ਰੇਲਵੇ ''ਚ ਲਗਾਤਾਰ ਵਧ ਰਹੇ ਹਨ ਔਰਤਾਂ ਵਿਰੁੱਧ ਅਪਰਾਧ, ਕਤਲ, ਡਕੈਤੀ, ਲੁੱਟ-ਖੋਹ

07/26/2015 7:51:35 AM

ਬੇਸ਼ੱਕ ਭਾਰਤ ਨੂੰ ''ਸੜਕ ਹਾਦਸਿਆਂ ਦੀ ਰਾਜਧਾਨੀ'' ਕਿਹਾ ਜਾਂਦਾ ਹੈ ਪਰ ਹੁਣ ਭਾਰਤੀ ਰੇਲਗੱਡੀਆਂ ''ਚ ਸਫਰ ਕਰਨਾ ਵੀ ਖਤਰੇ ਤੋਂ  ਖਾਲੀ ਨਹੀਂ ਰਿਹਾ। ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਲੁੱਟ-ਖੋਹ, ਕਤਲ, ਡਕੈਤੀ ਅਤੇ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਵਧ ਰਹੇ ਹਨ। ਇਨ੍ਹਾਂ ''ਚ ਆਮ ਅਪਰਾਧੀਆਂ ਤੋਂ ਇਲਾਵਾ ਰੇਲਵੇ ਮੁਲਾਜ਼ਮਾਂ ਤੇ ਸੁਰੱਖਿਆ ਬਲਾਂ ਦੇ ਮੈਂਬਰ ਤਕ ਸ਼ਾਮਲ ਹਨ। 
ਸਿਰਫ ਪਿਛਲੇ ਦੋ ਸਾਲਾਂ ''ਚ ਰੇਲਵੇ ਪੁਲਸ ਨੇ ਅਪਰਾਧਾਂ ਦੇ 75289 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ''ਚ ਕੁੜੀਆਂ ਨੂੰ ਜ਼ਬਰਦਸਤੀ ਚੁੱਕਣ ਦੇ 172 ਮਾਮਲੇ ਵੀ ਸ਼ਾਮਲ ਹਨ। ਇਥੇ ਪੇਸ਼ ਹਨ ਹੁਣੇ-ਹੁਣੇ ਰੇਲਾਂ ''ਚ ਹੋਏ ਵੱਖ-ਵੱਖ ਅਪਰਾਧਾਂ ਦੀਆਂ ਚੰਦ ਘਟਨਾਵਾਂ :
* 24 ਅਪ੍ਰੈਲ ਨੂੰ ਅੱਧੀ ਰਾਤ ਤੋਂ ਬਾਅਦ ਆਨੰਦ ਵਿਹਾਰ ਤੋਂ ਸੀਤਾਮੜੀ ਜਾ ਰਹੀ ਲਿੱਛਵੀ ਐਕਸਪ੍ਰੈੱਸ ''ਚ ਔਰਤਾਂ ਤੇ ਅਪਾਹਜਾਂ ਦੇ ਡੱਬੇ ਨੂੰ 10 ਤੋਂ ਜ਼ਿਆਦਾ ਹਥਿਆਰਬੰਦ ਡਾਕੂਆਂ ਨੇ ਇਲਾਹਾਬਾਦ ਨੇੜੇ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਡੱਬੇ ''ਚ ਸਵਾਰ ਹੋ ਕੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਇਕ ਔਰਤ ਨੂੰ ਜ਼ਖ਼ਮੀ ਕਰਕੇ 40 ਤੋਂ ਜ਼ਿਆਦਾ ਮੁਸਾਫਿਰਾਂ ਤੋਂ ਸਭ ਕੁਝ ਲੁੱਟ ਕੇ ਤੁਰਦੇ ਬਣੇ। 
* 3 ਜੁਲਾਈ ਦੀ ਰਾਤ ਨੂੰ ਮੱਧ ਪ੍ਰਦੇਸ਼ ''ਚ ਬੈਕੁੰਠ ਅਤੇ ਸਿਲਯਾਰੀ ਦਰਮਿਆਨ 7-8 ਨੌਜਵਾਨਾਂ ਨੇ ਕੋਰਬਾ-ਵਿਸ਼ਾਖਾਪਟਨਮ ਲਿੰਕ ਐਕਸਪ੍ਰੈੱਸ ਨੂੰ  ਜ਼ੰਜੀਰ ਖਿੱਚ ਕੇ ਰੋਕ ਲਿਆ ਅਤੇ ਸਲੀਪਰ ਕੋਚ ''ਚ ਸਫਰ ਕਰ ਰਹੀਆਂ ਔਰਤਾਂ ਨੂੰ ਲੁੱਟ ਲਿਆ।
* 18 ਜੁਲਾਈ ਦੀ ਰਾਤ ਨੂੰ ਕਟਿਹਾਰ ਤੋਂ ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ ''ਚ ਬਰੌਨੀ ਰੇਲਵੇ ਸਟੇਸ਼ਨ ਨੇੜੇ ਹਥਿਆਰਬੰਦ ਡਾਕੂਆਂ ਨੇ ਖੂਬ ਲੁੱਟ ਮਚਾਈ ਤੇ ਸੀ. ਆਰ. ਪੀ. ਐੱਫ. ਦੇ ਇਕ ਕਮਾਂਡੈਂਟ ਤੋਂ ਸਾਢੇ 3 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟਣ ਤੋਂ ਇਲਾਵਾ ਦਰਜਨ ਭਰ ਹੋਰਨਾਂ ਮੁਸਾਫਿਰਾਂ ਨੂੰ ਵੀ ਲੁੱਟ ਕੇ ਫਰਾਰ ਹੋ ਗਏ।
* 21 ਜੁਲਾਈ ਨੂੰ ਕਾਸਗੰਜ ਤੋਂ ਮੁਥਰਾ ਜਾਣ ਵਾਲੀ ਗੱਡੀ ''ਚ ਪਰਿਵਾਰ ਸਮੇਤ ਮਥੁਰਾ ਪਰਤ ਰਹੇ ਰੌਕੀ ਨਾਮੀ ਨੌਜਵਾਨ ਨੂੰ ਏਟਾ ਨੇੜੇ ਜੀ. ਆਰ. ਪੀ. ਦੇ ਦੋ ਸਿਪਾਹੀਆਂ ਨੇ ਚਲਦੀ ਗੱਡੀ ''ਚੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 22 ਜੁਲਾਈ ਦੀ ਰਾਤ ਨੂੰ ਮੱਧ ਪ੍ਰਦੇਸ਼ ਦੇ ਮਹੂਗੜ੍ਹਾ ਸਟੇਸ਼ਨ ''ਤੇ ਕੋਟਾ-ਦਮੋਹ ਗੱਡੀ ਰਾਹੀਂ ਗੁਨਾ ਆ ਰਹੇ ਰਿਆਜ਼ ਮੁਹੰਮਦ ਨੇ ਆਪਣੀ ਪਤਨੀ ਦਾ ਪਰਸ ਖੋਹ ਕੇ ਭੱਜ ਰਹੇ ਲੁਟੇਰੇ ਪਿੱਛੇ ਚਲਦੀ ਗੱਡੀ ''ਚੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸਦੀ ਇਕ ਬਾਂਹ ਕੱਟੀ ਗਈ। ਆਪਣੀ ਦੁੱਧ ਪੀਂਦੀ ਬੱਚੀ ਨੂੰ ਛੱਡ ਕੇ ਰਿਆਜ਼ ਦੇ ਪਿੱਛੇ-ਪਿੱਛੇ ਉਸਦੀ ਪਤਨੀ ਨੇ ਵੀ ਛਾਲ ਮਾਰ ਦਿੱਤੀ ਤੇ ਉਹ ਵੀ ਜ਼ਖ਼ਮੀ ਹੋ ਗਈ। 
* 24 ਜੁਲਾਈ ਨੂੰ ਬਿਹਾਰ ''ਚ ਹਾਜੀਪੁਰ ਨੇੜੇ ਗੰਡਕ ਨਦੀ ਦੇ ਪੁਲ ਲਾਗੇ ਇਕ ਰੇਲਗੱਡੀ ''ਚ ਇਕ ਔਰਤ ਨੇ ਕੁਝ ਲੋਕਾਂ ਵਲੋਂ ਛੇੜਖਾਨੀ ਕੀਤੇ ਜਾਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਔਰਤ ਨੂੰ ਹੀ ਚਲਦੀ ਗੱਡੀ ''ਚੋਂ ਹੇਠਾਂ ਸੁੱਟ ਦਿੱਤਾ।
* 24 ਜੁਲਾਈ ਨੂੰ ਹੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ਸਿਕੰਦਰਾ ਰਾਊ ਰੇਲਵੇ ਸਟੇਸ਼ਨ ਨੇੜੇ ਕਾਸਗੰਜ-ਮਥੁਰਾ ਪੈਸੰਜਰ ਗੱਡੀ ਰਾਹੀਂ ਮਥੁਰਾ ਜਾ ਰਹੇ ਰਾਸ਼ਟਰ ਪੱਧਰੀ ਤਲਵਾਰਬਾਜ਼ੀ ਚੈਂਪੀਅਨ ''ਹੁਸ਼ਿਆਰ ਸਿੰਘ'' ਨੂੰ ਰੇਲਵੇ ਪੁਲਸ ਦੇ ਮੁਲਾਜ਼ਮਾਂ ਨੇ ਚਲਦੀ ਟ੍ਰੇਨ ''ਚੋਂ ਧੱਕਾ ਦੇ ਦਿੱਤਾ, ਜਿਸ ਦੇ ਸਿੱਟੇ ਵਜੋਂ ਉਸਦੀ ਮੌਤ ਹੋ ਗਈ।
ਹੁਸ਼ਿਆਰ ਸਿੰਘ ਦੇ ਛੋਟੇ ਭਰਾ ਮੁਨੀਸ਼ ਕੁਮਾਰ ਦਾ ਦੋਸ਼ ਹੈ ਕਿ ਗੱਡੀ ਦੇ ਮਹਿਲਾ ਡੱਬੇ ''ਚ ਉਨ੍ਹਾਂ ਦੀ ਮਾਂ ਤੇ ਬੀਮਾਰ ਪਤਨੀ ਆਪਣੇ 10 ਮਹੀਨਿਆਂ ਦੇ ਬੇਟੇ ਨਾਲ ਸਫਰ ਕਰ ਰਹੀਆਂ ਸਨ। ਜਦੋਂ ਹੁਸ਼ਿਆਰ ਸਿੰਘ ਉਨ੍ਹਾਂ ਨੂੰ ਮਿਲਣ ਪਹੁੰਚਿਆ ਤਾਂ ਉਥੇ ਤਾਇਨਾਤ ਜੀ. ਆਰ. ਪੀ. ਵਾਲਿਆਂ ਨੇ ਉਸ ਤੋਂ 200 ਰੁਪਏ ਰਿਸ਼ਵਤ ਮੰਗੀ। ਹੁਸ਼ਿਆਰ ਸਿੰਘ ਵਲੋਂ ਇਨਕਾਰ ਕਰਨ ''ਤੇ ਉਨ੍ਹਾਂ ਨੇ ਉਸ ਨੂੰ ਚਲਦੀ ਗੱਡੀ ''ਚੋਂ ਧੱਕਾ ਦੇ ਦਿੱਤਾ।
ਰੇਲਗੱਡੀਆਂ ''ਚ ਉਗਰਾਹੀ ਕਰਨ ਅਤੇ ਖਰੀਦਦਾਰੀ ਕਰਨ ਜਾ ਰਹੇ ਜਾਂ ਵਾਪਸ ਆ ਰਹੇ ਕਾਰੋਬਾਰੀ, ਵਿਦਿਆਰਥੀ, ਨੌਕਰੀਪੇਸ਼ਾ, ਵਿਆਹਾਂ ਆਦਿ ''ਚ ਜਾ ਰਹੇ ਲੋਕ, ਨਵ-ਵਿਆਹੁਤਾ ਜੋੜੇ ਅਤੇ ਹੋਰ ਲੋਕ ਸਫਰ ਕਰਦੇ ਹਨ, ਜਿਨ੍ਹਾਂ ਕੋਲ ਸਮਰੱਥਾ ਮੁਤਾਬਿਕ ਗਹਿਣੇ, ਕੱਪੜੇ-ਲੱਤੇ ਅਤੇ ਨਕਦੀ ਆਦਿ ਵੀ ਹੁੰਦੀ ਹੈ। ਅਜਿਹੀ ਸਥਿਤੀ ''ਚ ਜੇ ਡੱਬੇ ''ਚ ਸਫਰ ਕਰ ਰਹੇ ਇੰਨੇ ਲੋਕਾਂ ਦੀ ਮੌਜੂਦਗੀ ''ਚ ਉਨ੍ਹਾਂ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਫਿਰ ਤਾਂ ਲੋਕ ਰੇਲਗੱਡੀਆਂ ''ਚ ਸਫਰ ਕਰਨ ਦੇ ਨਾਂ ਤੋਂ ਹੀ ਡਰਨ ਲੱਗਣਗੇ।
ਰੇਲਗੱਡੀਆਂ ''ਚ ਗੁੰਡਾਗਰਦੀ ਦੇ ਇਹ ਤਾਂ ਕੁਝ ਨਮੂਨੇ ਹਨ ਅਤੇ ਬਹੁਤੀਆਂ ਘਟਨਾਵਾਂ ਰਾਤ ਨੂੰ ਹੀ ਹੁੰਦੀਆਂ ਹਨ। ਸਪੱਸ਼ਟ ਹੈ ਕਿ ਰੇਲਵੇ ਸੁਰੱਖਿਆ ਬਲ ਆਪਣਾ ਫਰਜ਼ ਤਸੱਲੀਬਖਸ਼ ਢੰਗ ਨਾਲ ਨਿਭਾਉਣ ''ਚ ਅਸਫਲ ਲੱਗਦੇ ਹਨ। ਜੇ ਪ੍ਰਸ਼ਾਸਨ ਨੇ ਇਸ ਰੁਝਾਨ ਨੂੰ ਛੇਤੀ ਨੱਥ ਨਾ ਪਾਈ ਤਾਂ ਭਵਿੱਖ ''ਚ ਸਥਿਤੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ।        
—ਵਿਜੇ ਕੁਮਾਰ


Vijay Kumar Chopra

Chief Editor

Related News