ਅਸਦੁਦੀਨ ਓਵੈਸੀ (ਸੰਸਦ ਮੈਂਬਰ) ਦੀ ਪਾਕਿ ਗ੍ਰਹਿ ਮੰਤਰੀ ਨੂੰ ਝਾੜ

Friday, Oct 29, 2021 - 03:16 AM (IST)

ਅਸਦੁਦੀਨ ਓਵੈਸੀ (ਸੰਸਦ ਮੈਂਬਰ) ਦੀ ਪਾਕਿ ਗ੍ਰਹਿ ਮੰਤਰੀ ਨੂੰ ਝਾੜ

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਨਾ ਸਿਰਫ ਭਾਰਤ ਦੇ ਵਿਰੁੱਧ ਲੁਕਵੀਂ ਜੰਗ ਛੇੜੀ ਹੋਈ ਹੈ, ਸਗੋਂ ਬੇਸਿਰ-ਪੈਰ ਦੀ ਭਾਰਤ ਵਿਰੋਧੀ ਬਿਆਨਬਾਜ਼ੀ ਕਰਨ ਦਾ ਵੀ ਕੋਈ ਮੌਕਾ ਹੱਥ ਤੋਂ ਜਾਣ ਨਹੀਂ ਦਿੰਦੇ ਅਤੇ 24 ਅਕਤੂਬਰ ਨੂੰ ਟੀ-20 ਮੈਚ ’ਚ ਭਾਰਤ ਦੀ ਹਾਰ ਦੇ ਸਬੰਧ ’ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਇਹ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ :

‘‘ਟੀ-20 ਮੈਚ ’ਚ ਆਪਣੇ ਰਵਾਇਤੀ ਮੁਕਾਬਲੇਬਾਜ਼ ਭਾਰਤ ’ਤੇ 10 ਵਿਕਟ ਨਾਲ ਪਾਕਿਸਤਾਨ ਦੀ ਜਿੱਤ ਦਾ ਭਾਰਤੀ ਮੁਸਲਮਾਨਾਂ ਸਮੇਤ ਦੁਨੀਆ ਦੇ ਸਾਰੇ ਮੁਸਲਮਾਨ ਜਸ਼ਨ ਮਨਾਉਣ। ਇਹ ਜਿੱਤ ਸਾਡੇ ਲਈ ਫਾਈਨਲ ਤੋਂ ਵੀ ਵੱਡੀ ਹੈ। ਭਾਰਤੀ ਮੁਸਲਮਾਨਾਂ ਦੇ ਜਜ਼ਬਾਤ ਵੀ ਸਾਡੇ ਨਾਲ ਸਨ।’’ ਇਸ ਦੇ ਨਾਲ ਹੀ ਰਸ਼ੀਦ ਨੇ ਇਸ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਦੇ ਹੋਏ ਦੁਨੀਆ ਭਰ ਦੇ ਮੁਸਲਮਾਨਾਂ ਨੂੰ ‘ਫਤਿਹ ਮੁਬਾਰਕ’ ਕਿਹਾ।

ਸ਼ੇਖ ਰਸ਼ੀਦ ਦੇ ਇਸ ਬਿਆਨ ’ਤੇ ਹੋਰਨਾਂ ਲੋਕਾਂ ਦੇ ਇਲਾਵਾ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਚਰਚਾ ’ਚ ਰਹਿਣ ਵਾਲੇ ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ-ਮੁਸਲਮੀਨ’ ਦੇ ਮੁਖੀ ਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਭੜਕ ਉਠੇ ਹਨ।

ਸ਼ੇਖ ਰਸ਼ੀਦ ਦੀ ਆਲੋਚਨਾ ਕਰਦੇ ਹੋਏ ਓਵੈਸੀ ਨੇ ਕਿਹਾ,‘‘ਇਨ੍ਹਾਂ ਗੁਆਂਢੀਆਂ ਨੂੰ ਕੁਝ ਸਮਝ ਨਹੀਂ ਆਉਂਦਾ। ਅੱਲ੍ਹਾ ਦਾ ਸ਼ੁਕਰ ਹੈ ਕਿ ਸਾਡੇ ਬਜ਼ੁਰਗ ਉੱਥੇ (ਪਾਕਿਸਤਾਨ) ਨਹੀਂ ਗਏ। ਨਹੀਂ ਤਾਂ ਸਾਨੂੰ ਇਨ੍ਹਾਂ ਪਾਗਲਾਂ ਨੂੰ ਦੇਖਣਾ ਹੁੰਦਾ। ਪਾਕਿਸਤਾਨ ਦਾ ਉਹ ਮੰਤਰੀ ਪਾਗਲ ਹੈ ਜੋ ਕ੍ਰਿਕਟ ਦੀ ਜਿੱਤ ਨੂੰ ਇਸਲਾਮ ਦੀ ਜਿੱਤ ਦੱਸ ਰਿਹਾ ਹੈ।’’

ਸ਼ੇਖ ਰਸ਼ੀਦ ’ਤੇ ਸਿੱਧਾ ਹਮਲਾ ਕਰਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ,‘‘ਤੁਸੀਂ ਮਲੇਰੀਏ ਦੀ ਇਕ ਦਵਾਈ ਅਤੇ ਮੋਟਰਸਾਈਕਲ ਦਾ ਟਾਇਰ ਤੱਕ ਤਾਂ ਬਣਾ ਨਹੀਂ ਸਕਦੇ, ਭਾਰਤ ਬਹੁਤ ਅੱਗੇ ਹੈ। ਸਾਡੇ ਨਾਲ ਪੰਗਾ ਨਾ ਲਓ।’’

‘‘ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਪਣੇ ਦੇਸ਼ ਨੂੰ ਚੀਨ ਦੇ ਕੋਲ ਗਹਿਣੇ ਰੱਖਦੇ ਹੋਏ ਅਤੇ ਇਸਲਾਮ ਦੀ ਗੱਲ ਕਰਦੇ ਹੋ... ਉਸ ਚੀਨ ਦੇ ਕੋਲ ਜਿਸ ਨੇ 12 ਲੱਖ ਮੁਸਲਮਾਨਾਂ ਨੂੰ ਕੈਦ ਕਰ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਜਬਰੀ ਸੂਅਰ ਖਵਾਇਆ ਜਾ ਰਿਹਾ ਹੈ।’’

ਅਸਦੁਦੀਨ ਓਵੈਸੀ ਦੀ ਸਿਆਸੀ ਵਿਚਾਰਧਾਰਾ ਭਾਵੇਂ ਜਿਹੋ ਜਿਹੀ ਵੀ ਰਹੀ ਹੋਵੇ, ਆਪਣੇ ਉਕਤ ਬਿਆਨ ਨਾਲ ਉਨ੍ਹਾਂ ਨੇ ਪਾਕਿਸਤਾਨ ਦੇ ਹਾਕਮਾਂ ਨੂੰ ਬਿਲਕੁਲ ਸਹੀ ਸ਼ੀਸ਼ਾ ਦਿਖਾਇਆ ਹੈ।

- ਵਿਜੇ ਕੁਮਾਰ


author

Bharat Thapa

Content Editor

Related News