ਅਮਰੀਕਾ ਤਾਈਵਾਨ ਦੇ ਨਾਲ ਮਿਲ ਕੇ ਬਣਾਏਗਾ ਹਥਿਆਰ

Friday, Nov 11, 2022 - 10:27 PM (IST)

ਅਮਰੀਕਾ ਤਾਈਵਾਨ ਦੇ ਨਾਲ ਮਿਲ ਕੇ ਬਣਾਏਗਾ ਹਥਿਆਰ

ਚੀਨ ਦਾ ਸੰਭਾਵਿਤ ਖਤਰਾ ਤਾਈਵਾਨ ’ਤੇ ਲਗਾਤਾਰ ਬਣਿਆ ਹੋਇਆ ਹੈ। ਇਕ ਦਹਾਕੇ ’ਚ 2 ਵਾਰ ਹੋਣ ਵਾਲੀ 20ਵੀਂ ਰਾਸ਼ਟਰੀ ਕਾਂਗਰਸ ’ਚ ਸ਼ੀ ਜਿਨਪਿੰਗ ਨੇ ਇਕ ਵਾਰ ਫਿਰ ਤਾਈਵਾਨ ਨੂੰ ਚੀਨ ਦਾ ਹਿੱਸਾ ਦੱਸਦੇ ਹੋਏ ਕਿਹਾ ਹੈ ਕਿ ਚੀਨ ਸ਼ਾਂਤੀਪੂਰਨ ਢੰਗ ਨਾਲ ਤਾਈਵਾਨ ਨੂੰ ਆਪਣੇ ਦੇਸ਼ ’ਚ ਮਿਲਾਏਗਾ ਪਰ ਜੇਕਰ ਗੱਲ ਨਾ ਬਣੀ ਤਾਂ ਸ਼ਕਤੀ ਦੀ ਵਰਤੋਂ ਤੋਂ ਕੋਈ ਪਰਹੇਜ਼ ਕੀਤੇ ਬਿਨਾਂ ਚੀਨ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਜ਼ਰੂਰ ਬਣਾਵੇਗਾ।

ਚੀਨ ਤੋਂ ਸਮੇਂ-ਸਮੇਂ ’ਤੇ ਮਿਲ ਰਹੀਆਂ ਧਮਕੀਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਨੇ ਤੈਅ ਕੀਤਾ ਹੈ ਕਿ ਹੁਣ ਉਹ ਤਾਈਵਾਨ ਦੇ ਨਾਲ ਮਿਲ ਕੇ ਹਥਿਆਰਾਂ ਦਾ ਨਿਰਮਾਣ ਕਰੇਗੀ। ਅਮਰੀਕਾ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਤਾਈਵਾਨ ਨੂੰ ਹਰ ਸਮੇਂ ਆਪਣੇ ਉਪਰ ਨਿਰਭਰ ਨਹੀਂ ਬਣਾ ਸਕਦਾ। ਇਸ ਲਈ ਤਾਈਵਾਨ ਦੇ ਕੋਲ ਖੁਦ ਦੇ ਇੰਨੇ ਖਤਰਨਾਕ ਹਥਿਆਰ ਹੋਣੇ ਚਾਹੀਦੇ ਹਨ ਜਿਸ ਨਾਲ ਉਹ ਚੀਨ ਦੀ ਦਾਦਾਗਿਰੀ ਤੋਂ ਖੁਦ ਨੂੰ ਬਚਾਉਣ ’ਚ ਸਮਰਥ ਰਹੇ। ਚੀਨ ਨੇ ਜਦੋਂ ਤੋਂ ਤਾਈਵਾਨ ’ਤੇ ਆਪਣਾ ਫੌਜੀ ਦਬਾਅ ਬਣਾਉਣਾ ਸ਼ੁਰੂ ਕੀਤਾ ਹੈ, ਉਸ ਦੇ ਬਾਅਦ ਤੋਂ ਹੀ ਅਮਰੀਕਾ ਤਾਈਵਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਸਾਲ 2017 ਤੋਂ ਹੀ ਅਮਰੀਕੀ ਰਾਸ਼ਟਰਪਤੀਆਂ ਨੇ ਤਾਈਵਾਨ ਨੂੰ 20 ਅਰਬ ਅਮਰੀਕੀ ਡਾਲਰ ਦੇ ਹਥਿਆਰ ਮੁਹੱਈਆ ਕਰਾਉਣ ’ਤੇ ਮੋਹਰ ਲਾਈ ਹੈ ਜਿਸ ਨਾਲ ਚੀਨ ਦੇ ਹਮਲੇ ਦੇ ਦੌਰਾਨ ਤਾਈਵਾਨ ਆਪਣੀ ਰੱਖਿਆ ਖੁਦ ਕਰ ਸਕੇ।

ਪਰ ਯੂਕ੍ਰੇਨ-ਰੂਸ ਜੰਗ ਕਾਰਨ ਹਥਿਆਰਾਂ ਦੀ ਡਲਿਵਰੀ ’ਚ ਹੋਣ ਵਾਲੀ ਦੇਰੀ ਨੂੰ ਲੈ ਕੇ ਤਾਈਵਾਨ ਤੇ ਅਮਰੀਕੀ ਕਾਂਗਰਸ ਨੇ ਆਪਣੀ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਇਸ ਜੰਗ ਕਾਰਨ ਤਾਈਵਾਨ ਨੂੰ ਸਮੇਂ ’ਤੇ ਹਥਿਆਰ ਨਾ ਮਿਲੇ ਅਤੇ ਵਿਚਾਲੇ ਹੀ ਚੀਨ ਨੇ ਤਾਈਵਾਨ ’ਤੇ ਘਾਤ ਲਾ ਕੇ ਹਮਲਾ ਕਰ ਿਦੱਤਾ ਉਦੋਂ ਉਸ ਸਥਿਤੀ ’ਚ ਕੀ ਹੋਵੇਗਾ। ਓਧਰ ਰੂਪਰਟ ਹੇਮੰਡ ਜੋ ਅਮਰੀਕਾ-ਤਾਈਵਾਨ ਵਪਾਰ ਪ੍ਰੀਸ਼ਦ ਦੇ ਮੁਖੀ ਹਨ, ਨੇ ਕਿਹਾ ਕਿ ਸ਼ੁਰੂਆਤ ’ਚ ਅਜਿਹੀਆਂ ਪ੍ਰੇਸ਼ਾਨੀਆਂ ਜ਼ਰੂਰ ਆ ਰਹੀਆਂ ਹਨ ਪਰ ਆਉਣ ਵਾਲੇ ਦਿਨਾਂ ’ਚ ਵਿਵਸਥਾ ਸਹੀ ਹੋਵੇਗੀ ਅਤੇ ਤਾਈਵਾਨ ਨੂੰ ਸਾਰੇ ਹਥਿਆਰ ਸਮੇਂ ’ਤੇ ਭੇਜੇ ਜਾਣਗੇ। ਨਾਲ ਹੀ ਹੇਮੰਡ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਤਾਈਵਾਨ ਨੂੰ ਜ਼ਿਆਦਾ ਜੰਗੀ ਸਮੱਗਰੀ ਅਤੇ ਲੰਬੇ ਸਮੇਂ ਤੋਂ ਸਥਾਪਤ ਮਿਜ਼ਾਈਲ ਤਕਨਾਲੋਜੀ ਮੁਹੱਈਆ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।

ਹੇਮੰਡ ਨੇ ਇਹ ਦੱਸਿਆ ਕਿ ਤਾਈਵਾਨ ਦੇ ਨਾਲ ਮਿਲ ਕੇ ਹਥਿਆਰਾਂ ਦੇ ਨਿਰਮਾਣ ਤੋਂ ਪਹਿਲਾਂ ਇਹ ਯਕੀਨੀ ਕੀਤਾ ਜਾਵੇਗਾ ਕਿ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਲਈ ਹਥਿਆਰ ਨਿਰਮਾਤਾਵਾਂ ਨੂੰ ਸਰਕਾਰ ਤੇ ਰੱਖਿਆ ਵਿਭਾਗ ਤੋਂ ਸਹਿ-ਉਤਪਾਦਨ ਲਾਇਸੈਂਸ ਲੈਣਾ ਹੋਵੇਗਾ, ਹੈਮੰਡ- ਚੈਂਬਰਸ ਨੇ ਕਿਹਾ ਕਿ ਇਕ ਵਿਦੇਸ਼ੀ ਮੰਚ ਲਈ ਮਹੱਤਵਪੂਰਨ ਤਕਨਾਲੋਜੀ ਨੂੰ ਮਨਜ਼ੂਰੀ ਦੇਣ ਦੇ ਬਾਰੇ ’ਚ ਕਾਹਲੀ ਦੇ ਕਾਰਨ ਅਮਰੀਕੀ ਸਰਕਾਰ ਦੇ ਅੰਦਰ ਸਹਿ-ਉਤਪਾਦਨ ਲਾਇਸੈਂਸ ਜਾਰੀ ਕਰਨ ਦਾ ਵਿਰੋਧ ਹੋ ਸਕਦਾ ਹੈ। ਇਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਅਮਰੀਕਾ ਨੇ ਜ਼ਰੂਰ ਤਾਈਵਾਨ ਦੇ ਨਾਲ ਮਿਲ ਕੇ ਹਥਿਆਰਾਂ ਦੇ ਸਹਿ-ਉਤਪਾਦਨ ਦੀ ਗੱਲ ਕੀਤੀ ਹੈ ਪਰ ਅਜੇ ਤੁਰੰਤ ਇਹ ਕੰਮ ਸ਼ੁਰੂ ਨਹੀਂ ਹੋਣ ਜਾ ਰਿਹਾ ਹੈ।

ਇਸ ਦਾ ਮਤਲਬ ਇਹ ਵੀ ਹੈ ਕਿ ਜੇਕਰ ਚੀਨ ਇਸ ਦਰਮਿਆਨ ਤਾਈਵਾਨ ’ਤੇ ਦਬਾਅ ਪਾਉਂਦਾ ਹੈ ਜਾਂ ਜੰਗ ਦੀ ਧਮਕੀ ਦਿੰਦਾ ਹੈ ਤਾਂ ਅਜਿਹੇ ੍’ਚ ਤਾਈਵਾਨ ਪੂਰੀ ਤਰ੍ਹਾਂ ਆਪਣੇ ਮਿਜ਼ਾਈਲ ਸਿਸਟਮ ’ਤੇ ਨਿਰਭਰ ਕਰਨ ਦੇ ਨਾਲ ਅਮਰੀਕਾ ਤੋਂ ਆਪਣੀ ਰੱਖਿਆ ਦੀ ਆਸ ਜ਼ਰੂਰ ਲਗਾਏਗਾ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਚੀਨੀ ਖਤਰੇ ਨੂੰ ਸਮਾਂ ਰਹਿੰਦੇ ਕੰਟ੍ਰੋਲ ਕੀਤਾ ਜਾ ਸਕੇ।

ਇਸ ਬਾਰੇ ’ਚ ਨਾ ਤਾਂ ਅਮਰੀਕਾ ਵੱਲੋਂ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਤਾਈਵਾਨ ਵੱਲੋਂ ਪਰ ਇੰਨਾ ਤੈਅ ਹੈ ਕਿ ਦੋਵੇਂ ਦੇਸ਼ ਮਿਲ ਕੇ ਹਥਿਆਰ ਬਣਾਉਣਗੇ। ਫਿਰ ਭਾਵੇਂ ਹਥਿਆਰਾਂ ਦਾ ਸਹਿ-ਉਤਪਾਦਨ ਅਮਰੀਕੀ ਤਕਨੀਕ ਦੇ ਨਾਲ ਤਾਈਵਾਨ ’ਚ ਹੋਵੇ ਜਾਂ ਅਮਰੀਕਾ ’ਚ ਤਾਈਵਾਨੀ ਪੁਰਜ਼ਿਆਂ ਨਾਲ ਹਥਿਆਰ ਬਣਾਏ ਜਾਣ। ਹਾਲਾਂਕਿ ਅਮਰੀਕਾ ਨੇ ਕਿਹਾ ਹੈ ਕਿ ਤਾਈਵਾਨ ਦੇ ਨਾਲ ਹਥਿਆਰਾਂ ਦੇ ਸਹਿ-ਉਤਪਾਦਨ ਨੂੰ ਲੈ ਕੇ ਅਮਰੀਕਾ ਹਰ ਪਾਸਿਓਂ ਖੁੱਲ੍ਹੇ ਰੁਖ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਤਾਈਵਾਨ ਨੂੰ ਜਲਦੀ ਤੋਂ ਜਲਦੀ ਰੱਖਿਆ ਯੰਤਰ ਅਤੇ ਹਥਿਆਰ ਿਦੱਤੇ ਜਾ ਸਕਣ।

ਇਸੇ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸਟੈਨਫੋਰਡ ਯੂਨੀਵਰਸਿਟੀ ’ਚ ਕਿਹਾ ਕਿ ਜਿਸ ਤਰ੍ਹਾਂ ਚੀਨ ਆਪਣੀ ਜ਼ਿੱਦ ’ਤੇ ਅੜਿਆ ਹੈ ਤਾਂ ਉਹ ਤਾਈਵਾਨ ਨੂੰ ਜਲਦੀ ਹੀ ਚੀਨ ’ਚ ਮਿਲਾ ਲਵੇਗਾ ਪਰ ਉਸ ਨੇ ਸਮਾਂ ਨਹੀਂ ਦੱਸਿਆ ਤਾਂ ਉਸੇ ਤਰ੍ਹਾਂ ਅਮਰੀਕਾ ਵੀ ਤਾਈਵਾਨ ਦੇ ਨਾਲ ਆਪਣੀ ਯੋਜਨਾ ’ਤੇ ਕੰਮ ਕਰੇਗਾ। ਓਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਕਦੀ ਵੀ ਤਾਈਵਾਨ ’ਤੇ ਆਪਣਾ ਅਧਿਕਾਰ ਨਹੀਂ ਛੱਡੇਗਾ, ਲੋੜ ਪਈ ਤਾਂ ਸ਼ਕਤੀ ਦੀ ਵਰਤੋਂ ਕੀਤੀ ਜਾਵੇਗਾ, ਹਾਲਾਂਕਿ ਚੀਨ ਸ਼ਾਂਤੀਪੂਰਨ ਢੰਗ ਨਾਲ ਇਹ ਕੰਮ ਕਰਨਾ ਚਾਹੇਗਾ ਪਰ ਇਹ ਗੱਲ ਸਾਰੇ ਜਾਣਦੇ ਹਨ ਕਿ ਚੀਨ ਕਿੰਨਾ ਸ਼ਾਂਤੀਪਸੰਦ ਦੇਸ਼ ਹੈ, ਇਸ ਸਾਲ ਦੀ ਸ਼ੁਰੂਆਤ ਤੋਂ ਹੀ ਚੀਨ ਕਈ ਵਾਰ ਆਪਣੇ ਲੜਾਕੂ ਜਹਾਜ਼ਾਂ ਨਾਲ ਤਾਈਵਾਨ ਦੇ ਹਵਾਈ ਇਲਾਕੇ ਦੀ ਉਲੰਘਣਾ ਕਰ ਚੁੱਕਾ ਹੈ, ਚੀਨ ਸਮੇਂ-ਸਮੇਂ ’ਤੇ ਆਪਣੇ ਜੰਗੀ ਬੇੜੇ ਵੀ ਤਾਈਵਾਨੀ ਪਾਣੀਆਂ ਦੀ ਸਰਹੱਦ ’ਚ ਭੇਜਦਾ ਹੈ ਜਿਸ ਨਾਲ ਤਾਈਵਾਨ ’ਤੇ ਚੀਨ ’ਚ ਮਿਲਣ ਦੇ ਲਈ ਦਬਾਅ ਬਣਾਇਆ ਜਾ ਸਕੇ।

ਤਾਈਵਾਨ ਵੱਲੋਂ ਚੀਨ ਨੂੰ ਲੈ ਕੇ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ਨੂੰ ਤਾਈਵਾਨ ਦੇ ਰਾਸ਼ਟਰਪਤੀ ਦਫਤਰ ਤੋਂ ਜਾਰੀ ਕੀਤਾ ਗਿਆ ਹੈ, ਜਿਸ ’ਚ ਤਾਈਵਾਨ ਨੇ ਕਿਹਾ ਕਿ ਇਸ ਵਾਰ ਚੀਨ ਨੇ ਭੜਕਾਹਟ ਦੀ ਕੋਈ ਕਾਰਵਾਈ ਕੀਤੀ ਤਾਂ ਤਾਈਵਾਨ ਚੁੱਪ ਨਹੀਂ ਬੈਠੇਗਾ, ਆਪਣੀ ਪ੍ਰਭੂਸੱਤਾ, ਲੋਕੰਤਤਰ ਅਤੇ ਆਜ਼ਾਦੀ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗਾ ਪਰ ਜੰਗ ਦੇ ਮੈਦਾਨ ’ਚ ਇਸ ਦਾ ਹੱਲ ਕੱਢਣਾ ਸਹੀ ਤਰੀਕਾ ਨਹੀਂ ਹੈ।

ਓਧਰ ਅਮਰੀਕਾ ਤਾਈਵਾਨ ਦੀ ਫੌਜ ਨੂੰ ਇਸ ਹੱਦ ਤੱਕ ਆਧੁਨਿਕ ਬਣਾ ਦੇਣਾ ਚਾਹੁੰਦਾ ਹੈ ਕਿ ਚੀਨ ਦੇ ਸਾਹਮਣੇ ਤਾਈਵਾਨ ਇਕ ਜੰਗਲੀ ਸਾਹੀ ਵਾਂਗ ਖੜ੍ਹਾ ਰਹੇ, ਜਦੋਂ ਵੀ ਚੀਨ ਤਾਈਵਾਨ ’ਤੇ ਹਮਲਾ ਕਰੇ ਤਾਂ ਤਾਈਵਾਨ ਸਾਹੀ ਦੇ ਕੰਡੇ ਚੀਨ ਨੂੰ ਚੁਭਾ ਦੇਵੇ। ਹਾਲਾਤ ’ਚ ਇੰਨੀ ਤਬਦੀਲੀ ਹੋ ਜਾਣ ਦੇ ਬਾਅਦ ਚੀਨ ਦੇ ਲਈ ਤਾਈਵਾਨ ਸੱਪ ਤੇ ਕੋੜ੍ਹ-ਕਿਰਲੀ ਵਾਲੀ ਸਥਿਤੀ ’ਚ ਫਸ ਗਿਆ ਹੈ ਜੋ ਨਾ ਨਿਗਲਣੀ ਬਣ ਰਹੀ ਹੈ ਨਾ ਹੀ ਉਗਲਣੀ।


author

Anuradha

Content Editor

Related News