‘ਵਿਧਵਾ ਪੁਨਰ-ਵਿਆਹ’ ‘ਹਨੇਰੇ ’ਚ ਰੌਸ਼ਨੀ ਦੀ ਕਿਰਨ’

01/25/2023 4:15:22 AM

ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ ਅਤੇ ਸਵਾਮੀ ਦਯਾਨੰਦ ਆਦਿ ਸਮਾਜ ਸੁਧਾਰਕਾਂ ਨੇ ਸਤੀ ਪ੍ਰਥਾ ਅਤੇ ਬਾਲ ਵਿਆਹ ਖਾਤਮਾ ਅਤੇ ਵਿਧਵਾ ਪੁਨਰ-ਵਿਆਹ ਨੂੰ ਪ੍ਰਵਾਨਗੀ ਦਿਵਾਉਣ ਲਈ ਕਾਨੂੰਨ ਵੀ ਬਣਵਾਏ ਪਰ ਅਜੇ ਤੱਕ ਪੁਨਰ-ਵਿਆਹ ਨੂੰ ਸਮਾਜ ’ਚ ਆਸ ਦੇ ਅਨੁਸਾਰ ਪ੍ਰਵਾਨਗੀ ਨਹੀਂ ਮਿਲ ਸਕੀ।

ਅੱਜ ਵੀ ਪਤੀ ਦੀ ਅਕਾਲ ਮੌਤ ਦੀਆਂ ਸ਼ਿਕਾਰ ਔਰਤਾਂ ਨੂੰ ਬੜੀ ਔਖੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਇਕੋ-ਇਕ ਤਸੱਲੀ ਦੀ ਗੱਲ ਇਹੀ ਹੈ ਕਿ ਹੁਣ ਕੁਝ ਪਰਿਵਾਰ ਇਸ ਦਿਸ਼ਾ ਵਿਚ ਅੱਗੇ ਆ ਕੇ ਆਪਣੀਆਂ ਵਿਧਵਾ ਨੂੰਹਾਂ ਦਾ ਪੁਨਰ-ਵਿਆਹ ਕਰਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਆਪਣੀ ਧੀ ਦੇ ਵਾਂਗ ਵਿਦਾ ਕਰ ਰਹੇ ਹਨ :

* 23 ਜਨਵਰੀ, 2022 ਨੂੰ ਰਾਜਸਥਾਨ ਦੇ ਢਾਂਢਣ ਪਿੰਡ ਵਿਚ ਇਕ ਔਰਤ ਨੇ ਆਪਣੀ ਵਿਧਵਾ ਨੂੰਹ ਦਾ ਆਪਣੀ ਧੀ ਦੇ ਵਾਂਗ ਧੂਮਧਾਮ ਨਾਲ ਵਿਆਹ ਕੀਤਾ। ਵਿਆਹ ਦੇ 6 ਮਹੀਨੇ ਬਾਅਦ ਹੀ ਵਿਦੇਸ਼ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਉਨ੍ਹਾਂ ਦੇ ਪੁੱਤਰ ਦਾ ਬ੍ਰੇਨ ਸਟ੍ਰੋਕ ਨਾਲ ਦਿਹਾਂਤ ਹੋ ਗਿਆ ਸੀ।

* 25 ਜੂਨ, 2022 ਨੂੰ ਉੱਤਰਾਖੰਡ ਵਿਚ ਰਿਸ਼ੀਕੇਸ਼ ਦੇ ਖੈਰੀਖੁਰਦ ਪਿੰਡ ਦੇ ਨਿਵਾਸੀ ਜੋੜੇ ਨੇ ਸਿਰਫ 25 ਸਾਲ ਦੀ ਉਮਰ ਵਿਚ ਵਿਧਵਾ ਹੋਈ ਨੂੰਹ ਨੂੰ ਧੀ ਵਾਂਗ ਰੱਖਿਆ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਹੌਸਲਾ ਦੇਣ ਦੇ ਨਾਲ ਹੀ ਉਸਦੇ ਲਈ ਯੋਗ ਵਰ ਲੱਭਣ ਦੇ ਬਾਅਦ ਸਾਦਗੀਪੂਰਵਕ ਉਸਦਾ ਵਿਆਹ ਸੰਪੰਨ ਕਰਵਾ ਕੇ ਉਸ ਨੂੰ ਧੀ ਬਣਾ ਕੇ ਵਿਦਾ ਕੀਤਾ।

ਇਸ ਤੋਂ ਪਹਿਲਾਂ 2020 ਵਿਚ ਵੀ ਰਿਸ਼ੀਕੇਸ਼ ਨਿਵਾਸੀ ਜੋੜੇ ਨੇ ਆਪਣੀ ਵਿਧਵਾ ਨੂੰਹ ਦਾ ਪੁਨਰ-ਵਿਆਹ ਕਰਵਾਇਆ ਅਤੇ ਵਿਆਹ ਦੀ ਇਸ ਰਸਮ ਵਿਚ ਨੂੰਹ ਦੇ ਭਰਾ ਦਾ ਫਰਜ਼ ਜੋੜੇ ਦੇ ਛੋਟੇ ਪੁੱਤਰ ਨੇ ਨਿਭਾਇਆ।

* 27 ਨਵੰਬਰ, 2022 ਨੂੰ ਮੱਧ ਪ੍ਰਦੇਸ਼ ਵਿਚ ਖੰਡਵਾ ਜ਼ਿਲੇ ਵਿਚ ਖਰਗੌਨ ਨਿਵਾਸੀ ਰਾਮਚੰਦਰ ਰਾਠੌਰ ਅਤੇ ਗਾਇਤਰੀ ਰਾਠੌਰ ਨੇ ਇਕ ਪਾਤਰ ਵਿਧੁਰ ਨੌਜਵਾਨ ਲੱਭ ਕੇ ਆਪਣੀ ਵਿਧਵਾ ਨੂੰਹ ਮੋਨਿਕਾ ਦਾ ਪੁਨਰ-ਵਿਆਹ ਕਰਵਾ ਕੇ ਉਸਨੂੰ ਧੀ ਦੇ ਵਾਂਗ ਵਿਦਾ ਕੀਤਾ। ਮੋਨਿਕਾ ਦੇ ਸਹੁਰੇ ਤੋਂ ਪਿਤਾ ਬਣੇ ਰਾਮਚੰਦਰ ਰਾਠੌਰ ਦੇ ਅਨੁਸਾਰ, ‘‘ਹੁਣ ਮੋਨਿਕਾ ਇਸ ਘਰ ਵਿਚ ਨੂੰਹ ਦੇ ਵਾਂਗ ਨਹੀਂ, ਧੀ ਦੇ ਵਾਂਗ ਆਏਗੀ।’’

* 5 ਦਸੰਬਰ, 2022 ਨੂੰ ਉੱਤਰ ਪ੍ਰਦੇਸ਼ ਵਿਚ ਸਹਾਰਨਪੁਰ ਦੇ ਪਿੰਡ ‘ਸਾਵੰਤ ਖੇੜੀ’ ਦੇ ਵਿਅਕਤੀ ਨੇ ਆਪਣੀ ਵਿਧਵਾ ਨੂੰਹ ਲਈ ਇਕ ਢੁੱਕਵਾਂ ਵਰ ਲੱਭ ਕੇ ਉਸਦਾ ਵਿਆਹ ਸੰਪੰਨ ਕਰਵਾਇਆ ਅਤੇ ਕੰਨਿਆਦਾਨ ਵੀ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਹੀ ਕੀਤਾ। ਉਨ੍ਹਾਂ ਨੇ ਨੂੰਹ ਦੇ ਪੁਨਰ-ਵਿਆਹ ਵਿਚ ਲਗਜ਼ਰੀ ਕਾਰ ਅਤੇ 1.51 ਲੱਖ ਰੁਪਏ ਸਮੇਤ ਕਾਫੀ ਦਾਜ ਵੀ ਦਿੱਤਾ।

* 14 ਦਸੰਬਰ, 2022 ਨੂੰ ਮੁਰੈਨਾ ਜ਼ਿਲੇ ਦੇ ਅੰਬਾਹ ਵਿਚ ਬੀ. ਐੱਸ. ਐੱਫ. ਦੇ ਰਿਟਾਇਰਡ ਇੰਸ. ਪ੍ਰਮੋਦ ਸਿੰਘ ਨੇ ਆਪਣੀ ਵਿਧਵਾ ਨੂੰਹ ਦਾ ਵਿਆਹ ਆਪਣੇ ਛੋਟੇ ਭਰਾ ਦੇ ਪੁੱਤਰ ਨਾਲ ਕਰ ਕੇ ਇਕ ਮਿਸਾਲ ਪੈਦਾ ਕੀਤੀ।

ਉਨ੍ਹਾਂ ਦੇ ਅਨੁਸਾਰ, ‘‘ਸਾਡੀ ਨੂੰਹ ਸਾਡੇ ਲਈ ਧੀ ਵਰਗੀ ਹੀ ਹੈ। ਉਸਦੇ ਵੀ ਪਿਤਾ ਅਤੇ ਭਰਾ ਨਹੀਂ ਹਨ। ਮੈਂ ਅਤੇ ਮੇਰੀ ਪਤਨੀ ਵੀ ਬਜ਼ੁਰਗ ਹੋ ਗਏ ਹਾਂ। ਚਿੰਤਾ ਹੁੰਦੀ ਸੀ ਕਿ ਸਾਡੇ ਜਾਣ ਦੇ ਬਾਅਦ ਨੂੰਹ ਦਾ ਕੀ ਹੋਵੇਗਾ? ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਆਪਣੀ ਜ਼ਿੰਦਗੀ ਇਕੱਲਿਆਂ ਗੁਜ਼ਾਰੇ।’’

* ਅਤੇ ਹੁਣ ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿਚ ‘ਯੁਵਰਾਜ ਸ਼ੇਲੇ’ ਨਾਂ ਦੇ ਇਕ ਨੌਜਵਾਨ ਨੇ ਆਪਣੀ ਵਿਧਵਾ ਮਾਂ ਦਾ ਦੂਜਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਉਸਦੇ ਪਿਤਾ ਦੀ ਮੌਤ 5 ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਹੋ ਗਈ ਸੀ।

‘ਸ਼ੇਲੇ’ ਦੇ ਅਨੁਸਾਰ ਆਪਣੇ ਪਿਤਾ ਨੂੰ ਗੁਆਉਣਾ ਉਸਦੇ ਲਈ ਵੱਡਾ ਸਦਮਾ ਸੀ ਪਰ ਉਸਦੇ ਪਿਤਾ ਦੀ ਮੌਤ ਦਾ ਸਭ ਤੋਂ ਵੱਧ ਪ੍ਰਭਾਵ ਉਸਦੀ 45 ਸਾਲਾ ਵਿਧਵਾ ਮਾਂ ’ਤੇ ਪਿਆ, ਜਿਸ ਨੂੰ ਇਕੱਲੇਪਨ ਨਾਲ ਜੂਝਣਾ ਪਿਆ ਅਤੇ ਉਹ ਉਦਾਸ ਅਤੇ ਪ੍ਰੇਸ਼ਾਨ ਰਹਿਣ ਲੱਗੀ।

ਉਕਤ ਸਾਰੇ ਮਾਮਲਿਆਂ ’ਚ ਸਹੀ ਅਰਥਾਂ ਵਿਚ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਲੋਕਾਂ ਨੇ ਔਰਤਾਂ ਦੇ ਨਾਲ ਬੇਇਨਸਾਫੀ ਕਰਨ ਵਾਲੀਆਂ ਕਈ ਰਵਾਇਤਾਂ ਨੂੰ ਤੋੜਿਆ ਅਤੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਪਤਨੀ ਦੀ ਮੌਤ ਦੇ ਬਾਅਦ ਪਤੀ ਦਾ ਪੁਨਰ-ਵਿਆਹ ਹੋ ਸਕਦਾ ਹੈ ਤਾਂ ਇਕ ਔਰਤ ’ਤੇ ਇਹੀ ਨਿਯਮ ਕਿਉਂ ਨਹੀਂ ਲਾਗੂ ਹੋ ਸਕਦਾ। ਅਸਲ ਵਿਚ ਜ਼ਿੰਦਗੀ ’ਚ ਹਰ ਕਿਸੇ ਨੂੰ ਇਕ ਸਾਥੀ ਦੀ ਲੋੜ ਹੁੰਦੀ ਹੈ। ਉਮਰ ਦੇ ਇਕ ਪੜਾਅ ਦੇ ਬਾਅਦ ਇਹ ਹੋਰ ਵੀ ਵੱਧ ਮਹਿਸੂਸ ਹੋਣ ਲੱਗਦੀ ਹੈ। ਔਰਤਾਂ ਦੇ ਮਾਮਲੇ ਵਿਚ ਤਾਂ ਇਹ ਗੱਲ ਹੋਰ ਵੀ ਵੱਧ ਲਾਗੂ ਹੁੰਦੀ ਹੈ।

ਇਸ ਲਈ ਵਿਧਵਾ ਪੁਨਰ-ਵਿਆਹ ਤੋਂ ਵੱਧ ਕੇ ਤਾਂ ਪੁੰਨ ਦਾ ਕੋਈ ਹੋਰ ਕੰਮ ਹੋ ਹੀ ਨਹੀਂ ਸਕਦਾ। ਇਸ ਲਈ ਇਸ ਨੂੰ ਜਿੰਨਾ ਉਤਸ਼ਾਹਿਤ ਕੀਤਾ ਜਾਵੇ, ਓਨਾ ਹੀ ਚੰਗਾ ਹੋਵੇਗਾ।
-ਵਿਜੇ ਕੁਮਾਰ


Manoj

Content Editor

Related News