33 ਸਾਲ ਬਾਅਦ ਮਹਿਬੂਬਾ ਦੀ ਭੈਣ ਡਾ. ਰੂਬੀਆ ਨੇ ਅਗਵਾਕਰਤਾ ਯਾਸੀਨ ਮਲਿਕ ਨੂੰ ਪਛਾਣਿਆ

07/17/2022 12:38:34 AM

ਮਹਿਬੂਬਾ ਮੁਫਤੀ ਦੀ ਛੋਟੀ ਭੈਣ ਡਾ. ਰੂਬੀਆ ਸਈਦ ਦਾ 8 ਦਸੰਬਰ, 1989 ਨੂੰ ਵੱਖਵਾਦੀ ਨੇਤਾ ਯਾਸੀਨ ਮਲਿਕ ਦੇ ਸੰਗਠਨ ‘ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ’ (ਜੇ. ਕੇ. ਐੱਲ.  ਐੱਫ.) ਨੇ ਅਗਵਾ ਕਰ ਿਲਆ ਸੀ। ਉਸ ਸਮੇਂ ਵੀ. ਪੀ.  ਸਿੰਘ ਦੀ ਅਗਵਾਈ ਵਾਲੀ ਸਾਂਝੇ ਮੋਰਚੇ ਦੀ ਕੇਂਦਰੀ ਸਰਕਾਰ ’ਚ ਰੂਬੀਆ ਦੇ ਪਿਤਾ ਮੁਫਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਸਨ। ਇਸ ਬਾਰੇ ਸ਼੍ਰੀਨਗਰ ਦੇ ਸਦਰ ਪੁਲਸ ਸਟੇਸ਼ਨ ’ਚ 8 ਦਸੰਬਰ, 1989 ਨੂੰ ਦਰਜ ਰਿਪੋਰਟ ’ਚ ਕਿਹਾ ਗਿਆ ਕਿ ਦੁਪਹਿਰ 3 ਵਜੇ ਆਪਣੀ ਡਿਊਟੀ ਖਤਮ ਹੋਣ ਦੇ ਬਾਅਦ ਰੂਬੀਆ ਸਈਦ, ਟ੍ਰਾਂਜ਼ਿਟ ਵੈਨ ’ਚ ਨੌਗਾਮ ਵੱਲ ਜਾ ਰਹੀ ਸੀ। ਜਦੋਂ ਵੈਨ ਚਾਨਪੁਰਾ ਚੌਕ ਦੇ ਕੋਲ ਪਹੁੰਚੀ ਤਾਂ ਉਸ ’ਚ ਸਵਾਰ 3 ਵਿਅਕਤੀਆਂ ਨੇ ਬੰਦੂਕ ਦੇ ਦਮ ’ਤੇ ਵੈਨ ਰੋਕੀ ਤੇ ਰੂਬੀਆ ਨੂੰ ਉਤਾਰ ਕੇ ਕਿਨਾਰੇ ਖੜ੍ਹੀ ਨੀਲੀ ਮਾਰੂਤੀ ਕਾਰ ’ਚ ਬਿਠਾ ਕੇ ਲੈ ਗਏ। 
ਅਗਵਾ ਦੇ ਲਗਭਗ 2 ਘੰਟੇ ਬਾਅਦ ਜਦੋਂ ਜੇ. ਕੇ. ਐੱਲ. ਐੱਫ. ਦੇ ਜਾਵੇਦ ਮੀਰ ਨੇ ਇਕ ਸਥਾਨਕ ਅਖਬਾਰ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਤਾਂ ਭੜਥੂ ਪੈ ਗਿਆ। ਅੱਤਵਾਦੀਆਂ ਨੇ ਰੂਬੀਆ ਨੂੰ ਛੱਡਣ ਦੇ ਬਦਲੇ ’ਚ 5 ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ। 
ਵਿਚੋਲਗੀ ਗੱਲਬਾਤ ਦੇ ਪੰਜਵੇਂ ਦਿਨ 13 ਦਸੰਬਰ, 1989 ਨੂੰ 2  ਕੇਂਦਰੀ ਮੰਤਰੀ ਇੰਦਰ ਕੁਮਾਰ ਗੁਜਰਾਲ ਅਤੇ ਆਰਿਫ ਮੁਹੰਮਦ ਖਾਨ ਸ਼੍ਰੀਨਗਰ  ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਫਾਰੂਕ ਅਬਦੁੱਲਾ ਇਸ ਸਮਝੌਤੇ ਦੇ ਵਿਰੁੱਧ ਹਨ ਕਿਉਂਕਿ ਉਹ ਸਮਝਦੇ ਹਨ ਕਿ ਅੱਤਵਾਦੀਆਂ ਦੀਆਂ ਮੰਗਾਂ ਮੰਨ ਲੈਣ ਨਾਲ ਦੂਸਰੇ ਅੱਤਵਾਦੀਆਂ ਦੀ ਰਿਹਾਈ ਦਾ ਰਸਤਾ ਖੁੱਲ੍ਹ ਜਾਵੇਗਾ ਅਤੇ ਉਸੇ ਦਿਨ ਕੇਂਦਰ ਸਰਕਾਰ ਅਤੇ ਅਗਵਾਕਰਤਾਵਾਂ ’ਚ ਸਮਝੌਤੇ ਦੇ ਬਾਅਦ ਸ਼ਾਮ ਦੇ 5 ਵਜੇ 5 ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। 
ਇਸ ਤਰ੍ਹਾਂ ਅਗਵਾ ਦੇ 122 ਘੰਟਿਆਂ ਬਾਅਦ ਲਗਭਗ 7.00 ਵਜੇ ਰੂਬੀਆ ਸਈਦ ਵੀ ਸਨੋਵਰ ਸਥਿਤ ਜਸਟਿਸ ਮੋਤੀਲਾਲ ਭੱਟ ਦੇ ਘਰ ਸੁਰੱਖਿਅਤ ਪਹੁੰਚਾ ਦਿੱਤੀ ਗਈ ਅਤੇ ਉੱਥੋਂ ਰੂਬੀਆ ਨੂੰ ਉਸੇ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ। ਇਸ ਦੇ ਲਈ ਵਿਰੋਧੀ ਪਾਰਟੀਆਂ ਨੇ  ਸਰਕਾਰ ਦੀ ਬੇਹੱਦ ਆਲੋਚਨਾ ਕੀਤੀ ਸੀ। 
ਘਾਟੀ ’ਚ ਹਾਲਾਤ ਵੀ ਉਦੋਂ ਤੇਜ਼ੀ ਨਾਲ ਖਰਾਬ ਹੋਣ ਲੱਗੇ ਅਤੇ 1989 ’ਚ ਇੱਥੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਸੀ। 
ਕੇਂਦਰ ਸਰਕਾਰ ਨੇ ਸੀ. ਬੀ. ਆਈ. ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਸੀ, ਜਿਸ ਨੇ ਜਾਂਚ ਪੂਰੀ ਕਰ ਕੇ 18 ਸਤੰਬਰ, 1990 ਨੂੰ ਜੰਮੂ ਦੀ ਟਾਡਾ ਕੋਰਟ ’ਚ ਦੋਸ਼ੀਆਂ ਦੇ ਵਿਰੁੱਧ ਚਲਾਨ ਪੇਸ਼ ਕੀਤਾ ਅਤੇ ਉਦੋਂ ਤੋਂ ਇਸ ਮਾਮਲੇ ਦੀ ਸੁਣਵਾਈ ਜਾਰੀ ਹੈ। 
ਟਾਡਾ ਕੋਰਟ ਜੰਮੂ ਨੇ 29 ਜਨਵਰੀ, 2021 ਨੂੰ ਇਸ ਮਾਮਲੇ ’ਚ ਯਾਸੀਨ ਮਲਿਕ ਤੇ ਹੋਰਨਾਂ ਨੂੰ ਦੋਸ਼ੀ ਕਰਾਰ ਿਦੱਤਾ ਸੀ। ਯਾਸੀਨ ਮਲਿਕ ਸਮੇਤ 7 ਦੋਸ਼ੀਆਂ ’ਤੇ ਰਵੀ ਖੰਨਾ ਸਮੇਤ ਹਵਾਈ ਫੌਜ ਦੇ 4 ਅਧਿਕਾਰੀਆਂ  ਦੀ ਹੱਤਿਆ ਦਾ ਵੀ ਦੋਸ਼ ਹੈ। 
ਇਸ ਮਾਮਲੇ ’ਚ ਹੁਣ ਟਾਡਾ ਅਦਾਲਤ ਡਾ. ਰੂਬੀਆ ਸਈਦ ਸਮੇਤ 3 ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਟਾਡਾ ਕੋਰਟ ਜੰਮੂ ਨੇ ਪਿਛਲੀ ਸੁਣਵਾਈ ਦੌਰਾਨ ਡਾ. ਰੂਬੀਆ ਸਈਦ ਨੂੰ 15 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। 
ਯਾਸੀਨ ਮਲਿਕ ਜੋ ਇਸ ਸਮੇਂ ਅਪਰਾਧਿਕ ਸਾਜ਼ਿਸ਼, ਸੂਬੇ ਦੇ ਵਿਰੁੱਧ ਅੱਤਵਾਦੀ ਸਰਗਰਮੀਆਂ ਅਤੇ ਟੈਰਰ ਫੰਡਿੰਗ ਦੇ ਕੇਸ ’ਚ ਤਿਹਾੜ ਜੇਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਵਰਚੁਅਲ ਤੌਰ ’ਤੇ ਅਦਾਲਤ ਦੀ ਕਾਰਵਾਈ ’ਚ ਪੇਸ਼ ਹੋਇਆ। 
33 ਸਾਲ ਪੁਰਾਣੇ ਅਗਵਾ ਦੇ ਇਸ ਮਾਮਲੇ ’ਚ ਪਹਿਲੀ ਵਾਰ ਰੂਬੀਆ ਸਈਦ ਨੇ ਜੰਮੂ ਦੀ ਟਾਡਾ ਅਦਾਲਤ ’ਚ ਪੇਸ਼ ਹੋ ਕੇ ਮੁੱਖ ਦੋਸ਼ੀ ਯਾਸੀਨ ਮਲਿਕ ਸਮੇਤ 4 ਦੋਸ਼ੀਆਂ ਨੂੰ ਪਛਾਣ ਲਿਆ ਅਤੇ ਜੱਜ ਨੂੰ ਕਿਹਾ, ‘‘ਇਹੀ ਉਹ ਯਾਸੀਨ ਮਲਿਕ  ਹੈ ਜਿਸ ਨੇ ਮੈਨੂੰ ਧਮਕੀ ਦਿੱਤੀ  ਸੀ ਕਿ ਜੇਕਰ ਮੈਂ ਇਸ ਦਾ ਹੁਕਮ ਮੰਨਣ ਤੋਂ ਨਾਂਹ ਕੀਤੀ ਅਤੇ ਮਿੰਨੀ ਬੱਸ ’ਚੋਂ ਨਾ ਉਤਰੀ ਤਾਂ ਇਹ ਮੈਨੂੰ ਘਸੀਟ ਕੇ ਬਾਹਰ ਕੱਢੇਗਾ।’’ 
ਯਾਸੀਨ ਮਲਿਕ ਦੇ ਬਾਰੇ ’ਚ ਇਕ ਖਾਸ ਗੱਲ ਇਹ ਵੀ ਕਹੀ ਜਾਂਦੀ ਹੈ ਕਿ 1989 ’ਚ ਉਹ ਪਹਿਲੀ ਵਾਰ ਕਸ਼ਮੀਰ ’ਚ ਬੰਦੂਕ ਲੈ ਕੇ ਆਇਆ ਸੀ ਅਤੇ ਉਸ ਨੇ ਕਸ਼ਮੀਰ ’ਚ ਬੰਦੂਕਾਂ ਦੀ ਨੁਮਾਇਸ਼ ਵੀ ਲਾਈ ਸੀ ਪਰ 1994 ’ਚ ਉਸ ਨੇ ਕਿਹਾ ਕਿ ਉਸ ਨੇ  ਬੰਦੂਕ ਦਾ ਰਸਤਾ ਛੱਡ ਦਿੱਤਾ ਹੈ ਅਤੇ ਅਹਿੰਸਾਵਾਦੀ ਬਣ ਗਿਆ ਹੈ। 
ਇਸ ਮਾਮਲੇ ’ਚ ਅਗਲੀ ਸੁਣਵਾਈ ਦੀ ਤਰੀਕ ਹੁਣ 23 ਅਗਸਤ, 2022  ਦੇ ਲਈ ਤੈਅ ਕੀਤੀ ਗਈ  ਹੈ। ਮੁਕੱਦਮੇ ਦਾ ਅੰਜਾਮ ਜੋ ਵੀ ਹੋਵੇ, ਚਰਚਾ ਇਹ ਹੈ ਕਿ ਆਖਿਰ ਕਿਹੜੀਆਂ ਮਜਬੂਰੀਆਂ ਅਤੇ ਸਿਆਸੀ ਮਸਲਹਤਾਂ ਦੇ ਤਹਿਤ 1989 ਤੋਂ ਹੁਣ ਤੱਕ 33 ਸਾਲਾਂ ਤੋਂ ਇਹ ਮਾਮਲਾ ਲਟਕਦਾ ਆ ਰਿਹਾ ਹੈ। 
ਬਕੌਲ ਸ਼ਾਇਰ : ਕੁਫਰ ਟੂਟਾ ਖੁਦਾ-ਖੁਦਾ ਕਰ ਕੇ!

ਵਿਜੇ ਕੁਮਾਰ
 


Karan Kumar

Content Editor

Related News