ਸਮਾਜਿਕ ਕੁਰੀਤੀਆਂ ਦੂਰ ਕਰਨ ਦੀ ਦਿਸ਼ਾ ਵਿਚ ‘ਸਹਰਾਵਤ ਖਾਪ’ ਨੇ ਲਏ ਸ਼ਲਾਘਾਯੋਗ ਫੈਸਲੇ

02/09/2020 1:30:25 AM

ਮੇਨ ਆਰਟੀਕਲ

‘ਖਾਪ’ ਜਾਂ ‘ਸਰਵਖਾਪ’ ਇਕ ਜਮਹੂਰੀ, ਸਮਾਜਿਕ ਪ੍ਰਸ਼ਾਸਨ ਪ੍ਰਣਾਲੀ ਅਤੇ ਸੰਗਠਨ ਹੈ, ਜੋ ਪ੍ਰਾਚੀਨਕਾਲ ਤੋਂ ਦੇਸ਼ ਦੇ ਅਨੇਕ ਸੂਬਿਆਂ ਵਿਚ ਪ੍ਰਚੱਲਿਤ ਹੈ। ਇਹ ਅਦਾਲਤਾਂ ਤੋਂ ਬਾਹਰ ਆਪਸ ਵਿਚ ਮਿਲ-ਬੈਠ ਕੇ ਝਗੜੇ ਨਿਪਟਾਉਂਦੀਆਂ ਹਨ। ਹਾਲਾਂਕਿ ਅਤੀਤ ਵਿਚ ਖਾਪ ਪੰਚਾਇਤਾਂ ਵਲੋਂ ਲਏ ਗਏ ਕੁਝ ‘ਤਾਲਿਬਾਨੀ’ ਫੈਸਲਿਆਂ ਲਈ ਇਨ੍ਹਾਂ ਨੂੰ ‘ਕੰਗਾਰੂ ਅਦਾਲਤਾਂ’ ਵੀ ਕਿਹਾ ਜਾਂਦਾ ਰਿਹਾ ਹੈ ਪਰ ਹੁਣ ਬਦਲਦੇ ਮਾਹੌਲ ਵਿਚ ਇਹ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਅਨੇਕ ਸੁਧਾਰਵਾਦੀ ਅਤੇ ਪ੍ਰਗਤੀਸ਼ੀਲ ਫੈਸਲੇ ਲੈ ਕੇ ਆਪਣੇ ਸਮਾਜ ਦੀ ਤਰੱਕੀ ਵਿਚ ਸਾਕਾਰਾਤਮਕ ਯੋਗਦਾਨ ਦੇ ਰਹੀਅਾਂ ਹਨ। ਇਸੇ ਲੜੀ ਵਿਚ 2 ਫਰਵਰੀ ਨੂੰ ਹਰਿਆਣਾ ਵਿਚ ਸੋਨੀਪਤ ਜ਼ਿਲੇ ਦੀ ਗੁਹਾਨਾ ਸਬ-ਡਵੀਜ਼ਨ ਦੇ ਪਿੰਡ ਜਾਗਸੀ ਵਿਚ ਸੂਬੇਦਾਰ ਮੇਜਰ (ਰਿ.) ਸਤਵੀਰ ਸਿੰਘ ਸਹਰਾਵਤ ਦੀ ਪ੍ਰਧਾਨਗੀ ਵਿਚ ਹਰਿਆਣਾ ਦੇ 22 ਪਿੰਡਾਂ ’ਤੇ ਆਪਣਾ ਪ੍ਰਭਾਵ ਰੱਖਣ ਵਾਲੀ ‘ਸਹਰਾਵਤ ਖਾਪ’ ਵੀ ਪੰਚਾਇਤ ਵਿਚ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਚਰਚਾ ਕਰ ਕੇ ਅਨੇਕ ਸਾਕਾਰਾਤਮਕ ਫੈਸਲੇ ਲਏ ਗਏ। ਇਨ੍ਹਾਂ ਅਨੁਸਾਰ ਵਿਆਹਾਂ ਵਿਚ ਫਜ਼ੂਲਖਰਚੀ ਕਰਨ, ਤੇਜ਼ ਆਵਾਜ਼ ਵਿਚ ਸੰਗੀਤ ਵਜਾਉਣ ਅਤੇ ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਕਿਸੇ ਹੋਰ ਮੌਕੇ ’ਤੇ ਸ਼ਰਾਬ ਪੀਣ ਅਤੇ ਖੁਸ਼ੀ ਵਿਚ ਫਾਇਰਿੰਗ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਪੰਚਾਇਤ ਦੇ ਮੈਂਬਰਾਂ ਨੇ ਸੰਕਲਪ ਲਿਆ ਕਿ ਸਹਰਾਵਤ ਗੋਤ ਦੇ ਲੋਕ ਆਪਣੇ ਬੱਚਿਆਂ ਨੂੰ ਭਾਵੇੇਂ ਉਹ ਲੜਕਾ ਹੋਵੇ ਜਾਂ ਲੜਕੀ, ਘੱਟੋ-ਘੱਟ ਦਸਵੀਂ ਕਲਾਸ ਤਕ ਜ਼ਰੂਰ ਪੜ੍ਹਾਉਣਗੇ ਕਿਉਂਕਿ ਬੱਚੇ ਪੜ੍ਹਾਈ ਵਿਚਾਲੇ ਹੀ ਛੱਡ ਕੇ ਨਸ਼ਿਆਂ ਵਿਚ ਪੈ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਪੜ੍ਹਾਉਣਾ ਜ਼ਰੂਰੀ ਹੈ ਅਤੇ ਸਾਖਰਤਾ ਦੀ ਘਾਟ ਕਾਰਣ ਅਨੇਕ ਵਿਆਹ ਵੀ ਟੁੱਟ ਜਾਂਦੇ ਹਨ ਪੰਚਾਇਤ ਵਿਚ ‘ਮ੍ਰਿਤਯੂ ਭੋਜ’ ਅਤੇ ਕੰਨਿਆ ਭਰੂਣ ਹੱਤਿਆ ’ਤੇ ਰੋਕ ਲਾਉਣ ਦਾ ਵੀ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਕੰਨਿਆ ਭਰੂਣ ਹੱਤਿਆ ਵਿਚ ਸ਼ਾਮਲ ਪਾਏ ਜਾਣ ਵਾਲੇ ਸਹਰਾਵਤ ਗੋਤ ਦੇ ਕਿਸੇ ਵੀ ਮੈਂਬਰ ਦਾ ਕਿਸੇ ਵੀ ਮਾਮਲੇ ਵਿਚ ਪੰਚਾਇਤ ਸਾਥ ਨਹੀਂ ਦੇਵੇਗੀ। ਇਨ੍ਹਾਂ ਸਭ ਫੈਸਲਿਆਂ ਬਾਰੇ ਸਹਰਾਵਤ ਗੋਤ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਖਾਪ ਦੇ ਇਕ ਮੈਂਬਰ ਰਾਮਨਿਵਾਸ ਅਨੁਸਾਰ ਵਿਆਹਾਂ ਵਿਚ ਫਜ਼ੂਲਖਰਚੀ ਕਾਰਣ ਅਨੇਕ ਪਰਿਵਾਰ ਕਰਜ਼ੇ ਵਿਚ ਫਸ ਜਾਂਦੇ ਹਨ, ਜਿਸ ਨੂੰ ਰੋਕਣ ਲਈ ਹੀ ਵਿਆਹਾਂ ਵਿਚ ਫਜ਼ਲੂਖਰਚੀ ’ਤੇ ਰੋਕ ਲਾਈ ਗਈ ਹੈ। ਇਸ ਮੌਕੇ ’ਤੇ ਇਕ ਹੋਰ ਖਾਪ ‘ਨਾਂਦਲ’ ਦੇ ਪ੍ਰਧਾਨ ਮਹਿੰਦਰ ਨਾਂਦਲ ਨੇ ਕਿਹਾ ਕਿ ਉਹ ਸੂਬੇ ਦੀਆਂ ਹੋਰ ਖਾਪਾਂ ਦੇ ਨਾਲ ਵੀ ਅਜਿਹਾ ਹੀ ਫੈਸਲਾ ਲੈਣ ਦੇ ਸਬੰਧ ’ਚ ਚਰਚਾ ਕਰਨਗੇ। ਭਾਰਤ ਪਿੰਡਾਂ ਦਾ ਦੇਸ਼ ਹੈ ਅਤੇ ਦੇਸ਼ ਦੀ ਬਹੁਗਿਣਤੀ ਪਿੰਡਾਂ ਵਿਚ ਹੀ ਵਸਦੀ ਹੈ। ਅਜਿਹੀ ਹਾਲਤ ਵਿਚ ਜੇਕਰ ਕੰਨਿਆ ਭਰੂਣ ਹੱਤਿਆ, ਸ਼ਰਾਬ ਸੇਵਨ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਅਤੇ ਵਿਆਹਾਂ ਵਿਚ ਸਾਦਗੀ ਬਾਰੇ ਖਾਪ ਪੰਚਾਇਤਾਂ ਦੇ ਉਕਤ ਫੈਸਲਿਆਂ ਦਾ ਸਬੰਧਤ ਪੰਚਾਇਤਾਂ ਦੇ ਨਾਲ-ਨਾਲ ਸਬੰਧਤ ਸੂਬਾਈ ਸਰਕਾਰਾਂ ਅਤੇ ਹੋਰ ਪੰਚਾਇਤਾਂ ਦੇ ਲੋਕ ਵੀ ਸਮਰਥਨ ਕਰਨ ਲੱਗਣ ਤਾਂ ਸ਼ਾਇਦ ਸਮਾਜ ਨੂੰ ਇਨ੍ਹਾਂ ਕੁਰੀਤੀਆਂ ਤੋਂ ਮੁਕਤੀ ਮਿਲ ਸਕੇਗੀ।


Bharat Thapa

Content Editor

Related News