ਰੁਕਣ ’ਚ ਨਹੀਂ ਆ ਰਿਹਾ ‘ਨੇਤਾਵਾਂ ਵਲੋਂ ਬੇਹੂਦਾ ਬਿਆਨਬਾਜ਼ੀ ਦਾ ਸਿਲਸਿਲਾ’

04/24/2019 6:51:29 AM

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਮੰਗਲਵਾਰ ਨੂੰ 117 ਸੀਟਾਂ ’ਤੇ ਵੋਟਾਂ ਪੈਣ ਦੇ ਨਾਲ ਹੀ ਦੇਸ਼ ’ਚ 56 ਫੀਸਦੀ ਵੋਟਿੰਗ ਪੂਰੀ ਹੋ ਗਈ। ਇਨ੍ਹਾਂ ਚੋਣਾਂ ਦੌਰਾਨ ਜਿੱਥੇ ਵੋਟਰਾਂ ’ਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਸੁਪਰੀਮ ਕੋਰਟ ਦੀ ਝਾੜ ਅਤੇ ਚੋਣ ਕਮਿਸ਼ਨ ਵਲੋਂ ਕਈ ਬੜਬੋਲੇ ਨੇਤਾਵਾਂ ’ਤੇ ਕਾਰਵਾਈ ਕਰਨ ਦੇ ਬਾਵਜੂਦ ਵਿਵਾਦਪੂਰਨ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ, ਜਿਨ੍ਹਾਂ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* ਪ੍ਰਿਯੰਕਾ ਗਾਂਧੀ ਨੇ ਅਮੇਠੀ ’ਚ ਇਕ ਨੁੱਕੜ ਸਭਾ ’ਚ ਬੋਲਦਿਆਂ ਕਿਹਾ, ‘‘ਸਮ੍ਰਿਤੀ ਇਰਾਨੀ ਨੇ ਇਹ ਕਹਿਣ ਲਈ ਜੁੱਤੀਆਂ ਵੰਡੀਆਂ ਕਿ ਅਮੇਠੀ ਦੇ ਲੋਕਾਂ ਕੋਲ ਪਹਿਨਣ ਲਈ ਜੁੱਤੀਆਂ ਨਹੀਂ ਹਨ। ਉਹ ਸੋਚ ਰਹੀ ਹੈ ਕਿ ਅਜਿਹਾ ਕਰ ਕੇ ਉਹ ਰਾਹੁਲ ਦਾ ਅਪਮਾਨ ਕਰ ਰਹੀ ਹੈ, ਜਦਕਿ ਸੱਚ ਇਹ ਹੈ ਕਿ ਉਹ ਅਮੇਠੀ ਦਾ ਅਪਮਾਨ ਕਰ ਰਹੀ ਹੈ। ਜੇ ਕੋਈ ਮੰਗ ਰਿਹਾ ਹੈ ਤਾਂ ਉਹੀ (ਭਾਜਪਾ ਵਾਲੇ), ਜੋ ਤੁਹਾਡੀਆਂ ਵੋਟਾਂ ਮੰਗ ਰਹੇ ਹਨ।’’ ਇਸ ’ਤੇ ਸਮ੍ਰਿਤੀ ਨੇ ਕਿਹਾ, ‘‘ਮੈਂ ਅਭਿਨੇਤਰੀ ਰਹਿ ਚੁੱਕੀ ਹਾਂ, ਲਿਹਾਜ਼ਾ ਪ੍ਰਿਯੰਕਾ ਐਕਟਿੰਗ ਨਾ ਕਰੇ ਤਾਂ ਬਿਹਤਰ ਹੈ। ਜਿਥੋਂ ਤਕ ਉਨ੍ਹਾਂ ਗਰੀਬਾਂ ਦੀ ਗੱਲ ਹੈ, ਜਿਨ੍ਹਾਂ ਦੇ ਪੈਰਾਂ ’ਚ ਜੁੱਤੀਆਂ ਨਹੀਂ ਹਨ, ਤਾਂ ਜੇ ਉਨ੍ਹਾਂ (ਪ੍ਰਿਯੰਕਾ) ’ਚ ਜ਼ਰਾ ਜਿੰਨੀ ਵੀ ਸ਼ਰਮ ਬਾਕੀ ਹੈ ਤਾਂ ਉਹ ਖ਼ੁਦ ਆ ਕੇ ਦੇਖ ਲੈਣ।’’

* ਸਪਾ ਦੇ ਸੀਨੀਅਰ ਆਗੂ ਆਜ਼ਮ ਖਾਨ ਦੇ ਵਿਧਾਇਕ ਬੇਟੇ ਅਬਦੁੱਲਾ ਆਜ਼ਮ ਨੇ ਰਾਮਪੁਰ ਦੀ ਇਕ ਜਨਸਭਾ ’ਚ ਕਿਹਾ, ‘‘ਸਾਨੂੰ ਅਲੀ ਵੀ ਚਾਹੀਦੈ ਤੇ ਬਜਰੰਗ ਬਲੀ ਵੀ ਪਰ ਸਾਨੂੰ ਅਨਾਰਕਲੀ ਨਹੀਂ ਚਾਹੀਦੀ।’’ ਇਸ ਦੇ ਜਵਾਬ ’ਚ ਜਯਾ ਪ੍ਰਦਾ ਨੇ ਬਿਆਨ ਦਿੱਤਾ, ‘‘ਜਿਹੋ ਜਿਹਾ ਬਾਪ ਹੈ, ਉਹੋ ਜਿਹਾ ਹੀ ਬੇਟਾ ਹੈ। ਤੇਰੇ ਪਿਤਾ ਕਹਿੰਦੇ ਹਨ ਕਿ ਮੈਂ ਆਮਰਪਾਲੀ ਹਾਂ ਅਤੇ ਤੂੰ ਕਹਿੰਦਾ ਹੈਂ ਕਿ ਮੈਂ ਅਨਾਰਕਲੀ ਹਾਂ।’’ ਇਕ ਹੋਰ ਬਿਆਨ ’ਚ ਜਯਾ ਪ੍ਰਦਾ ਨੇ (ਬਸਪਾ ਸੁਪਰੀਮੋ ਮਾਇਆਵਤੀ ਨੂੰ) ਕਿਹਾ, ‘‘ਆਜ਼ਮ ਖਾਨ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਮੇਰੇ ਬਾਰੇ ਕਰਦਾ ਹੈ, ਮਾਇਆਵਤੀ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਉਸ ਦੀਆਂ ਐਕਸਰੇ ਵਰਗੀਆਂ ਅੱਖਾਂ ਤੁਹਾਡੇ ’ਤੇ ਵੀ ਕਿਤੇ-ਕਿਤੇ ਨਜ਼ਰ ਮਾਰ ਕੇ ਦੇਖਣਗੀਆਂ।’’ (14 ਅਪ੍ਰੈਲ ਨੂੰ ਆਜ਼ਮ ਖਾਨ ਨੇ ਇਕ ਸਭਾ ’ਚ ਜਯਾ ਪ੍ਰਦਾ ਬਾਰੇ ਇਹ ਬਿਆਨ ਦਿੱਤਾ ਸੀ ਕਿ ‘‘ਮੈਂ 17 ਦਿਨਾਂ ’ਚ ਪਛਾਣ ਗਿਆ ਕਿ ਇਨ੍ਹਾਂ ਦਾ ਅੰਦਰੂਨੀ ਵਸਤਰ ਖਾਕੀ ਰੰਗ ਦਾ ਹੈ।’’)

* ਯੋਗੀ ਆਦਿੱਤਿਆਨਾਥ ਨੇ ਰਾਮਪੁਰ ’ਚ ਭਾਸ਼ਣ ਦਿੰਦਿਆਂ ਕਿਹਾ ਕਿ ‘‘ਰਾਮਪੁਰ ਦੇ ਕਲੰਕ ਨੂੰ ਮਿਟਾ ਦਿਓ, ਕਲਾ ਦੀ ਦੇਵੀ ਜਯਾ ਪ੍ਰਦਾ ਨੂੰ ਜਿਤਾ ਦਿਓ।’’

* ਮਿਜ਼ੋਰਮ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ‘‘ਪਲਾਨ ਕਰ ਕੇ ਤੁਸੀਂ ਪੁਲਵਾਮਾ ’ਚ ਅੱਤਵਾਦੀ ਹਮਲਾ ਕਰਵਾਇਆ ਤਾਂ ਕਿ ਤੁਹਾਨੂੰ ਮੌਕਾ ਮਿਲੇ। ਜੇ ਮੋਦੀ ਜੀ ਚਾਹੁਣ ਕਿ 42 ਜਵਾਨਾਂ ਦੀ ਹੱਤਿਆ ਕਰ ਕੇ ਉਨ੍ਹਾਂ ਦੀਆਂ ਚਿਤਾਵਾਂ ਦੀ ਰਾਖ ਨਾਲ ਆਪਣਾ ਰਾਜਤਿਲਕ ਕਰ ਲੈਣ ਤਾਂ ਲੋਕ ਨਹੀਂ ਕਰਨ ਦੇਣਗੇ।’’

* ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਫਰੂਖਾਬਾਦ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਖ਼ੁਦ ਨੂੰ ਯੋਗੀ ਆਦਿੱਤਿਆਨਾਥ ਦਾ ‘ਬਾਪ’ ਦੱਸਦਿਆਂ ਕਿਹਾ ਕਿ ‘‘ਬੇਟਾ ਨਿਕੰਮਾ ਹੈ, ਜੋ ਚਾਰੇ ਦੀ ਚੋਰੀ ਕਰ ਰਿਹਾ ਹੈ।’’ ਸੂਬੇ ’ਚ ਗਊਆਂ ਦੇ ਚਾਰੇ ਦੀ ਵੰਡ ’ਚ ਬੇਨਿਯਮੀਆਂ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘‘ਯੋਗੀ ਜੀ ਨੂੰ ਕਹੋ ਕਿ ਰਿਸ਼ਤੇ ’ਚ ਮੈਂ ਉਨ੍ਹਾਂ ਦਾ ਬਾਪ ਲੱਗਦਾ ਹਾਂ....ਹੁਣ ਉਹ ਇਸ ਦੇ ਲਈ ਕੀ ਕਹਿਣਗੇ ਕਿ ਬੇਟਾ ਬਹੁਤ ਨਿਕੰਮਾ ਨਿਕਲਿਆ, ਗਊ ਮਾਤਾ ਨੂੰ ਖਾਣਾ ਵੀ ਪੂਰਾ ਨਹੀਂ ਪਹੁੰਚਾਉਂਦਾ।’’

* ਭਾਜਪਾ ਨੇਤਾ ਪੰਕਜਾ ਮੁੰਡੇ ਨੇ ਜਾਲਨਾ ’ਚ ਇਕ ਚੋਣ ਰੈਲੀ ਦੌਰਾਨ ਕਿਹਾ, ‘‘ਅੱਜਕਲ ਕੋਈ ਵੀ ਉੱਠਦਾ ਹੈ ਅਤੇ ਨਰਿੰਦਰ ਮੋਦੀ ਨੂੰ ਪੁੱਛਣ ਲੱਗਦਾ ਹੈ ਕਿ ਸਰਜੀਕਲ ਸਟ੍ਰਾਈਕ ਕਿੱਥੇ ਹੋਈ ਤੇ ਕਿੰਨੇ ਲੋਕ ਮਰੇ? ਲਿਹਾਜ਼ਾ ਸਰਜੀਕਲ ਸਟ੍ਰਾਈਕ ਦਾ ਸਬੂਤ ਮੰਗਣ ਵਾਲੇ ਰਾਹੁਲ ਗਾਂਧੀ ਦੇ ਗਲੇ ’ਚ ਬੰਬ ਬੰਨ੍ਹ ਕੇ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ।’’ 

* ਪ੍ਰਯਾਗਰਾਜ ’ਚ ਕੇਂਦਰੀ ਰਾਜ ਮੰਤਰੀ ਤੇ ਰਾਜਗ ਦੀ ਸਹਿਯੋਗੀ ਪਾਰਟੀ ‘ਅਪਨਾ ਦਲ’ ਦੀ ਨੇਤਾ ਅਨੁਪ੍ਰਿਯਾ ਪਟੇਲ ਯੂ. ਪੀ. ’ਚ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਾਉਂਦਿਆਂ ਬੋਲੀ, ‘‘ਮੋਦੀ ਦੇ ਨਾਂ ਦਾ ਭੂਤ ਵਿਰੋਧੀ ਧਿਰ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਇਸ ਭੂਤ ਤੋਂ ਬਚਣ ਲਈ ਸੱਪ ਤੇ ਨਿਓਲੇ ਨੇ ਇਕ-ਦੂਜੇ ਨੂੰ ਗਲੇ ਲਾ ਲਿਆ ਹੈ।’’

* ਬਦਾਯੂੰ ’ਚ ਭਾਜਪਾ ਨੇਤਾ ਸੰਘਮਿੱਤਰਾ ਮੌਰਿਆ ਨੇ ਆਪਣੇ ਸਮਰਥਕਾਂ ਨੂੰ ਬੋਗਸ ਵੋਟਿੰਗ ਕਰਨ ਲਈ ਪ੍ਰੇਰਿਤ ਕਰਦਿਆਂ ਸਲਾਹ ਦਿੱਤੀ, ‘‘ਜੋ ਲੋਕ ਵੋਟ ਪਾਉਣ ਲਈ ਨਾ ਆਉਣ, ਤੁਸੀਂ ਉਨ੍ਹਾਂ ਵਲੋਂ ਵੀ ਵੋਟ ਪਾ ਦਿਓ ਕਿਉਂਕਿ ਇਕ ਵੀ ਵੋਟ ਬੇਕਾਰ ਨਹੀਂ ਜਾਣੀ ਚਾਹੀਦੀ।’’

* ਮੱਧ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਵਲੋਂ ਕਾਂਗਰਸ ਦੇ ਪ੍ਰਚਾਰ ਗੀਤ ’ਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ’ਤੇ ਰੋਕ ਲਾਉਣ ਤੋਂ ਬਾਅਦ ਕਾਂਗਰਸ ਨੇ ਇਸ ’ਚ ਨਵਾਂ ਸ਼ਬਦ ‘ਠੱਗ ਮਾਸਟਰ ਸੇ ਬਚ ਕਰ ਰਹਿਨਾ’ ਜੋੜ ਦਿੱਤਾ ਹੈ ਅਤੇ ਇਸ ਦੇ ਬੋਲ ਹਨ–‘ਲੋਗਣ ਕੇ ਰੋਜ਼ਗਾਰ ਨਾਮ ਕੇ ਨਾਹੀਂ, ਐਸਣ ਠਗ ਮਾਸਟਰ ਕਾਮ ਕੇ ਨਾਹੀਂ’।

ਇਤਰਾਜ਼ਯੋਗ ਬਿਆਨਬਾਜ਼ੀ ਦੀਆਂ ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਖ਼ੁਦ ਨੂੰ ਦੇਸ਼ ਦੇ ਭਾਗ-ਵਿਧਾਤਾ ਸਮਝਣ ਦਾ ਦਾਅਵਾ ਕਰਨ ਵਾਲੇ ਸਾਡੇ ਕਾਨੂੰਨ ਨਿਰਮਾਤਾ ਕਿੰਨੇ ਹੇਠਲੇ ਪੱਧਰ ’ਤੇ ਜਾ ਕੇ ਬਿਆਨਬਾਜ਼ੀ ਕਰ ਰਹੇ ਹਨ ਅਤੇ ਇਕ-ਦੂਜੇ ’ਤੇ ਨਿੱਜੀ ਦੋਸ਼ ਲਾਉਣ ਤੋਂ ਵੀ ਨਹੀਂ ਖੁੰਝ ਰਹੇ।

ਸੁਪਰੀਮ ਕੋਰਟ ਵਲੋਂ ਝਾੜ ਤੇ ਚੋਣ ਕਮਿਸ਼ਨ ਵਲੋਂ ਇਤਰਾਜ਼ਯੋਗ ਭਾਸ਼ਣ ਦੇਣ ਵਾਲੇ ਨੇਤਾਵਾਂ ’ਤੇ ਥੋੜ੍ਹਚਿਰੀ ਪਾਬੰਦੀ ਲਾਉਣ ਦਾ ਕੋਈ ਅਸਰ ਨਹੀਂ ਹੋਇਆ, ਇਸ ਲਈ ਲੋੜ ਇਸ ਗੱਲ ਦੀ ਹੈ ਕਿ ਇਤਰਾਜ਼ਯੋਗ ਬਿਆਨ ਦੇਣ ਵਾਲੇ ਨੇਤਾਵਾਂ ਵਿਰੁੱਧ ਸਖਤ ਪਾਬੰਦੀ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਇਹ ਰੁਝਾਨ ਬੰਦ ਹੋਵੇ।

–ਵਿਜੇ ਕੁਮਾਰ
 


Bharat Thapa

Content Editor

Related News