ਭੋਜਪੁਰੀ ‘ਅਸ਼ਲੀਲ ਤੇ ਜਾਤੀ ਆਧਾਰਿਤ’ ਗੀਤਾਂ ’ਤੇ ਕਾਰਵਾਈ ਬਿਹਾਰ ਸਰਕਾਰ ਦਾ ਸਹੀ ਫੈਸਲਾ
03/04/2023 2:40:41 AM

ਇਨ੍ਹੀਂ ਦਿਨੀਂ ਬਿਹਾਰ ਦੇ ਕਲਾਕਾਰਾਂ ਦੇ ਗਾਏ ਹੋਏ ਵੱਖ-ਵੱਖ ਜਾਤੀਆਂ ’ਤੇ ਟਿੱਪਣੀ ਅਤੇ ਅਸ਼ਲੀਲ ਤੇ ਦੋਹਰੇ ਅਰਥ ਵਾਲੇ ਭੋਜਪੁਰੀ ਗੀਤਾਂ ਨੇ ਦੇਸ਼ ’ਚ ਹੰਗਾਮਾ ਮਚਾ ਰੱਖਿਆ ਹੈ, ਜਿਨ੍ਹਾਂ ਦੇ ਵੀਡੀਓ ’ਚ ਡਾਂਸਰਾਂ ਦਾ ਘਟੀਆ ਅੰਗ ਪ੍ਰਦਰਸ਼ਨ ਵੀ ਜੁੜ ਗਿਆ ਹੈ।
ਇਨ੍ਹਾਂ ਗੀਤਾਂ ਨੂੰ ਭੋਜਪੁਰੀ ਦੇ ਨਵੇਂ ਉਭਰਦੇ ਗਾਇਕ-ਗਾਇਕਾਵਾਂ ਹੀ ਨਹੀਂ, ਪ੍ਰਸਿੱਧ ਸਥਾਪਿਤ ਗਾਇਕ ਵੀ ਗਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਹਨ :
* ਏਕ-ਦੋ-ਤੀਨ-ਚਾਰ, ਪਟ ਸੇ ਦਿਹਾ ਉਘਾੜ
* ਰਾਤਿ-ਦਿਯਾ ਬੁਤਾ ਕੇ, ਪਿਯਾ ਕਯਾ-ਕਯਾ ਕਿਯਾ
* ਹਮਰਾ ਰਾਜਾ ਜੀ ਦਿਨ ਮੇਂ ਨ ਬੋਲੇ, ਰਤਿਆ ਮੇਂ ਚੋਲੀ ਖੋਲੇ
* ਉਠੀਏ ਬਲਮ ਜੀ, ਤਨੀ ਢਿਬਰੀ ਜਲਾਈ ਜੀ
* ਹਮਰਾ ਚੋਲੀਆ ਮੇਂ, ਅਜਬੁਲ ਗਈਲ ਬਾ ਸਮਾਈ
ਇਸੇ ਨੂੰ ਦੇਖਦੇ ਹੋਏ ਬਿਹਾਰ ਸਰਕਾਰ ਨੇ ਭੋਜਪੁਰੀ ਗੀਤਾਂ ’ਚ ਅਸ਼ਲੀਲਤਾ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਅਤੇ ਸਾਰੇ ਸੀਨੀਅਰ ਪੁਲਸ ਸੁਪਰਿੰਟੈਂਡੈਂਟਸ ਨੂੰ ਭੋਜਪੁਰੀ ਗੀਤਾਂ ’ਚ ਅਸ਼ਲੀਲ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਮਿਲਣ ’ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਕਿਹਾ ਹੈ ਕਿ ਸ਼ਿਕਾਇਤ ਮਿਲਣ ’ਤੇ ਜੇਕਰ ਪੁਲਸ ਨੇ ਕੋਈ ਕਦਮ ਨਾ ਚੁੱਕਿਆ ਤਾਂ ਦੋਸ਼ੀ ਪੁਲਸ ਮੁਲਾਜ਼ਮਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਜਿੱਥੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਵਿਸ਼ੇਸ਼ ਤੌਰ ’ਤੇ ਜਵਾਨ ਪੀੜ੍ਹੀ ’ਚ ਹਿੰਸਕ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਦੇ ਹਨ ਉੱਥੇ ਹੀ ਅਸ਼ਲੀਲ ਤੇ ਜਾਤੀ ਦੇ ਵਰਨਣ ਵਾਲੇ ਗੀਤ ਸਿੱਧਾ ਨੌਜਵਾਨਾਂ ਦੇ ਚਰਿੱਤਰ ’ਤੇ ਸੱਟ ਮਾਰ ਕੇ ਉਨ੍ਹਾਂ ਨੂੰ ਚਰਿੱਤਰਹੀਣਤਾ, ਅਨੈਤਿਕ ਆਚਰਣ ਤੇ ਸੈਕਸ ਅਪਰਾਧਾਂ ਵੱਲ ਧੱਕਣ ਦੇ ਨਾਲ-ਨਾਲ ਭੋਜਪੁਰੀ ਭਾਸ਼ਾ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ।
ਇਸ ਲਿਹਾਜ਼ ਤੋਂ ਬਿਹਾਰ ਸਰਕਾਰ ਦਾ ਫੈਸਲਾ ਸਹੀ ਹੈ ਜਿਸ ਨੂੰ ਸਖਤੀ ਨਾਲ ਲਾਗੂ ਕਰਨ ਨਾਲ ਜਵਾਨ ਪੀੜ੍ਹੀ ਨੂੰ ਕਿਸੇ ਹੱਦ ਤੱਕ ਪਤਨ ਦੀ ਡੂੰਘਾਈ ’ਚ ਜਾਣ ਤੋਂ ਬਚਾਇਆ ਜਾ ਸਕੇਗਾ।
-ਵਿਜੇ ਕੁਮਾਰ