ਭਾਜਪਾ ਨੇਤਾਵਾਂ ਵਲੋਂ ਵਿਵਾਦਪੂਰਨ ਬਿਆਨਾਂ ਦਾ ਚੱਲ ਰਿਹਾ ਸਿਲਸਿਲਾ
Friday, Aug 10, 2018 - 03:59 AM (IST)

ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਕ ਤੋਂ ਜ਼ਿਆਦਾ ਵਾਰ ਭਾਜਪਾ ਨੇਤਾਵਾਂ ਨੂੰ ਇਹ ਹਦਾਇਤ ਦੇ ਚੁੱਕੇ ਹਨ ਕਿ ਉਹ ਬਿਨਾਂ ਸੋਚੇ ਵਿਰੋਧੀਆਂ ਬਾਰੇ ਬਿਆਨ ਜਾਰੀ ਨਾ ਕਰਨ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਉਹ ਅਜਿਹੇ ਬਿਆਨ ਦੇ ਕੇ ਲਗਾਤਾਰ ਪਾਰਟੀ ਦੀ ਥੂ-ਥੂ ਕਰਵਾ ਰਹੇ ਹਨ।
14 ਮਈ ਨੂੰ ਯੂ. ਪੀ. ਦੇ ਬਲੀਆ ਜ਼ਿਲੇ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ, ''ਦੇਸ਼ ਵਿਚ 10 ਸਿਰਾਂ ਵਾਲੇ ਸਿਆਸੀ ਰਾਵਣ ਬਣ ਚੁੱਕੇ ਹਨ। ਇਨ੍ਹਾਂ ਦਾ ਨੇਤਾ ਰਾਹੁਲ ਗਾਂਧੀ ਹੋਵੇਗਾ। ਉਹ ਸਿਆਸੀ ਰਾਵਣ ਦੇ ਰੂਪ ਵਿਚ ਹੋਵੇਗਾ। 10 ਸਿਰਾਂ 'ਚ ਵੱਖ-ਵੱਖ ਪਾਰਟੀਆਂ ਦੇ ਲੋਕ ਹੋਣਗੇ।''
''ਪਹਿਲਾਂ ਲੰਕਾ ਸਿਰਫ ਇਕ ਰਾਜ ਸੀ, ਇਸ ਲਈ ਸਿਰਫ ਇਕ ਵਿਭੀਸ਼ਣ ਦੀ ਲੋੜ ਸੀ। ਇਥੇ ਬੰਗਾਲ ਵੀ ਲੰਕਾ ਹੈ, ਜੰਮੂ-ਕਸ਼ਮੀਰ ਵੀ ਲੰਕਾ ਹੈ, ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਰਾਸ਼ਟਰ ਵਿਰੋਧੀ ਲੋਕ ਕੰਮ ਕਰ ਰਹੇ ਹਨ। ਉਹ ਲੰਕਾ ਦਾ ਹੀ ਸਰੂਪ ਹੈ, ਇਸ ਲਈ ਵੱਖ-ਵੱਖ ਸੂਬਿਆਂ ਵਿਚ ਦਰਜਨਾਂ ਵਿਭੀਸ਼ਣ ਹੋਣਗੇ।''
28 ਜੂਨ ਨੂੰ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਸ਼ੇਰ' ਦੱਸਦਿਆਂ ਵਿਰੋਧੀ ਧਿਰ ਦੀ ਤੁਲਨਾ ਕਾਂ, ਬਾਂਦਰ, ਭਾਲੂ ਤੇ ਲੂੰਬੜੀ ਨਾਲ ਕਰਦਿਆਂ ਕਿਹਾ, ''ਸਾਡੇ ਵਿਰੋਧੀ ਕਾਂ, ਬਾਂਦਰ, ਭਾਲੂ, ਲੂੰਬੜੀ ਤੇ ਹੋਰ ਇਕੱਠੇ ਆ ਗਏ ਹਨ। ਇਕ ਪਾਸੇ ਟਾਈਗਰ ਖੜ੍ਹਾ ਹੈ ਤਾਂ ਦੂਜੇ ਪਾਸੇ ਬਾਂਦਰ ਅਤੇ ਗਧੇ ਹਨ। ਸੰਨ 2019 ਵਿਚ ਤੁਸੀਂ ਇਹ ਫੈਸਲਾ ਕਰਨਾ ਹੈ ਕਿ ਟਾਈਗਰ ਦੀ ਜਿੱਤ ਹੋਵੇ ਜਾਂ ਬਾਂਦਰ ਅਤੇ ਗਧੇ ਦੀ?''
ਇਸ ਦੇ ਜਵਾਬ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਵੀਰੱਪਾ ਮੋਇਲੀ ਨੇ ਪਲਟਵਾਂ ਵਾਰ ਕੀਤਾ ਤੇ ਕਿਹਾ ਹੈ ਕਿ ''ਟਾਈਗਰ ਜੰਗਲੀ ਬਣ ਗਿਆ ਹੈ, ਲਿਹਾਜ਼ਾ ਉਸ ਨੂੰ ਜੰਗਲ ਵਿਚ ਭੇਜ ਦੇਣਾ ਚਾਹੀਦਾ ਹੈ।''
13 ਜੁਲਾਈ ਨੂੰ ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ ਨੇ ਹੈਦਰਾਬਾਦ ਵਿਚ ਜਨਜਾਤੀ ਭਾਈਚਾਰੇ ਦੇ ਮੈਂਬਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੇ ਅੰਦਰ ਉੱਦਮਤਾ ਦੀ ਭਾਵਨਾ ਪੈਦਾ ਕਰਨ ਅਤੇ ਸਮਾਰਟ ਬਣਨ। ਉਨ੍ਹਾਂ ਨੇ ਇਸ ਸਬੰਧ ਵਿਚ ਬੈਂਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਧੋਖਾ ਕਰਨ ਵਾਲੇ ਵਿਜੇ ਮਾਲਿਆ ਦੀ ਮਿਸਾਲ ਦਿੱਤੀ।
ਉਨ੍ਹਾਂ ਕਿਹਾ, ''ਤੁਸੀਂ ਲੋਕ ਵਿਜੇ ਮਾਲਿਆ ਨੂੰ ਨਿੰਦਦੇ ਹੋ। ਵਿਜੇ ਮਾਲਿਆ ਕੌਣ ਹੈ? ਉਹ ਇਕ ਚਲਾਕ ਵਿਅਕਤੀ ਹੈ। ਉਸ ਨੇ ਕੁਝ ਬੁੱਧੀਮਾਨ ਲੋਕਾਂ ਦੀਆਂ ਸੇਵਾਵਾਂ ਲਈਆਂ ਅਤੇ ਬੈਂਕਰਾਂ, ਸਿਆਸਤਦਾਨਾਂ, ਸਰਕਾਰ ਨੂੰ ਪ੍ਰਭਾਵਿਤ ਕੀਤਾ। ਤੁਹਾਨੂੰ 'ਸਮਾਰਟ' ਬਣਨ ਤੋਂ ਕਿਸ ਨੇ ਰੋਕਿਆ ਹੈ?''
21 ਜੁਲਾਈ ਨੂੰ ਹਿਮਾਚਲ ਦੇ ਖੁਰਾਕ ਸਪਲਾਈ ਮੰਤਰੀ ਕਿਸ਼ਨ ਕਪੂਰ ਨੇ ਕਿਹਾ, ''ਕਾਂਗਰਸ ਹੇਠੋਂ ਲੈ ਕੇ ਸਰਵਉੱਚ ਲੀਡਰਸ਼ਿਪ ਤਕ ਸਾਰੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਝੂਠੀ ਬਿਆਨਬਾਜ਼ੀ ਕਰਨ ਵਿਚ ਖੂਬ ਮਾਹਿਰ ਹੈ। ਕਾਂਗਰਸੀ ਨੇਤਾਵਾਂ ਨੇ ਝੂਠ ਦੀ ਪਾਠਸ਼ਾਲਾ ਤੋਂ ਪੀ. ਐੱਚ. ਡੀ. ਕੀਤੀ ਹੋਈ ਹੈ। ਲੋਕ ਕਾਂਗਰਸ ਦੀ ਸੱਚਾਈ ਜਾਣ ਚੁੱਕੇ ਹਨ ਤੇ ਛੇਤੀ ਹੀ ਇਸ ਦੇ ਝੂਠ ਦੀ ਪਾਠਸ਼ਾਲਾ ਨੂੰ ਜਿੰਦਰਾ ਲੱਗ ਜਾਵੇਗਾ।''
24 ਜੁਲਾਈ ਨੂੰ ਰਾਜਸਥਾਨ ਭਾਜਪਾ ਦੇ ਪ੍ਰਧਾਨ ਮਦਨ ਲਾਲ ਸੈਣੀ ਨੇ ਆਪਣਾ ਉਲਟਾ ਇਤਿਹਾਸ ਗਿਆਨ ਝਾੜਦਿਆਂ ਕਿਹਾ, ''ਦਮ ਤੋੜ ਰਹੇ ਹੁਮਾਯੂੰ ਨੇ ਆਪਣੇ ਬੇਟੇ ਬਾਬਰ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਭਾਰਤ 'ਤੇ ਰਾਜ ਕਰਨਾ ਚਾਹੁੰਦਾ ਹੈ ਤਾਂ ਗਊਆਂ, ਬ੍ਰਾਹਮਣਾਂ ਤੇ ਔਰਤਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ।''
ਜ਼ਿਕਰਯੋਗ ਹੈ ਕਿ ਬਾਬਰ ਹੁਮਾਯੂੰ ਦਾ ਬੇਟਾ ਨਹੀਂ ਸੀ, ਸਗੋਂ ਹੁਮਾਯੂੰ ਬਾਬਰ ਦਾ ਬੇਟਾ ਸੀ। ਬਾਬਰ ਦੀ ਮੌਤ 1530 ਵਿਚ ਤੇ ਹੁਮਾਯੂੰ ਦੀ ਮੌਤ 1556 ਵਿਚ ਹੋਈ ਸੀ।
25 ਜੁਲਾਈ ਨੂੰ ਬਲੀਆ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ, ''ਸਾਡੀ ਸਰਕਾਰ ਨੇ ਮਹਿਬੂਬਾ ਨੂੰ ਚੰਗੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਬਣੀ....ਅਸੀਂ ਤਾਂ ਮਾਇਆਵਤੀ ਨੂੰ ਵੀ ਚੰਗੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੀ। ਫਿਰ ਮੱਝ ਨੇ ਜਿੱਥੇ ਜਾਣਾ ਸੀ, ਉਥੇ ਹੀ ਚਲੀ ਗਈ।''
27 ਜੁਲਾਈ ਨੂੰ ਫੈਜ਼ਾਬਾਦ ਵਿਚ ਭਾਜਪਾ ਵਿਧਾਇਕ ਹਰੀਓਮ ਪਾਂਡੇ ਨੇ ਦੇਸ਼ 'ਚ ਵਧਦੇ ਅਪਰਾਧਾਂ ਲਈ ਮੁਸਲਮਾਨਾਂ ਦੀ ਵਧਦੀ ਆਬਾਦੀ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ, ''ਬਲਾਤਕਾਰ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਦੇ ਮਾਮਲੇ ਭਾਰਤ ਵਿਚ ਮੁਸਲਮਾਨਾਂ ਦੀ ਵਧਦੀ ਆਬਾਦੀ ਕਾਰਨ ਵਧ ਰਹੇ ਹਨ।''
27 ਜੁਲਾਈ ਨੂੰ ਹੀ ਬੈਂਗਲੁਰੂ 'ਚ ਕਰਨਾਟਕ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ 'ਬਾਸਾਨਾ ਗੌੜਾ ਪਾਟਿਲ ਯਾਤਨਾਲ' ਨੇ ਕਿਹਾ, ''ਜੇ ਮੈਂ ਗ੍ਰਹਿ ਮੰਤਰੀ ਬਣਿਆ ਹੁੰਦਾ ਤਾਂ ਪੁਲਸ ਨੂੰ ਸਾਰੇ ਬੁੱਧੀਜੀਵੀਆਂ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿੰਦਾ।''
ਭਾਜਪਾ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਆਦਿ ਦੇ ਅਜਿਹੇ ਤਰਕਹੀਣ ਵਿਗੜੇ ਬੋਲ ਪਾਰਟੀ ਲੀਡਰਸ਼ਿਪ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਇਹ ਲੋਕ ਆਪਣੇ ਬੜਬੋਲੇਪਨ ਤੋਂ ਬਾਜ਼ ਆਉਣ ਲਈ ਤਿਆਰ ਨਹੀਂ ਹਨ।
—ਵਿਜੇ ਕੁਮਾਰ