ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦਾ ਭਖਿਆ ਮਾਮਲਾ, ਪੀੜਤ ਪਰਿਵਾਰ ਨੇ ਦਿੱਤੀ ਇਹ ਚਿਤਾਵਨੀ

Sunday, Apr 16, 2023 - 01:22 PM (IST)

ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦਾ ਭਖਿਆ ਮਾਮਲਾ, ਪੀੜਤ ਪਰਿਵਾਰ ਨੇ ਦਿੱਤੀ ਇਹ ਚਿਤਾਵਨੀ

ਅੰਮ੍ਰਿਤਸਰ (ਟੋਡਰਮੱਲ)- ਅੰਮ੍ਰਿਤਧਾਰੀ ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ ਅਤੇ ਉਸਦੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਅਭਿਜੀਤ ਸਿੰਘ ਤੇ ਉਸ ਦੇ ਪਿਤਾ ਗੁਰਦੀਪ ਸਿੰਘ ਨਿਵਾਸੀ ਪਿੰਡ ਮਾਨਾਂਵਾਲਾ ਨੇ ਐੱਸ. ਐੱਸ. ਪੀ. ਦਿਹਾਤੀ ਨੂੰ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਅਭਿਜੀਤ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਪਿਤਾ ਗੁਰਦੀਪ ਸਿੰਘ ਆਪਣੇ ਘਰ ਵਾਪਸ ਆ ਰਹਾ ਸੀ ਅਤੇ ਕਥਿਤ ਦੋਸ਼ੀਆਂ ਨੇ ਸੜਕ ਦੇ ਰਾਹ ਵਿਚ ਇਕ ਬੰਨੇ ਆਪਣੀ ਗੱਡੀ ਖੜ੍ਹੀ ਕੀਤੀ ਹੋਈ ਸੀ ਤੇ ਦੂਜੇ ਪਾਸੇ ਆਪਣਾ ਗੇਟ ਬਾਹਰ ਵੱਲ ਨੂੰ ਖੋਲ੍ਹਿਆ ਹੋਇਆ ਸੀ, ਜਦ ਉਸਦੇ ਪਿਤਾ ਨੇ ਆਪਣਾ ਆਟੋ ਰਿਕਸ਼ਾ ਕੱਢਣ ਲਈ ਰਸਤਾ ਮੰਗਿਆ ਤਾਂ ਕਥਿਤ ਦੋਸ਼ੀਆਂ ਨੇ ਰਸਤਾ ਦੇਣ ਦੀ ਬਜਾਏ ਉਸ ਨਾਲ ਮਾਰਕੁੱਟ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ​​ਵੇਵ’ ਰੈੱਡ ਅਲਰਟ ਜਾਰੀ

ਅਭਿਜੀਤ ਸਿੰਘ ਦਾ ਕਹਿਣਾ ਹੈ ਜਦ ਉਹ ਆਪਣੇ ਪਿਤਾ ਦੀ ਸਹਾਇਤਾ ਵਾਸਤੇ ਪੁੱਜਾ ਤਾਂ ਕਥਿਤ ਦੋਸ਼ੀ, ਉਸ ਦਾ ਪਿਤਾ ਅਤੇ ਉਸਦੇ ਚਾਚੇ ਨੇ ਉਸ ਦੇ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੇਸਾਂ ਤੋਂ ਫੜ ਕੇ ਖਿੱਚਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਿਰ ਤੋਂ ਮੁੱਠੀ ਭਰ ਕੇਸਾਂ ਦਾ ਗੁੱਛਾ ਲੱਥ ਕੇ ਦੋਸ਼ੀ ਦੇ ਹੱਥ ਵਿਚ ਆ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਚੌਂਕੀ ਦਬੁਰਜੀ ਅਤੇ ਥਾਣਾ ਚਾਟੀਵਿੰਡ ਵਿਖੇ ਲਿਖਤੀ ਸ਼ਿਕਾਇਤ ਕੀਤੀ ਗਈ। ਉਨ੍ਹਾਂ ਪੁਲਸ ’ਤੇ ਕਥਿਤ ਦੋਸ਼ ਲਾਉਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੁਲਸ ਕਥਿਤ ਦੋਸ਼ੀਆਂ ਦੀ ਸਹਾਇਤਾ ਕਰ ਰਹੀ ਹੈ ਅਤੇ ਉਲਟਾ ਉਨ੍ਹਾਂ ਦਾ ਮਜ਼ਾਕ ਉਡਾ ਰਹੀ ਹੈ। ਪੀੜਤ ਪੱਖ ਵਿਚ ਆਏ ਭਗਵਾਨ ਵਾਲਮੀਕੀ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਹਰਮੇਸ਼ ਸਿੰਘ ਪੰਗਾਲੀ ਨੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸੰਦੇਹ ਵਿਅਕਤ ਕਰਦਿਆਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਪੀੜਤ ਪੱਖ ਨੂੰ ਪੁਲਸ ਵੱਲੋਂ ਇਨਸਾਫ਼ ਨਾ ਮਿਲਨਾ।

ਇਹ ਵੀ ਪੜ੍ਹੋ-  ਰੁਕਣ ਦਾ ਨਾਂ ਨਹੀਂ ਲੈ ਰਹੇ ਆਨਲਾਈਨ ਧੋਖਾਧੜੀ ਦੇ ਮਾਮਲੇ, ਹੁਣ ਹੈਕਰਾਂ ਨੇ ਲੱਭਿਆ ਨਵਾਂ ਤਰੀਕਾ

ਉਨ੍ਹਾਂ ਕਿਹਾ ਕਿ ਮਜ਼੍ਹਬੀ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਇਨਸਾਫ਼ ਲੈਣ ਲਈ ਧਰਨੇ ਪ੍ਰਦਰਸ਼ਨਾਂ ਦਾ ਹਮੇਸ਼ਾ ਸਹਾਰਾ ਲੈਣਾ ਪੈਂਦਾ ਹੈ ਫਿਰ ਜਾ ਕੇ ਪੁਲਸ ਉਨ੍ਹਾਂ ਦੀ ਸੁਣਵਾਈ ਕਰਦੀ ਹੈ। ਉਨ੍ਹਾਂ ਐੱਸ. ਐੱਸ. ਪੀ. ਦਿਹਾਤੀ ਤੋਂ ਮੁੱਦਈ ਪਰਿਵਾਰ ਦੇ ਪੱਖ ਵਿਚ ਕਾਰਵਾਈ ਦੀ ਮੰਗ ਕੀਤੀ ਉਥੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਨਾ ਦਿਤਾ ਗਿਆ ਤਾਂ ਉਹ 19 ਅਪ੍ਰੈਲ ਨੂੰ ਮਾਨਾਂਵਾਲਾ ਨੈਸ਼ਨਲ ਹਾਈਵੇ ਤੇ ਜਾਮ ਲਾਉਣ ਲਈ ਮਜ਼ਬੂਰ ਹੋ ਜਾਣਗੇ।

ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ

 ਜਦੋਂ ਝਗੜੇ ਸਬੰਧੀ ਪੁਲਸ ਚੌਕੀ ਦਬੁਰਜੀ ਦੇ ਏ. ਐੱਸ. ਆਈ. ਤਰਲੋਕ ਸਿੰਘ ਦੇ ਮੋਬਾਇਲ ਫੋਨ ’ਤੇ ਸੰਪਰਕ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਲੋਕ ਹਮੇਸ਼ਾ ਪੁਲਸ ਦੇ ਝੂਠੇ ਦੋਸ਼ ਲਾਉਂਦੇ ਹਨ ਜਦਕਿ ਝਗੜੇ ਦੌਰਾਨ ਦੋਨਾਂ ਧਿਰਾਂ ਦੀਆਂ ਪੱਗੜੀਆਂ ਲੱਥੀਆਂ ਉਥੇ ਦੂਜੇ ਗੁੱਟ ਦਾ ਦੋਸ਼ ਹੈ ਕਿ ਝਗੜੇ ਦੌਰਾਨ ਉਨ੍ਹਾਂ ਦੀ ਔਰਤ ਨਾਲ ਛੇੜਛਾੜ ਕੀਤੀ ਗਈ ਹੈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਡੀ. ਏ. ਲੀਗਲ ਦੀ ਰਾਏ ਦੇ ਮੁਤਾਬਕ ਦੋਸ਼ੀ ਪਾਏ ਜਾਣ ਵਾਲੇ ਦੇ ਖ਼ਿਲਾਫ਼ ਕਾਰਵਾਈ ਕਰਨਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News