ਰਮਜ਼ਾਨ ਦੇ (ਪਵਿੱਤਰ) ਮਹੀਨੇ ’ਚ ਪਾਕਿਸਤਾਨ ਵਿਚ ਭਿਆਨਕ ਆਤਮਘਾਤੀ ਹਮਲਾ

05/11/2019 5:07:31 AM

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਜਿੱਥੇ ਪਾਕਿਸਤਾਨੀ ਸ਼ਾਸਕਾਂ ਨੇ ਭਾਰਤ ਵਿਰੁੱਧ ਸਿੱਧੀ ਅਤੇ ਅਸਿੱਧੀ ਜੰਗ ਛੇੜੀ ਹੋਈ ਹੈ, ਉਥੇ ਹੀ ਪਾਕਿਸਤਾਨ ਦੇ ਟ੍ਰੇਨਿੰਗ ਕੈਂਪਾਂ ’ਚ ਹਿੰਸਕ ਸਰਗਰਮੀਆਂ ਦੀ ਸਿਖਲਾਈ ਲੈਣ ਵਾਲੇ ਅਤੇ ਉਸ ਦੇ ਪਾਲ਼ੇ ਹੋਏ ਅੱਤਵਾਦੀ ਹੁਣ ਪਾਕਿਸਤਾਨ ਦੇ ਕਾਬੂ ’ਚੋਂ ਵੀ ਬਾਹਰ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਹੀ ਦੇਸ਼ਵਾਸੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਤਾਜ਼ਾ ਮਿਸਾਲ 8 ਮਈ ਨੂੰ ਮਿਲੀ, ਜਦੋਂ ਸਵੇਰੇ ਲੱਗਭਗ ਪੌਣੇ 9 ਵਜੇ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਲਾਹੌਰ ’ਚ ਰਮਜ਼ਾਨ ਦੇ (ਪਵਿੱਤਰ) ਮਹੀਨੇ ’ਚ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫ਼ੀ ਧਾਰਮਿਕ ਅਸਥਾਨ ‘ਦਾਤਾ ਦਰਬਾਰ’ ਦੇ ਬਾਹਰ ਇਕ 15 ਸਾਲਾ ਆਤਮਘਾਤੀ ਹਮਲਾਵਰ ਵਲੋਂ ਕੀਤੇ ਗਏ ਧਮਾਕੇ ’ਚ 5 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 11 ਵਿਅਕਤੀ ਮਾਰੇ ਗਏ ਅਤੇ ਦੋ ਦਰਜਨ ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।

ਅੱਤਵਾਦੀ ਗਿਰੋਹ ‘ਤਹਿਰੀਕੇ-ਤਾਲਿਬਾਨ ਪਾਕਿਸਤਾਨ’ ਨਾਲੋਂ ਅੱਡ ਹੋਏ ਧੜੇ ‘ਜਮਾਤ-ਉਲ-ਅਹਿਰਾਕ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। 11ਵੀਂ ਸਦੀ ’ਚ ਬਣੇ ‘ਦਾਤਾ ਦਰਬਾਰ’ ਨੂੰ 2010 ’ਚ ਵੀ ਇਕ ਆਤਮਘਾਤੀ ਹਮਲੇ ’ਚ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ’ਚ 40 ਵਿਅਕਤੀ ਮਾਰੇ ਗਏ ਸਨ। ਜਿੱਥੇ ਉਕਤ ਹਮਲੇ ਤੋਂ ਇਹ ਸਾਫ ਹੋ ਗਿਆ ਹੈ ਕਿ ਅੱਤਵਾਦੀਆਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ ਅਤੇ ਉਹ ਪਵਿੱਤਰ ਰਮਜ਼ਾਨ ਦੇ ਇਸ ਮਹੀਨੇ ’ਚ ਵੀ ਹਿੰਸਾ ਤੋਂ ਦੂਰ ਰਹਿਣ ਲਈ ਤਿਆਰ ਨਹੀਂ ਹਨ, ਉਥੇ ਹੀ ਇਸ ਨਾਲ ਪਾਕਿ ਫੌਜ ਦੇ ਡਾਇਰੈਕਟਰ ਜਨਰਲ ਆਈ. ਐੱਸ. ਪੀ. ਆਰ. (ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼) ਆਸਿਫ ਗੱਫੂਰ ਦਾ 29 ਅਪ੍ਰੈਲ ਨੂੰ ਕੀਤਾ ਇਹ ਦਾਅਵਾ ਵੀ ਝੂਠਾ ਸਿੱਧ ਹੋ ਗਿਆ ਹੈ ਕਿ ‘‘ਪਾਕਿਸਤਾਨ ’ਚ ਕੋਈ ਅੱਤਵਾਦੀ ਗਿਰੋਹ ਨਹੀਂ ਹੈ।’’ ਲਿਹਾਜ਼ਾ ਅਜਿਹੇ ਝੂਠੇ ਦਾਅਵਿਆਂ ਨਾਲ ਖ਼ੁਦ ਨੂੰ ਬਹਿਲਾਉਣ ਦੀ ਬਜਾਏ ਪਾਕਿ ਸਰਕਾਰ ਨੂੰ ਅਸਲੀਅਤ ਸਮਝ ਕੇ ਆਪਣੇ ਇਥੇ ਪਲ਼ ਰਹੇ ਅੱਤਵਾਦੀਆਂ ’ਤੇ ਫੌਲਾਦੀ ਵਾਰ ਕਰ ਕੇ ਇਸ ਬੁਰਾਈ ਦਾ ਖਾਤਮਾ ਕਰਨਾ ਚਾਹੀਦਾ ਹੈ।

–ਵਿਜੇ ਕੁਮਾਰ


Bharat Thapa

Content Editor

Related News