ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ‘ਇਹ ਕੀ ਕਰ ਰਹੇ ਹੋ, ਇਹ ਕੀ ਹੋ ਰਿਹਾ ਹੈ’
Saturday, Dec 31, 2022 - 03:20 AM (IST)
ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਉਨ੍ਹਾਂ ਤੋਂ ਅਨੁਸ਼ਾਸਿਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਆਪਣੇ ਕਾਰਿਆਂ ਨਾਲ ਆਲੋਚਨਾ ਦੇ ਪਾਤਰ ਬਣਨ ਦੇ ਨਾਲ-ਨਾਲ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ, ਜੋ ਹੇਠਲੀਆਂ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :
ਪਹਿਲੀ ਉਦਾਹਰਣ ਮੱਧ ਪ੍ਰਦੇਸ਼ ਦੇ ‘ਹਰਦਾ’ ਦੀ ਹੈ। ਉੱਥੇ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਕਾਂਸਟੇਬਲ ਨੇ ਸੜਕ ’ਤੇ ਗੋਡਿਆਂ ਦੇ ਭਾਰ ਬੈਠ ਕੇ ਪਹਿਲਾਂ ਤਾਂ ਆਪਣੀ ਕਮੀਜ਼ ਉਤਾਰ ਕੇ ਲੋਕਾਂ ਵੱਲ ਸੁੱਟੀ ਅਤੇ ਫਿਰ ਆਪਣੀ ਪੈਂਟ ਵੀ ਉਤਾਰਨ ਦੇ ਬਾਅਦ ਇਕ ਆਦਮੀ ਨਾਲ ਬਹਿਸ ਕਰਨ ਲੱਗਾ, ਜਿਸ ’ਤੇ ਲੋਕਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ।
ਦੂਜੀ ਉਦਾਹਰਣ ਉੱਤਰ ਪ੍ਰਦੇਸ਼ ਦੇ ਖਲੀਲਾਬਾਦ ਪੁਲਸ ਥਾਣੇ ਦੀ ਹੈ। ਉੱਥੇ ਤਾਇਨਾਤ ਕੁਝ ਪੁਲਸ ਮੁਲਾਜ਼ਮਾਂ ਨੂੰ ਹਥਿਆਰ ਚਲਾਉਣਾ ਤੱਕ ਨਹੀਂ ਆਉਂਦਾ।
ਇਸ ਦਾ ਖੁਲਾਸਾ ਬੀਤੀ 26 ਦਸੰਬਰ ਨੂੰ ਉਦੋਂ ਹੋਇਆ ਜਦੋਂ ਬਸਤੀ ਰੇਂਜ ਦੇ ਡੀ.ਆਈ.ਜੀ. ਆਰ. ਕੇ. ਭਾਰਦਵਾਜ ਨੇ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਪਿਸਟਲ, ਰਾਈਫਲ, ਟੀਅਰ ਗੰਨ ਤੇ ਹੋਰ ਹਥਿਆਰ ਚਲਾ ਕੇ ਦਿਖਾਉਣ ਨੂੰ ਕਿਹਾ ਤਾਂ ਇਕ ਸਬ-ਇੰਸੈਪਕਟਰ ਨੇ ਰਾਈਫਲ ਦੀ ਨਾਲੀ ’ਚ ਹੀ ਗੋਲੀ ਪਾ ਦਿੱਤੀ, ਜਿਸ ਨੂੰ ਦੇਖ ਕੇ ਡੀ. ਆਈ. ਜੀ. ਸਮੇਤ ਸਾਰੇ ਲੋਕ ਹੱਸਣ ਲੱਗੇ।
ਪਹਿਲਾਂ ਵੀ ਸੂਬੇ ਦੀ ਪੁਲਸ ਹਾਸੇ ਦਾ ਪਾਤਰ ਬਣ ਚੁੱਕੀ ਹੈ। ਸੰਭਲ ’ਚ 2018 ’ਚ ਐਨਕਾਊਂਟਰ ਦੇ ਦੌਰਾਨ ਜਦੋਂ ਇਕ ਪੁਲਸ ਮੁਲਾਜ਼ਮ ਦਾ ਹਥਿਆਰ ਬੇਕਾਰ ਹੋ ਗਿਆ ਤਾਂ ਉਹ ਮੂੰਹ ਨਾਲ ਹੀ ‘ਠਾਹ-ਠਾਹ’ ਦੀ ਆਵਾਜ਼ ਕੱਢਣ ਲੱਗਾ ਸੀ।
ਜਿੱਥੇ ਨਸ਼ੇ ’ਚ ਧੁੱਤ ਪੁਲਸ ਮੁਲਾਜ਼ਮ ਵੱਲੋਂ ਸੜਕ ’ਤੇ ਤਮਾਸ਼ਾ ਕਰਨਾ ਗਲਤ ਹੈ, ਓਨਾ ਹੀ ਗਲਤ ਦੂਜੇ ਪੁਲਸ ਮੁਲਾਜ਼ਮਾਂ ਨੂੰ ਹਥਿਆਰਾਂ ਦੀ ਵਰਤੋਂ ਦਾ ਗਿਆਨ ਨਾ ਹੋਣਾ ਹੈ। ਇਸ ਲਈ ਇਸ ਤਰ੍ਹਾਂ ਦੀਆਂ ਖਾਮੀਆਂ ਨੂੰ ਤੱਤਕਾਲ ਦੂਰ ਕਰਨ ਦੀ ਲੋੜ ਹੈ।
-ਵਿਜੇ ਕੁਮਾਰ