ਜ਼ਮਾਨਤ ’ਤੇ ਆਏ ਦੋਸ਼ੀ ਮੁੜ ਕਰ ਰਹੇ ਅਪਰਾਧ ‘ਛੁੱਟਦੀ ਨਹੀਂ ਹੈ ਕਾਫਿਰ, ਇਹ ਮੂੰਹ ਨਾਲ ਲੱਗੀ ਹੋਈ’

05/23/2023 3:35:55 AM

ਜੇਲ੍ਹਾਂ ਨੂੰ ਅਪਰਾਧੀਆਂ ਦਾ ‘ਸੁਧਾਰ ਘਰ’ ਕਿਹਾ ਜਾਂਦਾ ਹੈ ਤਾਂ ਜੋ ਉਥੋਂ ਸਜ਼ਾ ਕੱਟਣ ਤੋਂ ਬਾਅਦ ਉਹ ਇਕ ਬਿਹਤਰ ਇਨਸਾਨ ਬਣ ਕੇ ਬਾਹਰ ਨਿਕਲਣ ਪਰ ਜੇਲ ਮੈਨੇਜਮੈਂਟ ਇਹ ਉਦੇਸ਼ ਪੂਰਾ ਕਰਨ ਵਿਚ ਅਸਫਲ ਰਹੀ ਹੈ। ਇਹ ਇਸੇ ਤੋਂ ਸਪੱਸ਼ਟ ਹੈ ਕਿ ਜ਼ਮਾਨਤ ’ਤੇ ਛੁੱਟ ਕੇ ਆਉਣ ਤੋਂ ਬਾਅਦ ਵੀ ਕੁਝ ਦੋਸ਼ੀ ਅਪਰਾਧ ਕਰਨ ਤੋਂ ਬਾਜ਼ ਨਹੀਂ ਆਉਂਦੇ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 27 ਜਨਵਰੀ ਨੂੰ ਹੱਤਿਆ ਦੇ ਦੋਸ਼ ਹੇਠ 3 ਸਾਲ ਤੋਂ ਜੇਲ ਵਿਚ ਬੰਦ ਬਿਲਾਸਪੁਰ (ਛੱਤੀਸਗੜ੍ਹ) ਵਿਚ ਦੁਰਗੇਸ਼ ਲੋਧੀ ਨਾਮਕ ਵਿਅਕਤੀ ਨੇ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਉਂਦੇ ਹੀ ਇਕ ਵਿਅਕਤੀ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।

* 23 ਮਾਰਚ ਨੂੰ ਠਾਣੇ (ਮਹਾਰਾਸ਼ਟਰ) ਵਿਚ ਆਟੋ ਰਿਕਸ਼ਾ ਚੁਰਾਉਣ ਤੋਂ ਬਾਅਦ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਜੋ 9 ਮਾਰਚ ਨੂੰ ਹੀ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ।

* 24 ਅਪ੍ਰੈਲ ਨੂੰ ਪਟਨਾ ਵਿਚ ਇਕ ਹੱਤਿਆਕਾਂਡ ਦੇ ਸਿਲਸਿਲੇ ਵਿਚ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਉਂਦੇ ਹੀ ਇਕ ਔਰਤ ਨੂੰ ਲੁੱਟਣ ਦੇ ਦੋਸ਼ ਹੇਠ ਗੋਲੂ ਕੁਮਾਰ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਮੁੜ ਜੇਲ ਭੇਜ ਦਿੱਤਾ ਗਿਆ।

* 11 ਮਈ ਨੂੰ ਗੋਰਖਪੁਰ ਦੇ ‘ਕੈਂਪੀਅਰਗੰਜ’ ਦੇ ‘ਰਾਸੂਖੋਰ’ ਪਿੰਡ ਵਿਚ ਜ਼ਮੀਨ ਦੀ ਜਬਰੀ ਰਜਿਸਟਰੀ ਕਰਨ ਤੋਂ ਮਨ੍ਹਾ ਕਰਨ ’ਤੇ ਭੂ-ਸਵਾਮੀ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਯੋਗੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਦੋਸ਼ੀ ਆਰਮਜ਼ ਐਕਟ ਤਹਿਤ ਜੇਲ ਵਿਚ ਬੰਦ ਸੀ ਅਤੇ ਜ਼ਮਾਨਤ ’ਤੇ ਛੁੱਟ ਕੇ ਘਰ ਆਉਣ ਦੇ 10 ਦਿਨ ਬਾਅਦ ਹੀ ਉਸ ਨੇ ਮੁੜ ਅਪਰਾਧ ਕਰ ਦਿੱਤਾ।

* 19 ਮਈ ਨੂੰ ਮਥੁਰਾ ਦੇ ‘ਫਰਹ’ ਕਸਬੇ ਵਿਚ ਇਕ ਵਿਅਕਤੀ ਨੂੰ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਹ 15 ਅਪ੍ਰੈਲ ਨੂੰ ਹੀ ਜੇਲ ਤੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ।

* ਅਤੇ ਹੁਣ 22 ਮਈ ਨੂੰ ਲੁਧਿਆਣਾ ਵਿਚ ਹਥਿਆਰਾਂ ਦੀ ਤਾਕਤ ’ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦੇ ਜ਼ਮਾਨਤ ’ਤੇ ਚੱਲ ਰਹੇ 4 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ, ਜਦਕਿ ਉਨ੍ਹਾਂ ਦਾ ਇਕ ਸਾਥੀ ਭੱਜਣ ਵਿਚ ਸਫਲ ਹੋ ਗਿਆ। ਇਸ ਗਿਰੋਹ ’ਤੇ 4 ਮਹੀਨਿਆਂ ਵਿਚ 60 ਤੋਂ ਵੀ ਵੱਧ ਵਾਰਦਾਤਾਂ ਕਰਨ ਦਾ ਦੋਸ਼ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਡੀਆਂ ਜੇਲਾਂ ਅਪਰਾਧੀਆਂ ਨੂੰ ਸੁਧਾਰਨ ਵਿਚ ਕਿਸ ਤਰ੍ਹਾਂ ਅਸਫਲ ਹੋ ਰਹੀਆਂ ਹਨ। ਇਸ ਲਈ ਇਸ ਬੁਰਾਈ ਨੂੰ ਰੋਕਣ ਲਈ ਜੇਲਾਂ ਨੂੰ ਅਸਲੀ ਅਰਥਾਂ ਵਿਚ ਸੁਧਾਰ ਘਰ ਬਣਾ ਕੇ ਉਥੇ ਅਪਰਾਧੀਆਂ ਨੂੰ ਅਪਰਾਧ ਦੀ ਦੁਨੀਆ ਛੱਡਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

–ਵਿਜੇ ਕੁਮਾਰ
 


Anmol Tagra

Content Editor

Related News