ਇਮਰਾਨ ਤੋਂ ਬਾਅਦ ਜਨਰਲ ਬਾਜਵਾ ਨੇ ਵੀ ਭਾਰਤ-ਪਾਕਿ ਮੁੱਦਿਆਂ ਨੂੰ ਸ਼ਾਂਤੀਪੂਰਵਕ ਸੁਲਝਾਉਣ ਦੀ ਵਕਾਲਤ ਕੀਤੀ

03/22/2021 3:46:22 AM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੇ ਨਾਲ ਗੱਲਬਾਤ ਦੇ ਜ਼ਰੀਏ ਸਾਰੇ ਮੁੱਦੇ ਸੁਲਝਾਉਣ ਦੀ ਸਲਾਹ ਦੇਣ ਵਾਲੇ ਬਿਆਨ ਦੇ ਅਗਲੇ ਹੀ ਦਿਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੂੰ ਸਾਰੇ ਪੁਰਾਣੇ ਮੁੱਦੇ ਭੁਲਾ ਕੇ ਆਪਸ ’ਚ ਗੱਲਬਾਤ ਕਰਨੀ ਚਾਹੀਦੀ ਹੈ। ਪਾਕਿਸਤਾਨ ’ਚ ਜੇਕਰ ਪ੍ਰਧਾਨ ਮੰਤਰੀ ਦੇਸ਼ ਦੇ ਨੇਤਾ ਹਨ ਤਾਂ ਦੇਸ਼ ਦੇ ਫੌਜ ਮੁਖੀ ਦੇਸ਼ ਦੇ ਰਾਸ਼ਟਰਪਿਤਾ ਦੇ ਵਾਂਗ ਹਨ।

ਜਨਰਲ ਬਾਜਵਾ ਨੇ ਕਿਹਾ ਹੈ ਕਿ ਦੋਵੇਂ ਦੇਸ਼ ਆਪਸੀ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਲੈਣ ਤਾਂ ਦੱਖਣੀ ਏਸ਼ੀਆ ’ਚ ਤਰੱਕੀ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ। ਹਾਲਾਂਕਿ ਇਹ ਤਾਂ ਸੰਭਵ ਨਹੀਂ ਸੀ ਕਿ ਪਾਕਿਸਤਾਨ ਤੋਂ ਕਿਸੇ ਦਾ ਸੁਰ ਉੱਠੇ ਅਤੇ ਕਸ਼ਮੀਰ ਦਾ ਨਾਂ ਨਾ ਲਵੇ ਪਰ ਜਨਰਲ ਬਾਜਵਾ ਨੇ ਨਾ ਤਾਂ ਕਸ਼ਮੀਰ ਨੂੰ ਖੁਦਮੁਖਤਿਆਰ ਇਕਾਈ ਦੇ ਰੂਪ ’ਚ ਦਰਸਾਇਆ ਅਤੇ ਨਾ ਹੀ ਉਥੇ ਰਾਏਸ਼ੁਮਾਰੀ ਕਰਨ ਦੀ ਗੱਲ ਕੀਤੀ।

ਸਿਆਸੀ ਸੰਦਰਭ ’ਚ ਇਸ ਤਰ੍ਹਾਂ ਦਾ ਬਿਆਨ ਉਦੋਂ ਤਕ ਸੰਭਵ ਨਹੀਂ ਹੈ ਜਦੋਂ ਤਕ ਕਿ ਭਾਰਤ-ਪਾਕਿ ਦਰਮਿਆਨ ਹਫਤਿਆਂ ਜਾਂ ਮਹੀਨਿਆਂ ਤਕ ਅਪ੍ਰਤੱਖ ਤੌਰ ’ਤੇ ਗੱਲਬਾਤ ਨਾ ਹੋਈ ਹੋਵੇ। ਭਾਰਤ ਨੂੰ ਆਪਣਾ ਸਥਾਈ ਦੁਸ਼ਮਣ ਅਤੇ ਵਿਚਾਰਕ ਵਿਰੋਧੀ ਮੰਨਣ ਤੋਂ ਇਨਕਾਰ ਕਰਦੇ ਹੋਏ ਬਾਜਵਾ ਨੇ ਖੁਦ ਨੂੰ ਹੁਣ ਤਕ ਦਾ ਸਭ ਤੋਂ ਤਾਕਤਵਰ ਫੌਜ ਮੁਖੀ ਹੋਣ ਦਾ ਸੰਕੇਤ ਦਿੱਤਾ ਹੈ।

ਉਹ ਇਹ ਵੀ ਕਹਿਣਾ ਚਾਹ ਰਹੇ ਹਨ ਕਿ ਉਹ ਭਾਰਤ ਸਰਕਾਰ ਦੇ ਨਾਲ ਸਾਰੇ ਵਿਵਾਦਾਂ ਨੂੰ ਸੁਲਝਾਉਣ ਦੀ ਤਾਕਤ ਰੱਖਦੇ ਹਨ। ਕਿਸੇ ਵੀ ਦੋ-ਪੱਖੀ ਗੱਲਬਾਤ ਦਾ ਆਧਾਰ ਆਪਸੀ ਭਰੋਸਾ ਹੁੰਦਾ ਹੈ ਅਤੇ ਭਾਰਤ ਨੂੰ ਪਾਕਿਸਤਾਨ ਦੀ ਫੌਜ ਅਤੇ ਸਰਕਾਰ ’ਤੇ ਭਰੋਸਾ ਨਹੀਂ ਹੈ। ਇਹ ਤਾਂ ਜ਼ਾਹਿਰ ਹੈ।

ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਜਨਰਲ ਬਾਜਵਾ ਦਾ ਬਿਆਨ ਪੂਰੀ ਫੌਜ ਦਾ ਬਿਆਨ ਹੈ ਜਾਂ ਪਾਕਿਸਤਾਨੀ ਫੌਜ ਦੇ ਹੋਰ ਸੀਨੀਅਰ ਅਧਿਕਾਰੀ ਬਾਜਵਾ ਨਾਲ ਵੱਖਰੀ ਸੋਚ ਰੱਖਦੇ ਹਨ? ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਾਕਿ ਫੌਜ ’ਚ ਮਿਡਲ ਰੈਂਕ ਨੂੰ ਭਾਰਤ ਵਿਰੋਧੀ ਏਜੰਡੇ ’ਤੇ ਟ੍ਰੇਂਡ ਕੀਤਾ ਗਿਆ ਹੈ।

ਫਿਲਹਾਲ ਭਾਰਤ ਨੇ ਇਸ ’ਤੇ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਬੁਨਿਆਦੀ ਤੌਰ ’ਤੇ ਭਾਰਤ ’ਚ ਥਿੰਕ ਟੈਂਕ ਇਹ ਵਿਚਾਰ ਰੱਖਦਾ ਹੈ ਕਿ ਪਾਕਿਸਤਾਨ ਦੇ ਹਾਕਮ ਤਾਂ ਅਜਿਹੀਆਂ ਗੱਲਾਂ ਕਹਿੰਦੇ ਹੀ ਰਹਿੰਦੇ ਹਨ ਅਤੇ ਜ਼ੁਬਾਨੀ ਗੱਲਾਂ ਤੋਂ ਇਲਾਵਾ ਸਮਝੌਤਿਆਂ ਤਕ ’ਤੇ ਦਸਤਖਤ ਕਰ ਕੇ ਪਲਟ ਜਾਂਦੇ ਹਨ।

ਜੇਕਰ ਅਸੀਂ ਇਸ ਬਾਰੇ ਭਾਰਤੀ ਪ੍ਰਤੀਕਿਰਿਆ ’ਤੇ ਵਿਚਾਰ ਨਾ ਵੀ ਕਰੀਏ ਤਾਂ ਵੀ ਪਾਕਿਸਤਾਨ ਦੇ ਮਾਮਲੇ ’ਚ ਮਨ ’ਚ ਇਹ ਜਿਗਿਆਸਾ ਉੱਠਦੀ ਹੈ ਕਿ ਆਖਿਰ ਬਾਜਵਾ ਅਜਿਹਾ ਕਿਉਂ ਕਹਿ ਰਹੇ ਹਨ? ਕੀ ਉਹ ਭਾਰਤ ਦੇ ਨਾਲ ਸਬੰਧ ਆਮ ਕਰਨਾ ਚਾਹੁੰਦੇ ਹਨ ਅਤੇ ਕੀ ਅਜਿਹਾ ਹੋ ਸਕਦਾ ਹੈ ਕਿਉਂਕਿ ਬਾਜਵਾ ਤਾਂ 2 ਸਾਲ ’ਚ ਰਿਟਾਇਰ ਹੋਣ ਵਾਲੇ ਹਨ।

ਹੁਣ ਕਿਉਂਕਿ ਪਾਕਿਸਤਾਨ ਸਰਕਾਰ ਨੇ ਕਾਨੂੰਨੀ ਸੋਧ ਰਾਹੀਂ ਇਹ ਵਿਵਸਥਾ ਕਰ ਦਿੱਤੀ ਹੈ ਕਿ ਉਥੇ ਫੌਜ ਮੁਖੀ 64 ਸਾਲ ਦੀ ਉਮਰ ਤਕ ਅਹੁਦੇ ’ਤੇ ਰਹਿ ਸਕਦਾ ਹੈ, ਇਸ ਲਈ ਹੋ ਸਕਦਾ ਹੈ ਕਿ ਉਹ 2022 ’ਚ ਖਤਮ ਹੋਣ ਵਾਲੇ ਕਾਰਜਕਾਲ ’ਚ 2 ਸਾਲ ਦਾ ਵਾਧਾ ਕਰ ਕੇ 2024 ਤਕ ਅਹੁਦੇ ’ਤੇ ਰਹਿਣ ਦੀ ਵਿਵਸਥਾ ਕਰ ਲੈਣ ਪਰ ਇਨ੍ਹਾਂ ਸਾਰੀਆਂ ਗੱਲਾਂ ਦੀ ਰੌਸ਼ਨੀ ’ਚ ਸਭ ਜਾਣਨਾ ਚਾਹੁਣਗੇ ਕਿ ਕੀ ਬਾਜਵਾ ਆਪਣੀ ਅੱਤਵਾਦ ਦੀ ਫੈਕਟਰੀ ਨੂੰ ਬੰਦ ਕਰਨਗੇ ਜੋ ਕਿ ਉਨ੍ਹਾਂ ਦੀ ਭਾਰਤ ਨੀਤੀ ਦਾ ਇਕ ਥੰਮ੍ਹ ਹੈ ਜਾਂ ਆਪਣੀ ਭਾਰਤ ਵਿਰੋਧੀ ਲਾਬੀ ਨੂੰ ਖਤਮ ਕਰਨਗੇ?

ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦੇ ਨਾਲ ਮਿੱਤਰਤਾ ਕਰ ਕੇ ਕੀ ਉਹ ਚੀਨ ਦੀਆਂ ਨੀਤੀਆਂ ਨੂੰ ਕੰਟਰੋਲ ਕਰ ਸਕਣਗੇ? ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਕਾਰਨ ਡਾਵਾਂਡੋਲ ਹੋ ਗਈ ਹੈ। ਪਾਕਿ ਦੇ ਪੱਛਮ ’ਚ ਅਫਗਾਨਿਸਤਾਨ ’ਚ ਸਰਕਾਰ ਬਦਲ ਰਹੀ ਹੈ ਅਤੇ ਉਨ੍ਹਾਂ ਦੇ ਟ੍ਰੇਂਡ, ਸਮਰਥਿਤ ਤਾਲਿਬਾਨ ਸੱਤਾ ਸੰਭਾਲਣਗੇ ਪਰ ਸਰਕਾਰ ਬਣਾਉਣ ਤੋਂ ਬਾਅਦ ਕੀ ਉਹ ਪਾਕਿ ਕੰਟਰੋਲ ’ਚ ਰਹਿਣਗੇ?

ਸ਼੍ਰੀਲੰਕਾ ਅਤੇ ਅਫਰੀਕਾ ਦੇ ਦੇਸ਼ਾਂ ਦੀਆਂ ਉਦਾਹਰਣਾਂ ਤੋਂ ਕੀ ਪਾਕਿ ਸਮਝ ਸਕੇਗਾ ਕਿ ਚੀਨ ਦੀ ਨਾ ਦੋਸਤੀ ਚੰਗੀ, ਨਾ ਦੁਸ਼ਮਣੀ। ਕੀ ਉਹ ਇਸ ਲਈ ਭਾਰਤ ਵੱਲ ਮੁੜ ਰਿਹਾ ਹੈ ਜਾਂ ਜਨਰਲ ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ ਵਾਂਗ ਦੋਸਤੀ ਦਾ ਹੱਥ ਵਧਾ ਕੇ ਧੋਖਾ ਦੇਣਗੇ। ਕੁਝ ਵੀ ਹੋਵੇ ਭਾਰਤ ਨੂੰ ਦੇਖਣਾ, ਸੋਚਣਾ ਅਤੇ ਧੀਰਜ ਨਾਲ ਸ਼ਾਂਤੀ ਦੇ ਕਿਸੇ ਵੀ ਰਾਹ ਨੂੰ ਖੁੱਲ੍ਹਾ ਰੱਖਣਾ ਹੋਵੇਗਾ। ਹਾਲਾਂਕਿ ਉਸ ’ਤੇ ਚੱਲਣਾ ਅਜੇ ਦੂਰ ਦੀ ਗੱਲ ਹੈ।


Bharat Thapa

Content Editor

Related News