਾਇਲਟ ਨਿਰਮਾਣ ਯੋਜਨਾ ਦੀ ਰਕਮ ਦੇ ਭੁਗਤਾਨ ਬਦਲੇ 2500 ਰੁਪਏ ਰਿਸ਼ਵਤ ਲੈਂਦਿਆਂ ਪਿੰਡ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ।
* 02 ਅਗਸਤ ਨੂੰ ਬਿਹਾਰ 'ਚ ਰਾਮਪੁਰ ਦੀ ਬੀ. ਡੀ. ਓ. 'ਵਰਸ਼ਾ ਤਰਵੇ' ਨੂੰ ਇਕ ਪੰਚਾਇਤ ਦੇ ਮੁਖੀ ਤੋਂ 'ਹਰ ਘਰ ਨਲ ਕਾ ਜਲ' ਯੋਜਨਾ ਪਾਸ ਕਰਨ ਲਈ ਰਿਸ਼ਵਤ ਵਜੋਂ 1.15 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। 'ਵਰਸ਼ਾ ਤਰਵੇ' ਦੀ ਸਰਕਾਰੀ ਰਿਹਾਇਸ਼ 'ਤੇ ਬੈੱਡ ਹੇਠੋਂ ਵੀ 1.70 ਲੱਖ ਰੁਪਏ ਬਰਾਮਦ ਹੋਏ।
* 02 ਅਗਸਤ ਨੂੰ ਹੀ ਵਿਜੀਲੈਂਸ ਵਿਭਾਗ ਨੇ ਸਿੱਖਿਆ ਵਿਭਾਗ ਹਿਸਾਰ ਦੇ ਕਲਰਕ ਸੰਜੇ ਸੋਨੀ ਨੂੰ ਸ਼ਿਕਾਇਤਕਰਤਾ ਨੂੰ ਨੌਕਰੀ ਲਗਵਾਉਣ ਦੇ ਨਾਂ 'ਤੇ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 04 ਅਗਸਤ ਨੂੰ ਗੋਰਖਪੁਰ ਵਿਚ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗ ਰਹੇ ਅਕਾਊਂਟੈਂਟ ਰਾਮਕਿਸ਼ਨ ਪ੍ਰਸਾਦ ਨੂੰ ਰੰਗੇ ਹੱਥੀਂ ਫੜਿਆ ਗਿਆ।
* 04 ਅਗਸਤ ਨੂੰ ਹੀ ਪਟਨਾ 'ਚ ਏ. ਐੱਸ. ਆਈ. ਵਿਨੇ ਸਿੰਘ ਨੂੰ ਇਕ ਕੇਸ ਦਬਾਉਣ ਬਦਲੇ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
* 06 ਅਗਸਤ ਨੂੰ ਕੋਟਾ 'ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਮੈਂਬਰਾਂ ਨੇ ਇਕ ਸਬ-ਇੰਸਪੈਕਟਰ ਅਤੇ ਇਕ ਸਹਾਇਕ ਸਬ-ਇੰਸਪੈਕਟਰ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 07 ਅਗਸਤ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਪੰਚਾਇਤ ਸਕੱਤਰ ਰਾਜਪੁਰਾ ਅਮਰੀਕ ਸਿੰਘ ਨੂੰ ਸ਼ਿਕਾਇਤਕਰਤਾ ਤੋਂ 1 ਲੱਖ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਇਥੇ ਹੀ ਬਸ ਨਹੀਂ, ਰਿਸ਼ਵਤਖੋਰੀ ਦੇ ਜ਼ਰੀਏ ਨਾਜਾਇਜ਼ ਜਾਇਦਾਦ ਜਮ੍ਹਾ ਕਰਨ ਦਾ ਇਕ ਸਨਸਨੀਖੇਜ਼ ਮਾਮਲਾ 6 ਅਗਸਤ ਨੂੰ ਇੰਦੌਰ 'ਚ ਸਾਹਮਣੇ ਆਇਆ, ਜਿਥੇ ਲੋਕ-ਆਯੁਕਤ ਪੁਲਸ ਨੇ ਨਗਰ ਨਿਗਮ ਦੇ ਕਬਜ਼ਾ ਰੋਕੂ ਦਸਤੇ 'ਚ ਸ਼ਾਮਲ ਚੌਥਾ ਦਰਜਾ ਮੁਲਾਜ਼ਮ ਅਸਲਮ ਖਾਨ ਦੇ ਟਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦਾ ਪਤਾ ਲਾਇਆ।
ਅੱਜ ਕਰੋੜਾਂ ਰੁਪਏ ਦਾ ਮਾਲਕ ਅਸਲਮ ਖਾਨ 1988 'ਚ ਨਗਰ ਨਿਗਮ 'ਚ ਸਿਰਫ 500 ਰੁਪਏ ਮਹੀਨਾ ਤਨਖਾਹ 'ਤੇ ਭਰਤੀ ਹੋਇਆ ਸੀ ਤੇ ਫਿਲਹਾਲ ਉਸ ਨੂੰ ਨਗਰ ਨਿਗਮ ਤੋਂ 18 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ।
ਛਾਪਿਆਂ ਦੌਰਾਨ ਅਸਲਮ ਖਾਨ ਦੇ ਟਿਕਾਣਿਆਂ ਤੋਂ 22 ਲੱਖ ਰੁਪਏ ਦੀ ਨਕਦੀ ਤੇ 2 ਕਿਲੋ ਸੋਨੇ ਦੇ ਗਹਿਣਿਆਂ ਤੋਂ ਇਲਾਵਾ 20 ਅਚੱਲ ਜਾਇਦਾਦਾਂ ਦਾ ਪਤਾ ਲੱਗਾ ਹੈ। ਉਸ ਕੋਲ 6 ਲਗਜ਼ਰੀ ਕਾਰਾਂ ਵੀ ਹਨ। ਉਸ ਦੇ ਘਰ 'ਚ ਇਕ ਆਲੀਸ਼ਾਨ ਥਿਏਟਰ ਵੀ ਮਿਲਿਆ ਹੈ।
ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋਏ ਹੋਣਗੇ, ਜੋ ਸਾਹਮਣੇ ਨਹੀਂ ਆ ਸਕੇ ਅਤੇ ਜੋ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹਨ ਕਿ ਸਾਡੇ ਦੇਸ਼ 'ਚ ਰਿਸ਼ਵਤਖੋਰੀ ਦਾ ਰੋਗ ਕਿਸ ਤਰ੍ਹਾਂ ਜੜ੍ਹਾਂ ਜਮਾ ਚੁੱਕਾ ਹੈ, ਜਿਸ ਦਾ ਇਲਾਜ ਦੋਸ਼ੀਆਂ ਨੂੰ ਤੁਰੰਤ ਅਤੇ ਸਖਤ ਸਜ਼ਾ ਦੇ ਕੇ ਹੀ ਕੀਤਾ ਜਾ ਸਕਦਾ ਹੈ।
—ਵਿਜੇ ਕੁਮਾਰ