ਕਾਂਗਰਸੀ ਅਤੇ ਭਾਜਪਾ ਆਗੂਆਂ ਵਲੋਂ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ

Wednesday, Dec 18, 2024 - 12:41 PM (IST)

ਕਾਂਗਰਸੀ ਅਤੇ ਭਾਜਪਾ ਆਗੂਆਂ ਵਲੋਂ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ

ਅਜਨਾਲਾ (ਗੁਰਜੰਟ) : ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਜਾਅਲੀ ਵੋਟਾਂ ਦੇ ਮੁੱਦੇ ਨੂੰ ਲੈ ਕੇ ਅੱਜ ਅਜਨਾਲਾ ਦੇ ਮੇਨ ਚੌਂਕ ਵਿਚ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਨੇ ਇਕੱਠੇ ਹੋ ਕੇ ਸੱਤਾਧਿਰ ਅਤੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅਣਮਿਥੇ ਧਰਨੇ ਦਾ ਐਲਾਨ ਕਰਦਿਆਂ ਕਿਹਾ ਕਿ ਅਜਨਾਲਾ ਸ਼ਹਿਰ ਦੀ ਵਾਰਡ ਨੰਬਰ ਪੰਜ ਅਤੇ ਸੱਤ ਵਿਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਧਿਰ ਵੱਲੋਂ ਦੋਵਾਂ ਵਾਰਡਾਂ ਵਿਚ ਜਾਅਲੀ ਵੋਟਾਂ ਬਣਾ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ ਜਾਅਲੀ ਵੋਟਾਂ ਖ਼ਿਲਾਫ ਉਨ੍ਹਾਂ ਐੱਸ. ਡੀ. ਐੱਮ ਅਜਨਾਲਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਸਨ ਪਰ ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਦੇ ਦਬਾਅ ਹੇਠ ਹੋਣ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਕਾਂਗਰਸ ਅਤੇ ਭਾਜਪਾ ਨੇ ਇਸ ਧੱਕੇਸ਼ਾਹੀ ਖਿਲਾਫ ਅਜਨਾਲਾ ਦਾ ਮੇਨ ਚੌਂਕ ਜਾਮ ਕੀਤਾ ਗਿਆ ਹੈ ਅਤੇ ਜਿੰਨੀ ਦੇਰ ਇਹ ਜਾਅਲੀ ਵੋਟਾਂ ਕੱਟੀਆਂ ਨਹੀਂ ਜਾਣਗੀਆਂ ਓਨੀ ਦੇਰ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਕਾਂਗਰਸ ਦੇ ਸੀਨੀਅਰ ਯੂਜ ਆਗੂ ਕਵਰਪ੍ਰਤਾਪ ਸਿੰਘ ਅਜਨਾਲਾ, ਦਵਿੰਦਰ ਸਿੰਘ ਡੈਮ ਮਨਦੀਪ ਸਿੰਘ ਸਾਰੰਗਦੇਵ, ਭਾਜਪਾ ਆਗੂ ਸਤਿੰਦਰ ਸਿੰਘ ਮਾਕੋਵਾਲ, ਵਿਕਰਮ ਬੇਦੀ ਦੀਪਕ ਸਰਪਾਲ ਪ੍ਰਦੀਪ ਕੁਮਾਰ ਬੰਟਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਤੇ ਕਾਂਗਰਸੀ ਆਗੂ ਹਾਜ਼ਰ ਸਨ।


author

Gurminder Singh

Content Editor

Related News