22 ਸਾਲ ਬਾਅਦ ਸੰਸਦ ’ਤੇ ਫਿਰ ਹੋਇਆ ਹਮਲਾ

Thursday, Dec 14, 2023 - 05:22 AM (IST)

13 ਦਸੰਬਰ, 2001 ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮਹਿਲਾ ਰਿਜ਼ਰਵੇਸ਼ਨ ਬਿੱਲ ’ਤੇ ਹੰਗਾਮੇ ਪਿੱਛੋਂ 11.02 ਵਜੇ ਸੰਸਦ ਨੂੰ ਮੁਲਤਵੀ ਕਰਨ ਦੇ ਲਗਭਗ ਅੱਧੇ ਘੰਟੇ ਬਾਅਦ 11.30 ਵਜੇ ਸਫੈਦ ਅੰਬੈਸਡਰ ਕਾਰ ’ਚ ਸਵਾਰ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੇ ਸੰਸਦ ਕੰਪਲੈਕਸ ’ਚ ਹਮਲਾ ਕਰ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ 9 ਜਵਾਨ ਸ਼ਹੀਦ ਹੋ ਗਏ ਸਨ।

15 ਦਸੰਬਰ, 2001 ਨੂੰ ਇਸ ਹਮਲੇ ਦੇ ਮਾਸਟਰ ਮਾਈਂਡ ਅਫਜ਼ਲ ਗੁਰੂ, ਐੱਸ. ਏ. ਆਰ. ਗਿਲਾਨੀ, ਅਫਸ਼ਾਨ ਗੁਰੂ ਤੇ ਸ਼ੌਕਤ ਹੁਸੈਨ ਗ੍ਰਿਫਤਾਰ ਕਰ ਲਏ ਗਏ। ਇਨ੍ਹਾਂ ’ਚੋਂ ਗਿਲਾਨੀ ਤੇ ਅਫਸ਼ਾਨ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਜਦਕਿ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਅਤੇ ਉਸ ਨੂੰ 9 ਫਰਵਰੀ, 2013 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਹੁਣ 13 ਦਸੰਬਰ ਨੂੰ ਉਕਤ ਹਮਲੇ ਦੀ 22ਵੀਂ ਬਰਸੀ ’ਤੇ ਸੰਸਦ ਦੀ ਸੁਰੱਖਿਆ ਫਿਰ ਭੰਗ ਹੋਈ, ਜਦੋਂ ਲੋਕ ਸਭਾ ’ਚ ਜ਼ੀਰੋ ਕਾਲ ਦੌਰਾਨ 2 ਨੌਜਵਾਨ ਸਾਗਰ ਅਤੇ ਮਨੋਰੰਜਨ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਦੌੜਦੇ ਹੋਏ ਸੰਸਦ ਮੈਂਬਰਾਂ ਤੱਕ ਪਹੁੰਚ ਗਏ ਅਤੇ ਬੈਂਚਾਂ ’ਤੇ ਚੜ੍ਹ ਕੇ ਸਪੀਕਰ ਵੱਲ ਦੌੜਨ ਲੱਗੇ ਜਿਸ ਨਾਲ ਹਫੜਾ-ਦਫੜੀ ਮੱਚ ਗਈ।

ਇਸ ਦੌਰਾਨ ਉਨ੍ਹਾਂ ਨੇ ਧੂੰਆਂ ਛੱਡਣ ਵਾਲੀ ਕੈਨ ਰਾਹੀਂ ਧੂੰਆਂ ਫੈਲਾਅ ਦਿੱਤਾ। ਉਹ ਸਦਨ ’ਚ ਇਕ ਬੈਂਚ ਤੋਂ ਦੂਜੇ ਬੈਂਚ ਵੱਲ ਦੌੜਦੇ ਰਹੇ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਹੱਥ ਨਹੀਂ ਆ ਰਹੇ ਸਨ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਕੁਝ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਕੁਝ ਨੇ ਇਨ੍ਹਾਂ ਦੀ ਕੁੱਟਮਾਰ ਕਰਨ ਪਿੱਛੋਂ ਸੁਰੱਖਿਆ ਮੁਲਾਜ਼ਮਾਂ ਨੂੰ ਸੌਂਪ ਦਿੱਤਾ। ਦੋਵੇਂ ਹੀ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਦੇ ਨਾਂ ’ਤੇ ਲੋਕ ਸਭਾ ਵਿਜ਼ਿਟਰ ਪਾਸ ’ਤੇ ਅੰਦਰ ਆਏ ਸਨ।

ਇਸ ਘਟਨਾ ਦੇ ਕੁਝ ਹੀ ਸਮੇਂ ਪਿੱਛੋਂ ਪੀਲੇ ਅਤੇ ਲਾਲ ਰੰਗ ਦਾ ਧੂੰਆਂ ਛੱਡਣ ਵਾਲੀ ਕੈਨ ਲੈ ਕੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਇਕ ਮਰਦ ਅਮੋਲ ਛਿੰਦੇ ਅਤੇ ਇਕ ਔਰਤ ਨੀਲਮ ਆਜ਼ਾਦ ਨੂੰ ਹਿਰਾਸਤ ’ਚ ਲਿਆ ਗਿਆ। ਇਹ ਦੋਵੇਂ ਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲੀ ਕੈਨ ਖੋਲ੍ਹਣ ਪਿੱਛੋਂ ‘ਤਾਨਾਸ਼ਾਹੀ ਨਹੀਂ ਚੱਲੇਗੀ’, ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਭੀਮ, ਜੈ ਭਾਰਤ’ ਦੇ ਨਾਅਰੇ ਲਾ ਰਹੇ ਸਨ। ਇਸ ਸਾਜ਼ਿਸ਼ ’ਚ ਸ਼ਾਮਲ 6 ਲੋਕਾਂ ’ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ 1 ਅਜੇ ਫਰਾਰ ਹੈ।

ਘਟਨਾ ਦੇ ਸਮੇਂ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ਆਪਣੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੈਂ ਭਾਸ਼ਣ ਦੇ ਰਿਹਾ ਸੀ, ਉਦੋਂ ਹੀ ਸੱਜੇ ਪਾਸਿਓਂ ਆਵਾਜ਼ ਆਈ। ਮੈਨੂੰ ਪਤਾ ਲੱਗਾ ਕਿ ਕੋਈ ਆ ਰਿਹਾ ਹੈ ਅਤੇ ਉਦੋਂ ਹੀ ਸਾਹਮਣਿਓਂ ਸੰਸਦ ਮੈਂਬਰ ਅਤੇ ਸਿਕਿਓਰਿਟੀ ਗਾਰਡ ਫੜੋ-ਫੜੋ ਚੀਕਣ ਲੱਗੇ। ਸਦਨ ਧੂੰਏਂ ਨਾਲ ਭਰ ਗਿਆ। ਨੌਜਵਾਨ ਸਿੱਧੇ ਸਪੀਕਰ ਵੱਲ ਜਾ ਰਹੇ ਸਨ ਅਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਨਾਅਰਾ ਲਾ ਰਹੇ ਸਨ।’’

ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਅਨੁਸਾਰ, ‘‘ਇਨ੍ਹਾਂ ਲੋਕਾਂ ਕੋਲ ਕਨਸਤਰ ਸਨ ਜਿਨ੍ਹਾਂ ’ਚੋਂ ਪੀਲੇ ਰੰਗ ਦੀ ਗੈਸ ਨਿਕਲ ਰਹੀ ਸੀ ਅਤੇ ਦੋਵਾਂ ’ਚੋਂ ਇਕ ਵਿਅਕਤੀ ਦੌੜ ਕੇ ਸਪੀਕਰ ਦੀ ਚੇਅਰ ਦੇ ਸਾਹਮਣੇ ਪਹੁੰਚ ਗਿਆ ਸੀ।’’

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਧੋਪਾਧਿਆਏ ਅਨੁਸਾਰ, ‘‘ਇਹ ਡਰਾਉਣਾ ਤਜਰਬਾ ਸੀ। ਉਹ ਧਮਾਕਾ ਕਰ ਸਕਦੇ ਸਨ, ਕਿਸੇ ਨੂੰ ਗੋਲੀ ਮਾਰ ਸਕਦੇ ਸਨ। ਉਹ ਧੂੰਆਂ ਛੱਡਣ ਵਾਲੇ ਉਪਕਰਨ ਦੇ ਨਾਲ ਸਦਨ ’ਚ ਕਿਵੇਂ ਦਾਖਲ ਹੋ ਸਕਦੇ ਸਨ।’’

ਸਪਾ ਸੰਸਦ ਮੈਂਬਰ ਐੱਸ. ਟੀ. ਹਸਨ ਨੇ ਕਿਹਾ, ‘‘ਸਾਨੂੰ ਸੰਸਦ ਦੀ ਸੁਰੱਖਿਆ ’ਚ ਭਾਰੀ ਖਾਮੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਤਾਂ ਕੋਈ ਜੁੱਤੇ ’ਚ ਬੰਬ ਰੱਖ ਕੇ ਵੀ ਆ ਸਕਦਾ ਹੈ।’’

ਸੰਸਦ ਸਾਡੇ ਦੇਸ਼ ਦੇ ਸਭ ਤੋਂ ਉੱਚ ਸੁਰੱਖਿਆ ਵਾਲੇ ਭਵਨਾਂ ’ਚੋਂ ਇਕ ਹੈ ਅਤੇ ਨਵੇਂ ਸੰਸਦ ਭਵਨ ’ਚ ਸੁਰੱਖਿਆ ਨਾਲ ਖਿਲਵਾੜ ਦਾ ਇਹ ਪਹਿਲਾ ਮਾਮਲਾ ਹੈ, ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਸੰਸਦ ’ਤੇ ਹਮਲੇ ਦੀ ਬਰਸੀ ’ਤੇ ਇਸ ਹੰਗਾਮੇ ਦੇ ਪਿੱਛੇ ਕੀ ਕੋਈ ਸਾਜ਼ਿਸ਼ ਸੀ?

ਵਰਨਣਯੋਗ ਹੈ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੰਸਦ ’ਤੇ ਹਮਲੇ ਦੀ ਧਮਕੀ ਦਿੱਤੀ ਸੀ ਅਤੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ‘‘ਅਸੀਂ ਸੰਸਦ ’ਤੇ ਹਮਲੇ ਦੀ ਬਰਸੀ ਵਾਲੇ ਦਿਨ ਭਾਵ 13 ਦਸੰਬਰ ਜਾਂ ਇਸ ਤੋਂ ਪਹਿਲਾਂ ਸੰਸਦ ਦੀ ਨੀਂਹ ਹਿਲਾ ਦਿਆਂਗੇ।’’ ਪੰਨੂ ਨੇ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨਾਲ ਇਕ ਪੋਸਟਰ ਵੀ ਜਾਰੀ ਕੀਤਾ ਸੀ।

ਵਰਨਣਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ’ਚ ਹਾਜ਼ਰ ਨਹੀਂ ਸਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ‘‘ਜੋ ਧੂੰਆਂ ਸਦਨ ’ਚ ਫੈਲਾਇਆ ਗਿਆ ਸੀ ਉਹ ਸਾਧਾਰਨ ਸੀ, ਉਸ ਨੂੰ ਲੈ ਕੇ ਕੋਈ ਚਿੰਤਾ ਦੀ ਗੱਲ ਨਹੀਂ ਹੈ।’’ ਸੁਰੱਖਿਆ ਦੀ ਉਕਾਈ ਦੀ ਘਟਨਾ ਪਿੱਛੋਂ ਲੋਕ ਸਭਾ ਸਪੀਕਰ ਨੇ ਸਾਰੀਆਂ ਪਾਰਟੀਆਂ ਦੀ ਬੈਠਕ ਵੀ ਸੱਦੀ।

ਭਾਵੇਂ ਹੀ ਇਸ ਘਟਨਾ ’ਚ ਜਾਨ-ਮਾਲ ਦੀ ਹਾਨੀ ਨਹੀਂ ਹੋਈ ਪਰ ਉਕਤ ਘਟਨਾ ਨੇ ਇਕ ਵਾਰ ਫਿਰ ਦੇਸ਼ ’ਚ ਲੋਕਤੰਤਰ ਦੇ ਸਭ ਤੋਂ ਵੱਡੇ ‘ਮੰਦਰ’ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਪਿੱਛੋਂ ਇਸ ਦੇ ਕਾਰਨਾਂ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਹੈ।

- ਵਿਜੇ ਕੁਮਾਰ


Anmol Tagra

Content Editor

Related News