‘ਜਗ ਬਾਣੀ’ 43ਵੇਂ ਸਾਲ ’ਚ ਦਾਖਲ

07/21/2020 3:34:22 AM

ਸਾਨੂੰ ਪਾਠਕਾਂ ਨੰੂ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ‘ਪੰਜਾਬ ਕੇਸਰੀ ਗਰੁੱਪ’ ਦਾ ਸਹਿਯੋਗੀ ਪ੍ਰਕਾਸ਼ਨ ਅਤੇ ਤੁਹਾਡਾ ਪਿਆਰਾ ਪੰਜਾਬੀ ਰੋਜ਼ਾਨਾ ‘ਜਗ ਬਾਣੀ’ ਅੱਜ ਆਪਣੇ ਪ੍ਰਕਾਸ਼ਨ ਦੇ 43ਵੇਂ ਸਾਲ ’ਚ ਦਾਖਲ ਹੋ ਰਿਹਾ ਹੈ ਅਤੇ ਲਗਾਤਾਰ ਕਦਮ ਅੱਗੇ ਵਧਾਉਂਦੇ ਹੋਏ ਇਸ ਦੇ ਪਾਠਕਾਂ ਦੀ ਗਿਣਤੀ 40 ਲੱਖ ਤੋਂ ਵੱਧ ਹੋ ਗਈ ਹੈ, ਜੋ ਪੰਜਾਬੀ ਅਖਬਾਰਾਂ ’ਚ ਸਭ ਤੋਂ ਵੱਧ ਹੈ।

ਅੱਜ ਦੇ ਸ਼ੁੱਭ ਦਿਨ ਮੈਨੂੰ ਯਾਦ ਆਉਂਦਾ ਹੈ, ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ 4 ਮਈ 1948 ਨੂੰ 3000 ਕਾਪੀਆਂ ਦੇ ਨਾਲ ਉਰਦੂ ਰੋਜ਼ਾਨਾ ‘ਹਿੰਦ ਸਮਾਚਾਰ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ ਅਤੇ 1965 ਤਕ ਪਹੁੰਚਦੇ-ਪਹੁੰਚਦੇ ਇਸ ਦੀ ਪ੍ਰਸਾਰ ਗਿਣਤੀ 60-70 ਹਜ਼ਾਰ ਤਕ ਪਹੁੰਚ ਗਈ। ਫਿਰ 13 ਮਈ 1984 ਨੂੰ ਇਹ 1 ਲੱਖ 1 ਹਜ਼ਾਰ 475 ਕਾਪੀਆਂ ਦਾ ਅੰਕੜਾ ਛੂਹ ਕੇ ਦੇਸ਼ ਦਾ ਸਭ ਤੋਂ ਵੱਧ ਪ੍ਰਸਾਰਿਤ ਉਰਦੂ ਅਖਬਾਰ ਬਣ ਗਿਆ।

ਲਾਲਾ ਜੀ ਨੇ 13 ਜੂਨ 1965 ਨੂੰ 6 ਹਜ਼ਾਰ ਕਾਪੀਆਂ ਦੇ ਨਾਲ ਹਿੰਦੀ ਰੋਜ਼ਾਨਾ ‘ਪੰਜਾਬ ਕੇਸਰੀ’ ਸ਼ੁਰੂ ਕੀਤਾ। ਅਜੇ ਇਸ ਨੂੰ ਸ਼ੁਰੂ ਹੋਇਆਂ ਕੁਝ ਹੀ ਸਮਾਂ ਬੀਤਿਆ ਸੀ ਕਿ ਪਾਕਿਸਤਾਨ ਦੇ ਨਾਲ ਜੰਗ ਲੱਗ ਗਈ। ਉਨ੍ਹੀਂ ਦਿਨੀਂ ਪੂਜਨੀਕ ਪਿਤਾ ਜੀ ਰਾਜ ਸਭਾ ਦੇ ਆਜ਼ਾਦ ਮੈਂਬਰ ਸਨ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਨੇ ਸਰਹੱਦ ਦਾ ਦੌਰਾ ਕਰ ਕੇ ਜਵਾਨਾਂ ਦਾ ਹੌਸਲਾ ਵਧਾਉਣ ਦੀ ਉਨ੍ਹਾਂ ਦੀ ਡਿਊਟੀ ਲਾ ਦਿੱਤੀ।

ਉਸ ਸਮੇਂ ਮੈਂ ਪਿਤਾ ਜੀ ਦੇ ਨਾਲ ਜੰਗ ਦੇ ਮੈਦਾਨ ’ਚ ਜਾ ਕੇ ਉਥੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਫੋਟੋਆਂ ਖਿੱਚ ਕੇ ਲਿਆਉਂਦਾ ਸੀ, ਜੋ ਸਾਡੀਆਂ ਦੋਵਾਂ ਅਖਬਾਰਾਂ ’ਚ ਛਪਦੀਆਂ ਹੁੰਦੀਆਂ ਸਨ।

ਪੂਜਨੀਕ ਪਿਤਾ ਜੀ ਪੰਜਾਬ ’ਚ ਘੁੰਮਦੇ ਅਤੇ ਸਾਰੇ ਧਰਮਾਂ ਦੇ ਧਰਮ ਅਸਥਾਨਾਂ ’ਤੇ ਜਾਂਦੇ ਅਤੇ ਭਾਸ਼ਣ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਅਸੀਂ ਪੰਜਾਬੀ ’ਚ ਵੀ ਇਕ ਰੋਜ਼ਾਨਾ ਅਖਬਾਰ ਸ਼ੁਰੂ ਕਰੀਏ।

ਕੁਝ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਨੇ ਵੀ ਉਨ੍ਹਾਂ ਨੂੰ ਪੰਜਾਬੀ ਰੋਜ਼ਾਨਾ ਸ਼ੁਰੂ ਕਰਨ ਦਾ ਉਤਸ਼ਾਹ ਦਿੱਤਾ ਸੀ ਅਤੇ ਆਖਿਰਕਾਰ ਜਦੋਂ ਲਾਲਾ ਜੀ ਨੇ ‘ਜਗ ਬਾਣੀ’ ਸ਼ੁਰੂ ਕਰਨ ਦਾ ਫੈਸਲਾ ਕਰ ਕੇ ਸਾਨੂੰ ਦੱਸਿਆ ਤਾਂ ਅਸੀਂ ਦੋਵੇਂ ਭਰਾ ਮੈਂ ਅਤੇ ਰਮੇਸ਼ ਜੀ ਤੁਰੰਤ ਉਨ੍ਹਾਂ ਨਾਲ ਸਹਿਮਤ ਨਹੀਂ ਹੋਏ।

ਅਸੀਂ ਉਨ੍ਹਾਂ ਨੂੰ ਕਿਹਾ ਕਿ ‘ਪ੍ਰਤਾਪ’ ਦੇ ਪ੍ਰਕਾਸ਼ਕਾਂ ਨੇ ਵੀ ਪੰਜਾਬੀ ਅਖਬਾਰ ਕੱਢੀ ਸੀ ਪਰ ਉਹ ਚੱਲੀ ਨਹੀਂ। ਇਸ ’ਤੇ ਲਾਲਾ ਜੀ ਨੇ ਕਿਹਾ ਕਿ ‘‘ਇਕ ਨਿਰਪੱਖ ਅਤੇ ਧਰਮ -ਨਿਰਪੱਖ ਪੰਜਾਬੀ ਅਖਬਾਰ ਦੀ ਅਤਿ ਜ਼ਰੂਰਤ ਹੈ। ਇਸ ਲਈ ‘ਜਗ ਬਾਣੀ’ ਸ਼ੁਰੂ ਕਰ ਦਿਓ।’’

ਲਾਲਾ ਜੀ ਵਲੋਂ ਇਹ ਫੈਸਲਾ ਕਰਨ ਦੇ ਨਾਲ ਹੀ ‘ਟ੍ਰਿਬਿਊਨ ਗਰੁੱਪ’ ਨੇ ਵੀ ਹਿੰਦੀ ਅਤੇ ਪੰਜਾਬੀ ’ਚ ਆਪਣੀਆਂ ਅਖਬਾਰਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ। ਜਦੋਂ ਅਸੀਂ ਲਾਲਾ ਜੀ ਦਾ ਧਿਆਨ ਇਸ ਪਾਸੇ ਦਿਵਾਇਆ ਤਾਂ ਉਹ ਹੋਰ ਵੀ ਖੁਸ਼ ਹੋਏ ਅਤੇ ਕਹਿਣ ਲੱਗੇ, ‘‘ਇਹ ਤਾਂ ਹੋਰ ਵੀ ਚੰਗੀ ਗੱਲ ਹੈ (more the merrier)। ਹੁਣ ਇਕ ਨਹੀਂ ਸਗੋਂ 2-2 ਧਰਮ-ਨਿਰਪੱਖ ਪੰਜਾਬੀ ਅਖਬਾਰਾਂ ਹੋ ਜਾਣਗੀਆਂ।’’

ਇਸੇ ਤਰ੍ਹਾਂ 21 ਜੁਲਾਈ 1978 ਨੂੰ 8 ਹਜ਼ਾਰ ਕਾਪੀਆਂ ਦੀ ਸ਼ੁਰੂਆਤੀ ਪ੍ਰਕਾਸ਼ਨ ਗਿਣਤੀ ਦੇ ਨਾਲ ਪੰਜਾਬੀ ਅਖਬਾਰ ‘ਜਗ ਬਾਣੀ’ ਸ਼ੁਰੂ ਹੋਈ। ਕਿਉਂਕਿ ਪੰਜਾਬ ’ਚ ਹਿੰਦੂ, ਸਿੱਖ, ਈਸਾਈ ਅਤੇ ਮੁਸਲਮਾਨ ਸਾਰੇ ਪੰਜਾਬੀ ਹੀ ਬੋਲਦੇ ਹਨ, ਇਸ ਲਈ ‘ਜਗ ਬਾਣੀ’ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਚਲੀ ਗਈ ਅਤੇ ਅੱਜ ਇਹ 4 ਕੇਂਦਰਾਂ ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਬਠਿੰਡਾ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ।

ਸਮੇਂ ਦੇ ਨਾਲ-ਨਾਲ ‘ਪੰਜਾਬ ਕੇਸਰੀ ਗਰੁੱਪ’ ਦੀਆਂ ਸਾਰੀਆਂ ਅਖਬਾਰਾਂ ਦਾ ਰੰਗ-ਰੂਪ ਅਤੇ ਵਿਸ਼ਾ-ਵਸਤੂ ਬਦਲਦਾ ਚਲਾ ਗਿਆ ਅਤੇ ਅੱਜ ਇਹ ਅਖਬਾਰਾਂ ਦੀ ਪੇਸ਼ਕਾਰੀ ਅਤੇ ਤਕਨੀਕੀ ਗੁਣਵੱਤਾ ’ਚ ਹੋਰ ਸਮਕਾਲੀ ਅਖਬਾਰਾਂ ਨਾਲੋਂ ਕਿਤੇ ਅੱਗੇ ਹੈ।

ਇਸ ਦਾ ਸਾਰਾ ਸਿਹਰਾ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਹੈ ਅਤੇ ਅੱਜ ਉਨ੍ਹਾਂ ਦੇ ਮਿਸ਼ਨ ਨੂੰ ਮੇਰੇ ਨਾਲ-ਨਾਲ ਲਾਲਾ ਜੀ ਦੇ ਦੋਵੇਂ ਪੋਤੇ ਪਿਆਰੇ ਅਵਿਨਾਸ਼ ਅਤੇ ਅਮਿਤ ਚੋਪੜਾ ਤੋਂ ਇਲਾਵਾ ਹੁਣ 3 ਪੜਪੋਤੇ ਅਤੇ ਇਕ ਪੜਪੋਤੀ ਅੱਗੇ ਵਧਾ ਰਹੇ ਹਨ। ਇਸ ਦੌਰਾਨ ਦਿੱਲੀ ਤੋਂ ਹਿੰਦੀ ਅਖਬਾਰ ‘ਨਵੋਦਿਆ ਟਾਈਮਜ਼’ ਦਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ ਗਿਆ ਹੈ।

ਹਾਲਾਂਕਿ ਆਪਣੀ ਇਸ ਸਫਲ ਯਾਤਰਾ ਦੌਰਾਨ ਅੱਤਵਾਦ ਦੇ ਕਾਲੇ ਦੌਰ ’ਚ ਬਦਕਿਸਮਤੀ ਨਾਲ ਅਸੀਂ ਆਪਣੇ 2 ਮੁੱਖ ਸੰਪਾਦਕਾਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਅਤੇ ਸ਼੍ਰੀ ਰਮੇਸ਼ ਚੰਦਰ ਜੀ ਤੋਂ ਇਲਾਵਾ 2 ਸਮਾਚਾਰ ਸੰਪਾਦਕ ਅਤੇ ਉਪ-ਸੰਪਾਦਕ, 60 ਹੋਰ ਪੱਤਰਕਾਰ, ਫੋਟੋਗ੍ਰਾਫਰ, ਡਰਾਈਵਰ, ਏਜੰਟ ਅਤੇ ਹਾਕਰ ਗੁਆਏ।

ਹਾਲਾਂਕਿ ਕੋਰੋਨਾ ਕਾਰਨ ਸਾਡੀਆਂ ਅਖਬਾਰਾਂ ਦੀ ਪ੍ਰਸਾਰ ਗਿਣਤੀ ਕੁਝ ਘਟ ਗਈ ਸੀ ਪਰ ਹੁਣ ਇਹ ਆਮ ਹੋ ਰਹੀ ਹੈ।

ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਆਸ਼ੀਰਵਾਦ, ਬੱਚਿਆਂ ਦੀ ਮਿਹਨਤ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਅਖਬਾਰ ਜਗਤ ’ਚ ਆਪਣਾ ਆਜ਼ਾਦ, ਨਿਰਪੱਖ ਅਤੇ ਧਰਮ-ਨਿਰਪੱਖ ਸਰੂਪ ਬਣਾਈ ਰੱਖ ਸਕੇ ਹਾਂ।

ਅਸੀਂ ਇਸ ਮੁਕਾਮ ਤਕ ਪਹੁੰਚਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸੰਕਲਪ ਲੈਂਦੇ ਹਾਂ ਕਿ ਭਵਿੱਖ ’ਚ ਵੀ ਨਿਰਪੱਖ ਅਤੇ ਨਿਡਰ ਪੱਤਰਕਾਰਿਤਾ ਦੇ ਆਪਣੇ ਸਿਧਾਂਤ ’ਤੇ ਅਟੱਲ ਰਹਾਂਗੇ।

-ਵਿਜੇ ਕੁਮਾਰ\\\


Bharat Thapa

Content Editor

Related News