ਭਾਰਤ ਤੋਂ ਬਾਅਦ ਹੁਣ ਪਾਕਿਸਤਾਨੀ ਵਕੀਲਾਂ ਦਾ ਖਰੂਦ

12/16/2019 1:22:18 AM

ਭਾਰਤੀਆਂ ਅਤੇ ਪਾਕਿਸਤਾਨੀਆਂ ’ਚ ਬਹੁਤ ਕੁਝ ਇਕੋ ਜਿਹਾ ਹੈ। ਇਥੋਂ ਤਕ ਕਿ ਵਿਦੇਸ਼ਾਂ ਵਿਚ ਅਕਸਰ ਜਦੋਂ ਭਾਰਤੀਆਂ ਦਾ ਆਹਮਣਾ-ਸਾਹਮਣਾ ਪਾਕਿਸਤਾਨੀਆਂ ਨਾਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਖਾਣ-ਪੀਣ, ਸੰਗੀਤ, ਪਹਿਰਾਵੇ ਤੋਂ ਲੈ ਕੇ ਫੈਸ਼ਨ ਦੀ ਪਸੰਦ ਤਕ ਆਪਸ ਵਿਚ ਕਿੰਨਾ ਮੇਲ ਖਾਂਦਾ ਹੈ।

12 ਦਸੰਬਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਵਾਪਰੀ ਇਕ ਘਟਨਾ 3 ਨਵੰਬਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੀ ਉਸ ਨਿੰਦਣਯੋਗ ਘਟਨਾ ਨਾਲ ਕਾਫੀ ਮੇਲ ਖਾਂਦੀ ਹੈ, ਜਿਸ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਵਕੀਲਾਂ ਨੇ ਪੁਲਸ ਥਾਣੇ ’ਤੇ ਹਮਲਾ ਕਰ ਦਿੱਤਾ ਸੀ। ਹੁਣ ਭਲਾ ਪਾਕਿਸਤਾਨੀ ਵਕੀਲ ਕਿਉਂ ਪਿੱਛੇ ਰਹਿੰਦੇ, ਤਾਂ ਕਾਲੇ ਸੂਟ, ਸਫੈਦ ਕਮੀਜ਼ ਅਤੇ ਕਾਲੀ ਟਾਈ ਪਹਿਨੀ ਪਾਕਿਸਤਾਨੀ ਵਕੀਲਾਂ ਨੇ ਵੀ 12 ਦਸੰਬਰ ਨੂੰ ਲਾਹੌਰ ਕਾਰਡੀਆਲੋਜੀ ਹਸਪਤਾਲ ’ਤੇ ਹੱਲਾ ਬੋਲ ਕੇ ਖਿੜਕੀਆਂ ਅਤੇ ਸਾਜ਼ੋ-ਸਾਮਾਨ ਨੂੰ ਤੋੜਦੇ ਹੋਏ ਖੂਬ ਖਰੂਦ ਪਾਇਆ।

ਡਾਕਟਰ ਬਚਣ ਲਈ ਲੁਕਦੇ ਫਿਰੇ, ਤਾਂ ਬੇਹਾਲ ਮਰੀਜ਼ ਵੀ ਜਾਨ ਬਚਾਉਣ ਲਈ ਭੱਜੇ। ਵਕੀਲਾਂ ਨੂੰ ਭਜਾਉਣ ਲਈ ਪੁਲਸ ਨੂੰ ਹੰਝੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਦਾ ਸਹਾਰਾ ਲੈਣਾ ਪਿਆ। ਘੰਟਿਆਂਬੱਧੀ ਚੱਲੇ ਇਸ ਖਰੂਦ ਵਿਚ ਘੱਟੋ-ਘੱਟ 5 ਮਰੀਜ਼ਾਂ ਦੀ ਜਾਨ ਗਈ ਅਤੇ ਸੈਂਕੜਿਆਂ ਦੀ ਹਾਲਤ ਗੰਭੀਰ ਹੋ ਗਈ।

ਵਕੀਲਾਂ ਅਨੁਸਾਰ ਨਵੰਬਰ ਵਿਚ ਵਕੀਲਾਂ ਵਲੋਂ ਪਹਿਲ ਦੇ ਆਧਾਰ ’ਤੇ ਇਲਾਜ ਦੀ ਮੰਗ ਕਰਨ ’ਤੇ ਡਾਕਟਰਾਂ ਅਤੇ ਸਟਾਫ ਵਲੋਂ ਉਨ੍ਹਾਂ ਉਤੇ ਕੀਤੇ ਗਏ ਹਮਲੇ ਦਾ ਇਹ ਬਦਲਾ ਹੈ।

ਕਿਸੇ ਬਾਲੀਵੁੱਡ ਫਿਲਮ ਵਾਂਗ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਭਤੀਜਾ ਹਸਨ ਨਿਆਜ਼ੀ ਵੀ ਹਮਲਾ ਕਰਨ ਵਾਲੇ ਵਕੀਲਾਂ ਵਿਚ ਸ਼ਾਮਿਲ ਸੀ।

ਰਿਪੋਰਟ ਅਨੁਸਾਰ ਨਵੰਬਰ ਦੇ ਅੰਤ ਵਿਚ ਹਸਪਤਾਲ ਵਿਚ ਦਾਖਲ ਆਪਣੇ ਇਕ ਮਰੀਜ਼ ਨੂੰ ਦੇਖਣ ਲਈ ਉਥੇ ਗਏ ਇਕ ਵਕੀਲ ਨਾਲ ਹਸਪਤਾਲ ਦੇ ਸਟਾਫ ਦੀ ਬਹਿਸ ਹੋ ਗਈ ਸੀ। ਉਸ ਨੇ ਆਪਣੇ ਕੁਝ ਸਹਿਯੋਗੀਆਂ ਨੂੰ ਮਦਦ ਲਈ ਸੱਦ ਲਿਆ। ਵਧਦੀ ਹੋਈ ਬਹਿਸ ਹਿੰਸਕ ਹੋ ਗਈ ਅਤੇ ਹਸਪਤਾਲ ਦੇ ਸਟਾਫ ਤੇ ਡਾਕਟਰਾਂ ਨੇ 3 ਵਕੀਲਾਂ ਨੂੰ ਜ਼ਖ਼ਮੀ ਕਰ ਦਿੱਤਾ।

ਵਕੀਲਾਂ ਨੇ ਡਾਕਟਰਾਂ ਵਿਰੁੱਧ ਅੱਤਵਾਦ ਦੇ ਦੋਸ਼ ਦਰਜ ਕਰਵਾਉਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਰੋਸ ਵਿਖਾਵੇ ਦੇ ਬਾਵਜੂਦ ਪੁਲਸ ਨੇ ਡਾਕਟਰਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਵਕੀਲਾਂ ਨੇ ਖ਼ੁਦ ਬਦਲਾ ਲੈਣ ਦਾ ਫੈਸਲਾ ਕਰ ਲਿਆ।

ਪਾਕਿਸਤਾਨੀ ਵਕੀਲ 2007 ਦੇ ਮਗਰੋਂ ਜ਼ਿਆਦਾ ਦਬੰਗ ਹੋ ਗਏ ਹਨ। ਉਦੋਂ ਤੱਤਕਾਲੀਨ ਫੌਜੀ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਵਿਰੁੱਧ ਸਿਆਸੀ ਵਿਰੋਧ ਦੀ ਅਗਵਾਈ ਵਕੀਲਾਂ ਨੇ ਕੀਤੀ ਸੀ।

ਹਾਲ ਹੀ ਦੇ ਵਰ੍ਹਿਆਂ ਵਿਚ ਉਹ ਕਈ ਵਾਰ ਹਿੰਸਕ ਹੋਏ ਹਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲਿਆ ਹੈ। ਅਦਾਲਤ ਦੀ ਕਾਰਵਾਈ ਦੌਰਾਨ ਅਸਹਿਮਤੀ ਹੋਣ ’ਤੇ ਵਕੀਲਾਂ ਨੇ ਜੱਜਾਂ ’ਤੇ ਹਮਲਾ ਤਕ ਕੀਤਾ ਅਤੇ ਪੁਲਸ ਨਾਲ ਝੜਪਾਂ ਤਾਂ ਆਮ ਹਨ।

ਭਾਰਤ ਦੀ ਗੱਲ ਕਰੀਏ ਤਾਂ ਇਕ ਹੈਰਾਨੀਜਨਕ ਹੁਕਮ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਕੀਲਾਂ ਨੂੰ ਝਾੜ ਪਾਈ ਹੈ। ਜਸਟਿਸ ਕੁਮਾਰ ਨੇ ਕਿਹਾ, ‘‘ਇਹ ਨੋਟ ਕਰ ਲਿਆ ਜਾਵੇ ਕਿ ਇਕ ਵਕੀਲ ਅਦਾਲਤ ਦੀ ਮਰਿਆਦਾ ਬਣਾਈ ਰੱਖਣ ਲਈ ਜਵਾਬਦੇਹ ਹੈ।’’

ਉਨ੍ਹਾਂ ਕਿਹਾ ਕਿ ਕਾਨੂੰਨੀ ਪੇਸ਼ੇ ਨਾਲ ਜੁੜੇ ਮੈਂਬਰਾਂ ਤੋਂ ਉੱਚ ਪੱਧਰ ਦੀ ਪੇਸ਼ੇਵਰ ਨੈਤਿਕਤਾ ਅਤੇ ਨੀਤੀਆਂ ਦੇ ਪਾਲਣ ਦੀ ਆਸ ਤਾਂ ਕੀਤੀ ਹੀ ਜਾਂਦੀ ਹੈ, ਉੱਚ ਸਿੱਖਿਅਤ ਹੋਣ ਦੇ ਨਾਤੇ ਉਨ੍ਹਾਂ ਕੋਲੋਂ ਈਮਾਨਦਾਰੀ ਭਰੇ ਢੰਗ ਨਾਲ ਕੰਮ ਕਰਨ ਦੀ ਵੀ ਆਸ ਹੁੰਦੀ ਹੈ।

ਸਰਹੱਦ ਦੇ ਦੋਵਾਂ ਪਾਸਿਆਂ ਦੇ ਵਕੀਲਾਂ ਲਈ ਇਹ ਸ਼ਾਇਦ ਕੁਝ ਜ਼ਿਆਦਾ ਹੀ ਉੱਚ ਪੱਧਰ ਦਾ ਹੁਕਮ ਹੋਵੇ ਪਰ ਸਮੇਂ ਦੀ ਲੋੜ ਇਹੀ ਹੈ ਕਿ ਜੋ ਵਕੀਲ ਆਪਣੇ ਮੁਵੱਕਿਲ ਨੂੰ ਇਨਸਾਫ ਦਿਵਾਉਣ ਲਈ ਅਦਾਲਤ ਵਿਚ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਖ਼ੁਦ ਕਾਨੂੰਨ ਦੀ ਪਾਲਣਾ ਦਾ ਪਤਾ ਹੋਣਾ ਚਾਹੀਦਾ ਹੈ।

ਯੂ. ਕੇ. ਕਿਤੇ ਖਿੰਡ-ਪੁੰਡ ਤਾਂ ਨਹੀਂ ਜਾਵੇਗਾ

23 ਜੂਨ, 2016 ਨੂੰ ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਪੱਖ ਵਿਚ ਘੱਟ ਫਰਕ ਨਾਲ ਪੋਲਿੰਗ ਤੋਂ ਬਾਅਦ ਹੁਣ ਤਕ ਬ੍ਰਿਟਿਸ਼ ਸਿਆਸਤ ਵਿਚ ਸਾਰੇ ਦੁਖਦਾਈ ਉਤਰਾਅ-ਚੜ੍ਹਾਅ ਵਿਚ ਵੀਰਵਾਰ ਦੀਆਂ ਚੋਣਾਂ ਵਿਚ ਬੋਰਿਸ ਜਾਨਸਨ ਦੀ ਵੱਡੀ ਜਿੱਤ ਸ਼ਾਇਦ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ।

ਕੰਜ਼ਰਵੇਟਿਵ ਪਾਰਟੀ ਦੀ ਜਿੱਤ ਦੇ ਪੱਧਰ ਅਤੇ ਰਵਾਇਤੀ ਤੌਰ ’ਤੇ ਲੇਬਰ ਪਾਰਟੀ ਦੇ ਗੜ੍ਹਾਂ ਵਿਚ ਵੀ ਇਸ ਦੀ ਜਿੱਤ ਦੀ ਆਸ ਸ਼ਾਇਦ ਹੀ ਕਿਸੇ ਨੂੰ ਰਹੀ ਹੋਵੇਗੀ ਪਰ ਬਾਜ਼ਾਰ ਦੀ ਤੇਜ਼ੀ ਨੇ ਜ਼ਰੂਰ ਇਸ ਦੇ ਪ੍ਰਤੀ ਜਨਤਾ ਦੇ ਉਤਸ਼ਾਹ ਦਾ ਸੰਕੇਤ ਦੇ ਦਿੱਤਾ ਸੀ। ਬ੍ਰੈਗਜ਼ਿਟ ’ਤੇ ਰਾਇਸ਼ੁਮਾਰੀ ਦੇ ਬਰਾਬਰ ਇਨ੍ਹਾਂ ਚੋਣਾਂ ਦਾ ਸਭ ਤੋਂ ਵੱਧ ਮਜ਼ਬੂਤ ਸਿੱਟਾ ਇਹ ਹੈ ਕਿ ਸਮਰੱਥ ਵਿਰੋਧੀ ਧਿਰ ਦੀ ਘਾਟ ’ਚ ਬੋਰਿਸ ਜਾਨਸਨ ਕੁਝ ਦਿਨਾਂ ਜਾਂ ਹਫਤਿਆਂ ਵਿਚ ਬ੍ਰੈਗਜ਼ਿਟ ਕਾਨੂੰਨ ਨੂੰ ਸੰਸਦ ਤੋਂ ਪਾਸ ਕਰਵਾਉਣ ਵਿਚ ਸਫਲ ਹੋ ਸਕਦੇ ਹਨ ਕਿਉਂਕਿ 31 ਜਨਵਰੀ ਬ੍ਰੈਗਜ਼ਿਟ ਦੀ ਸਮਾਂ ਹੱਦ ਹੈ। ਇਸ ਲਈ ਬ੍ਰਿਟੇਨ ਜਨਵਰੀ ਦੇ ਅਖੀਰ ਤਕ ਰਸਮੀ ਤੌਰ ’ਤੇ ਯੂਰਪੀਅਨ ਸੰਘ ਨਾਲੋਂ ਅਲੱਗ ਹੋ ਸਕਦਾ ਹੈ।

ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ‘ਬ੍ਰੈਗਜ਼ਿਟ’ ਹੋ ਗਿਆ ਜਾਂ ਆਸਾਨੀ ਨਾਲ ਹੋ ਜਾਵੇਗਾ, ਸਗੋਂ ਇਸ ਨੇ ਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹਾਲਾਤ ਪੈਦਾ ਕਰ ਦਿੱਤੇ ਹਨ। ਬ੍ਰਿਟੇਨ ਵਿਚ ਹੁਣ ਅਨੇਕ ਲੋਕ ਇਸ ਗੱਲ ’ਤੇ ਚਿੰਤਤ ਹਨ ਕਿ ਇਨ੍ਹਾਂ ਚੋਣਾਂ ਵਿਚ ਪਹਿਲੀ ਭੇਟ ਕਿਤੇ ਯੂਨਾਈਟਿਡ ਕਿੰਗਡਮ ਦੀ ‘ਯੂਨਾਈਟਿਡ’ ਭਾਵ ਇਕਜੁੱਟਤਾ ਤਾਂ ਨਹੀਂ ਹੋਵੇਗੀ।

ਸਕਾਟਲੈਂਡ ਵਿਚ ਨੈਸ਼ਨਲਿਸਟ ਪਾਰਟੀ ਨੂੰ ਵੀ ਵੱਡੀ ਜਿੱਤ ਮਿਲੀ ਹੈ, ਜੋ ਹਮੇਸ਼ਾ ਤੋਂ ਯੂਰਪੀ ਸੰਘ ਵਿਚ ਬਣੀ ਰਹਿਣਾ ਚਾਹੁੰਦੀ ਸੀ। ਐੱਸ. ਐੱਨ. ਪੀ. ਦੇ ਕੋਲ ਹੁਣ ਸਕਾਟਲੈਂਡ ਵਿਚ 59 ’ਚੋਂ 48 ਸੰਸਦ ਮੈਂਬਰ ਹਨ ਅਤੇ ਇਸ ਦੀ ਲੀਡਰ ਨਿਕੋਲਾ ਸਟਰਜੀਅਨ ਸਕਾਟਲੈਂਡ, ਜੋ ਆਜ਼ਾਦੀ ਅਤੇ ਬ੍ਰੈਗਜ਼ਿਟ ਉੱਤੇ ਨਵੀਂ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕਰਦੀ ਰਹੀ ਹੈ ਕਿਉਂਕਿ ਉਸ ਨੂੰ ਯੂ. ਕੇ. ਵਿਚ ਸਕਾਟਲੈਂਡ ਦਾ ਭਵਿੱਖ ਨਜ਼ਰ ਨਹੀਂ ਆ ਰਿਹਾ।

ਦੂਜੇ ਪਾਸੇ ਨਾਰਦਰਨ ਆਇਰਲੈਂਡ ਬੋਰਿਸ ਜਾਨਸਨ ਦੇ ਬ੍ਰੈਗਜ਼ਿਟ ਪਲਾਨ ਦੇ ਤਹਿਤ ਆਇਰਿਸ਼ ਰਿਪਬਲਿਕ ਨਾਲ ਜੁੜਨਾ ਚਾਹੁੰਦਾ ਹੈ–ਉਨ੍ਹਾਂ ਦੀ ਇਹ ਇੱਛਾ ਲੰਮੇ ਸਮੇਂ ਤੋਂ ਰਹੀ ਹੈ। ਜਾਪਦਾ ਹੈ ਕਿ ਬੋਰਿਸ ਨੂੰ ਮੂੰਹ ਮੰਗੀ ਮੁਰਾਦ ਤਾਂ ਮਿਲ ਗਈ ਪਰ ਨਾਲ ਹੀ ਬਹੁਤ ਵੱਡੀਆਂ ਸਮੱਸਿਆਵਾਂ ਦਾ ਢੇਰ ਵੀ ਆ ਪਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਬਣਨ ਦੇ ਕੁਝ ਘੰਟਿਆਂ ਬਾਅਦ ਹੀ ਉਹ ਉੱਤਰ ਵੱਲ ਰਵਾਨਾ ਹੋ ਗਏ। ਹੁਣ ਦੇਸ਼ ਦੇ ਵਿੱਤੀ ਹਾਲਾਤ ਨੂੰ ਸੰਭਾਲਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਆਸੀ ਦੂਰਦਰਸ਼ਿਤਾ ਦੀ ਵੀ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ।


Bharat Thapa

Content Editor

Related News