ਹੁਣ ਭਾਰਤ ਨੂੰ ''ਬੰਗਲਾਦੇਸ਼ ਦੀ ਸਰੱਹਦ ਵਲੋਂ ਵਧ ਰਿਹਾ ਖ਼ਤਰਾ''

03/23/2017 8:22:41 AM

ਕੋਈ ਜ਼ਮਾਨਾ ਸੀ, ਜਦੋਂ ਬੰਗਲਾਦੇਸ਼ ਦੀ ਸਿਆਸਤ ਅਤੇ ਸਮਾਜਿਕ ਜੀਵਨ ''ਚ ਖੁੱਲ੍ਹਾਪਣ ਨਜ਼ਰ ਆਉਂਦਾ ਸੀ ਪਰ ਪਿਛਲੇ ਕੁਝ ਸਾਲਾਂ   ਦੌਰਾਨ ਉਥੇ ਉੱਭਰੇ ਇਸਲਾਮੀ ਕੱਟੜਵਾਦੀ ਗਿਰੋਹਾਂ ਨੇ ਬੰਗਲਾਦੇਸ਼ ਦੇ ਧਰਮ-ਨਿਰਪੱਖ ਸਰੂਪ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਗੁਆਂਢ ''ਚ ਵੀ ਘੁਸਪੈਠ ਆਦਿ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। 1971 ''ਚ ਜਦੋਂ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਮੁਕਤੀ ਹਾਸਿਲ ਕੀਤੀ ਸੀ, ਉਦੋਂ ਇਸ ਦੇ ਬਾਨੀ ਸਿਧਾਂਤਾਂ ''ਚ ਧਰਮ-ਨਿਰਪੱਖਤਾ ਵੀ ਇਕ ਸੀ ਪਰ ਹੁਣ ਇਨ੍ਹਾਂ ਗਿਰੋਹਾਂ ਦੀਆਂ ਸਰਗਰਮੀਆਂ ਬੰਗਲਾਦੇਸ਼ ਦੇ ਧਰਮ-ਨਿਰਪੱਖ ਸਰੂਪ ਲਈ ਖਤਰਾ ਬਣ ਗਈਆਂ ਹਨ। ਇਸ ਦੇ ਨਾਲ ਹੀ ਭਾਰਤ ਦੇ ਇਸ ਗੁਆਂਢ ''ਚ ਅੱਤਵਾਦੀਆਂ ਦੀ ਇਕ ਨਵੀਂ ਨੌਜਵਾਨ ਪੀੜ੍ਹੀ ਤਿਆਰ ਹੋ ਰਹੀ ਹੈ ਅਤੇ ਬੰਗਲਾਦੇਸ਼ ''ਚ ਤੇਜ਼ੀ ਨਾਲ ਹੋਂਦ ''ਚ ਆ ਰਹੇ ਕੱਟੜਵਾਦੀ ਤੇ ਅੱਤਵਾਦੀ ਗਿਰੋਹ ਉਥੇ ਆਪਣੀਆਂ ਸਰਗਰਮੀਆਂ ਵਧਾਉਣ ਦੇ ਨਾਲ-ਨਾਲ ਸਰਹੱਦ ਪਾਰੋਂ ਭਾਰਤ ''ਚ ਵੀ ਘੁਸਪੈਠ ਅਤੇ ਹਿੰਸਕ ਸਰਗਰਮੀਆਂ ਲਈ ਮੌਕੇ ਦੀ ਤਾੜ ''ਚ ਰਹਿਣ ਲੱਗੇ ਹਨ। ਹੁਣੇ-ਹੁਣੇ ਸਾਡੇ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਬੰਗਲਾਦੇਸ਼ ਦੇ ਅਧਿਕਾਰੀਆਂ ਦੀ ਰਿਪੋਰਟ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ, ਜਿਸ ''ਚ ਉਨ੍ਹਾਂ ਨੇ ਸਾਵਧਾਨ ਕੀਤਾ ਹੈ ਕਿ ਪਿਛਲੇ ਸਾਲ ਜੇਹਾਦੀਆਂ ਦੀ ਭਾਰਤ ''ਚ ਘੁਸਪੈਠ ਵਿਚ ਭਾਰੀ ਵਾਧਾ ਹੋਇਆ ਹੈ। ਸੰਨ 2015 ਦੇ ਮੁਕਾਬਲੇ 2016 ''ਚ ਤ੍ਰਿਪੁਰਾ, ਆਸਾਮ ਤੇ ਪੱਛਮੀ ਬੰਗਾਲ ''ਚ ''ਹਰਕਤ-ਉਲ-ਜੇਹਾਦੀ-ਅਲ ਇਸਲਾਮੀ'' (ਹੂਜੀ) ਅਤੇ ''ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼'' (ਜੇ. ਐੱਮ. ਬੀ.) ਦੇ ਅੱਤਵਾਦੀਆਂ ਦੀ ਘੁਸਪੈਠ ਕਈ ਗੁਣਾ ਵਧ ਗਈ ਹੈ ਤੇ ਇਨ੍ਹਾਂ ਸੂਬਿਆਂ ਵਿਚ ''ਹੂਜੀ'' ਅਤੇ ''ਜੇ. ਐੱਮ. ਬੀ.'' ਦੇ 2010 ਜੇਹਾਦੀ ਘੁਸਪੈਠ ਕਰ ਗਏ ਹਨ।
ਭਾਰਤ-ਪਾਕਿ ਸਰਹੱਦ ''ਤੇ ਜੰਮੂ-ਕਸ਼ਮੀਰ ''ਚ 25 ਵਰ੍ਹਿਆਂ ਤੋਂ ਜਾਰੀ ਪਾਕਿਸਤਾਨ ਵਲੋਂ ਪ੍ਰਾਯੋਜਿਤ ਅੱਤਵਾਦ ਕਾਰਨ ਸਥਿਤੀ ਪਹਿਲਾਂ ਹੀ ਅਸ਼ਾਂਤ ਬਣੀ ਹੋਈ ਹੈ ਤੇ ਸਾਡੀ ਸੁਰੱਖਿਆ ''ਤੇ ਲਗਾਤਾਰ ਖਤਰਾ ਮੰਡਰਾ ਰਿਹਾ ਹੈ। ਇਹੋ ਨਹੀਂ, ਜੰਮੂ-ਕਸ਼ਮੀਰ ਦੇ ਨੌਜਵਾਨਾਂ ''ਚ ਅੱਤਵਾਦ ਪ੍ਰਤੀ ਰੁਝਾਨ ਵਧਣ ਦੀ ਵੀ ਸੂਚਨਾ ਹੈ ਤੇ ਸੰਨ 2015 ਦੇ ਮੁਕਾਬਲੇ ਸੰਨ 2016 ''ਚ ਉਥੇ ਘੁਸਪੈਠ ਦੀਆਂ ਘਟਨਾਵਾਂ ''ਚ ਤਿੰਨ ਗੁਣਾ ਵਾਧਾ ਹੋਇਆ ਹੈ।
ਇਹੋ ਨਹੀਂ, ਤਾਜ਼ਾ ਮਿਲੀਆਂ ਸੂਚਨਾਵਾਂ ਮੁਤਾਬਕ 150 ਦੇ ਲੱਗਭਗ ਵਿਦੇਸ਼ੀ ਅੱਤਵਾਦੀਆਂ ਦੀ ਸਹਾਇਤਾ ਨਾਲ 250 ਤੋਂ ਜ਼ਿਆਦਾ ਸਥਾਨਕ ਅੱਤਵਾਦੀਆਂ ਵਲੋਂ ਹਿੰਸਕ ਸਰਗਰਮੀਆਂ ''ਚ ਤੇਜ਼ੀ ਲਿਆਂਦੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਲਿਹਾਜ਼ਾ ਕਸ਼ਮੀਰ ਦੇ ਨਾਲ-ਨਾਲ ਦੇਸ਼ ਦੇ ਦੂਜੇ ਸਿਰੇ ਭਾਵ ਬੰਗਲਾਦੇਸ਼ ਵਲੋਂ ਵੀ ਕੱਟੜ ਅੱਤਵਾਦੀਆਂ ਦੀ ਘੁਸਪੈਠ ਦੀ ਚਿਤਾਵਨੀ ਭਾਰਤ ਦੀ ਸੁਰੱਖਿਆ ਲਈ ਖਤਰੇ ਦੀ ਇਕ ਹੋਰ ਘੰਟੀ ਹੈ।                

—ਵਿਜੇ ਕੁਮਾਰ


Vijay Kumar Chopra

Chief Editor

Related News