ਛੇਤੀ ਚੋਣਾਂ ਦੇ ਚਰਚਿਆਂ ਦਰਮਿਆਨ ਭਾਜਪਾ ਦੀ ਲੋਕ ਲੁਭਾਉਣੀ ਤਿਆਰੀ

09/03/2023 2:51:19 AM

ਦੇਸ਼ ’ਚ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ, 2024 ਤਕ ਹੈ ਅਤੇ ਸੰਵਿਧਾਨਕ ਤੌਰ ’ਤੇ ਦੇਸ਼ ’ਚ ਇਸ ਤੋਂ ਪਹਿਲਾਂ ਨਵੀਂ ਲੋਕ ਸਭਾ ਦਾ ਗਠਨ ਹੋਣਾ ਜ਼ਰੂਰੀ ਹੈ। ਇਸ ਲਈ ਦੇਸ਼ ’ਚ ਮਾਰਚ, ਅਪ੍ਰੈਲ ਤੇ ਮਈ, 2024 ਦੇ ਮੱਧ ’ਚ ਚੋਣਾਂ ਹੋ ਸਕਦੀਆਂ ਹਨ।

ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਕਰਵਾਏ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।

ਇਸ ਖਦਸ਼ੇ ਨੂੰ ਭਾਜਪਾ ਵਲੋਂ ਪਹਿਲਾਂ ਤੋਂ ਹੀ ਸ਼ੁਰੂ ਕੀਤੀਆਂ ਹੋਈਆਂ ਤਿਆਰੀਆਂ ਨਾਲ ਬਲ ਮਿਲਦਾ ਹੈ, ਜਿਨ੍ਹਾਂ ਦੇ ਤਹਿਤ ਭਾਜਪਾ ਨੇ ਵੱਖ-ਵੱਖ ਸਹੂਲਤਾਂ ਦੇ ਕੇ ਜਨਤਾ ਨੂੰ ਲੁਭਾਉਣ ਦੇ ਯਤਨ ਵੀ ਸ਼ੁਰੂ ਕੀਤੇ ਹੋਏ ਹਨ।

* ਜਦ ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਸਪਲਾਈ ਘਟਣ ਨਾਲ ਇਸ ਦੀਆਂ ਕੀਮਤਾਂ ਵਧਣ ਲੱਗੀਆਂ ਤਾਂ ਸਰਕਾਰ ਨੇ 13 ਮਈ, 2022 ਨੂੰ ਇਸ ਦੀ ਬਰਾਮਦ ’ਤੇ ਤੁਰੰਤ ਪਾਬੰਦੀ ਲਾ ਦਿੱਤੀ ਅਤੇ ਫਿਰ 15 ਜੁਲਾਈ, 2023 ਨੂੰ ਸਰਕਾਰ ਨੇ ਖਾਧ ਤੇਲਾਂ ’ਤੇ ਵੀ ਦਰਾਮਦ ਫੀਸ ਘੱਟ ਕੀਤੀ।

* 20 ਜੁਲਾਈ, 2023 ਨੂੰ ਗੈਰ-ਬਾਸਮਤੀ ਚੌਲ ਅਤੇ ਬਾਅਦ ’ਚ 26 ਅਗਸਤ ਨੂੰ ਮੋਟੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਈ ਗਈ, ਤਾਂ ਕਿ ਦੇਸ਼ ’ਚ ਚੌਲਾਂ ਦੀ ਕਮੀ ਕਾਰਨ ਕੀਮਤਾਂ ’ਚ ਤੇਜ਼ੀ ਨਾ ਆਵੇ।

* 27 ਅਗਸਤ, 2023 ਨੂੰ ਬੇਰੋਜ਼ਗਾਰੀ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ।

* 29 ਅਗਸਤ ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ 200 ਰੁਪਏ ਦੀ ਕਟੌਤੀ ਕਰ ਕੇ ਭੈਣਾਂ ਨੂੰ ਰੱਖੜੀ ਦਾ ਤੋਹਫਾ ਦਿੱਤਾ।

ਯਾਤਰੀਆਂ ਦੀ ਸਹੂਲਤ ਲਈ ਜਿੱਥੇ ਸੜਕ ਅਤੇ ਰੇਲਮਾਰਗਾਂ ਦਾ ਵਿਸਥਾਰ ਕੀਤਾ ਗਿਆ ਹੈ, ਉੱਥੇ ਹੀ ਇਸ ਸਾਲ ਕਈ ਤੇਜ਼ ਰਫਤਾਰ ‘ਵੰਦੇ ਭਾਰਤ’ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਤੱਕ ਦੇਸ਼ ’ਚ 18 ‘ਵੰਦੇ ਭਾਰਤ’ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ।

ਭਾਜਪਾ ਸ਼ਾਸਿਤ ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ’ਚ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਮੱਧ ਪ੍ਰਦੇਸ਼ ’ਚ ਲਾਗੂ ਕੀਤੀ ਗਈ ‘ਲਾਡਨੀ ਬਹਿਨਾ ਯੋਜਨਾ’ ਦੇ ਤਹਿਤ ਭੈਣਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਮਹੀਨਾ ਦੇ ਸਥਾਨ ’ਤੇ ਹੁਣ ਅਕਤੂਬਰ ਤੋਂ 1250 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਵੀ ਸੂਬੇ ’ਚ ਔਰਤਾਂ, ਬੱਚਿਆਂ, ਕਿਸਾਨਾਂ, ਕਿਰਤੀਆਂ ਅਤੇ ਆਰਥਿਕ ਤੌਰ ’ਤੇ ਗਰੀਬ ਲੋਕਾਂ ਲਈ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਕੇਂਦਰ ’ਚ ਮੋਦੀ ਸਰਕਾਰ ਦੀ ਇਕ ਵੱਡੀ ਪ੍ਰਾਪਤੀ ਅਯੁੱਧਿਆ ’ਚ ਰਾਮ ਜਨਮ ਭੂਮੀ ’ਤੇ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹੈ, ਜਿਸ ਦਾ ਚੋਣਾਂ ਤੋਂ ਬਹੁਤ ਪਹਿਲਾਂ ਇਸੇ ਸਾਲ ਜਾਂ ਜਨਵਰੀ ਦੇ ਸ਼ੁਰੂ ’ਚ ਉਦਘਾਟਨ ਕਰ ਦਿੱਤਾ ਜਾਵੇਗਾ।

ਪੁਲਾੜ ਖੋਜ ਦੇ ਖੇਤਰ ’ਚ ਭਾਰਤ ਵਲੋਂ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਯਾਨ-3 ਨੂੰ ਸਫਲਤਾਪੂਰਵਕ ਉਤਾਰਨਾ ਅਤੇ 2 ਸਤੰਬਰ ਨੂੰ ਸੂਰਜ ਦੇ ਅਧਿਐਨ ਲਈ ‘ਅਦਿੱਤਿਆ ਐੱਲ-1’ ਮਿਸ਼ਨ ਸਫਲਤਾਪੂਰਵਕ ਭੇਜਣਾ ਸ਼ਾਮਲ ਹੈ।

ਇਹੀ ਨਹੀਂ, ਚੋਣਾਂ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਭਾਜਪਾ ਨੇ ਸੰਗਠਨਾਤਮਕ ਬਦਲਾਅ ਕਰਦਿਆਂ ਚਾਰ ਸੂਬਿਆਂ ਤੇਲੰਗਾਨਾ, ਝਾਰਖੰਡ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੇ ਪਾਰਟੀ ਪ੍ਰਧਾਨ ਵੀ ਬਦਲ ਿਦੱਤੇ ਹਨ।

ਕੌਮਾਂਤਰੀ ਮੰਚ ’ਤੇ ਵੀ ਸਰਕਾਰ ਨੇ ਆਪਣੀ ਅਤੇ ਭਾਰਤ ਦੀ ਸ਼ਾਨ ਵਧਾਈ ਹੈ। ਸਾਲ ਦੇ ਸ਼ੁਰੂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਤੋਂ 25 ਮਈ ਤਕ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੀ ਯਾਤਰਾ ਕੀਤੀ, ਜਦਕਿ ਉਹ 20 ਤੋਂ 24 ਜੂਨ ਨੂੰ ਅਮਰੀਕਾ ਦੇ ਦੌਰੇ ’ਤੇ ਰਹੇ ਅਤੇ ਉਥੇ ਉਨ੍ਹਾਂ ਨੇ ਅਨੇਕਾਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ’ਚ ਰਿਕਾਰਡ ਭੀੜ ਇਕੱਠੀ ਹੋਈ। ਉਹ 13 ਤੋਂ 15 ਜੁਲਾਈ ਤਕ ਫਰਾਂਸ ਅਤੇ ਯੂ. ਏ. ਈ. ਦੇ ਦੌਰੇ ’ਤੇ ਵੀ ਗਏ।

ਉਨ੍ਹਾਂ ਨੇ 22 ਤੋਂ 26 ਅਗਸਤ ਤਕ ਦੱਖਣੀ ਅਫਰੀਕਾ ਅਤੇ ਯੂਨਾਨ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨੂੰ ਭਾਜਪਾ ਨੇ ਦੁਨੀਆ ’ਚ ਭਾਰਤ ਦੇ ਵਧਦੇ ਪ੍ਰਭਾਵ ਵਾਂਗ ਪੇਸ਼ ਕੀਤਾ। ਦੁਬਈ ਦੇ ਨਾਲ ਭਾਰਤ ਨੇ ਸਿੱਖਿਆ ਅਤੇ ਨਾਲੇਜ ਸ਼ੇਅਰਿੰਗ ਨੂੰ ਲੈ ਕੇ ਸਮਝੌਤਾ ਕੀਤਾ, ਜਦਕਿ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਪਿੱਛੋਂ ਆਸਟ੍ਰੇਲੀਆ ਨੇ ਖਾਲਿਸਤਾਨੀ ਰੈਫ੍ਰੈਂਡਮ ਨੂੰ ਲੈ ਕੇ ਸਖਤ ਕਦਮ ਉਠਾਏ ਅਤੇ ਭਾਰਤੀਆਂ ਦੀ ਇਮੀਗ੍ਰੇਸ਼ਨ ਵਧਾਉਣ ਨੂੰ ਲੈ ਕੇ ਸਮਝੌਤਾ ਵੀ ਕੀਤਾ।

ਉਪਰੋਕਤ ਕਦਮਾਂ ਤੋਂ ਇਲਾਵਾ ਉਠਾਏ ਗਏ ਕਈ ਹੋਰ ਛੋਟੇ-ਮੋਟੇ ਕਦਮ ਹੋਣਗੇ, ਜਿਨ੍ਹਾਂ ਨਾਲ ਭਾਜਪਾ ਲੀਡਰਸ਼ਿਪ ਦਾ ਹੌਸਲਾ ਵਧਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਵਿਰੋਧੀ ਦਲਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਛੇਤੀ ਤੋਂ ਛੇਤੀ ਚੋਣਾਂ ਕਰਵਾ ਦੇਣ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ।

- ਵਿਜੇ ਕੁਮਾਰ


Anmol Tagra

Content Editor

Related News