ਬੀਬੀ ਜਗੀਰ ਕੌਰ ਵੱਲੋਂ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖ' ਪੁਸਤਕ ਜਾਰੀ

Wednesday, May 19, 2021 - 09:51 PM (IST)

ਬੀਬੀ ਜਗੀਰ ਕੌਰ ਵੱਲੋਂ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖ' ਪੁਸਤਕ ਜਾਰੀ

ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਪ੍ਰਕਾਸ਼ਤ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖ’ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਰੀ ਕੀਤੀ। ਇਹ ਪੁਸਤਕ ਰੀਸਰਚ ਸਕਾਲਰ ਡਾ. ਰਾਜਵਿੰਦਰ ਸਿੰਘ ਜੋਗਾ ਨੇ ਲਿਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਡਾ. ਰਾਜਵਿੰਦਰ ਸਿੰਘ ਵੱਲੋਂ ਕੀਤੇ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਰ ਪੁਸਤਕਾਂ ਵੀ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੀ ਖ਼ਾਤਰ ਆਪਣੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੇ ਫਲਸਫੇ ਨੂੰ ਉਭਾਰਨ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ’ਤੇ ਕਾਰਜ ਕਰ ਰਹੀ ਹੈ। ਇਸੇ ਤਹਿਤ ਹੀ ਇਹ ਪੁਸਤਕ ਤਿਆਰ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਨੌਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਆਉਣ ਵਾਲੇ ਕਰੀਬ 300 ਸਿੱਖਾਂ ਦਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਪ੍ਰਮੁੱਖ ਸਿੱਖਾਂ ਬਾਰੇ ਤਾਂ ਸਿੱਖ ਸੰਗਤ ਨੂੰ ਜਾਣਕਾਰੀ ਮਿਲ ਜਾਂਦੀ ਹੈ ਪਰ ਬਹੁਤ ਸਾਰੇ ਅਜਿਹੇ ਸਿੱਖਾਂ ਦੇ ਨਾਮ ਵੀ ਹਨ, ਜਿਨ੍ਹਾਂ ਬਾਰੇ ਸਾਧਾਰਨ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਇਹ ਪੁਸਤਕ ਗੁਰੂ ਸਾਹਿਬ ਜੀ ਦੇ ਸਮਕਾਲੀ ਰਹੇ ਸਾਰੇ ਸਿੱਖਾਂ ਬਾਰੇ ਜਾਣਕਾਰੀ ਦੇਵੇਗੀ।

ਪੁਸਤਕ ਦੇ ਰਚੇਤਾ ਡਾ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਰਨ ਵਿਚ ਆਉਣ ਵਾਲੇ ਜਾਂ ਉਨ੍ਹਾਂ ਨੇ ਜਿਥੇ-ਜਿਥੇ ਵੀ ਯਾਤਰਾ ਕੀਤੀ, ਬਹੁਤ ਸਾਰੇ ਸ਼ਰਧਾਲੂ ਤੇ ਸਨੇਹੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਸਨ। ਉਨ੍ਹਾਂ ਸਾਰੇ ਸਿੱਖਾਂ ਦਾ ਜ਼ਿਕਰ ਸਿੱਖ ਇਤਿਹਾਸ ਦੇ ਪੁਰਾਤਨ ਸਰੋਤਾਂ ਵਿਚ ਦਰਜ਼ ਹੈ ਅਤੇ ਇਹ ਪੁਸਤਕ ਉਨ੍ਹਾਂ ਸਾਰੇ ਇਤਿਹਾਸਕ ਸਰੋਤਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।


author

Harnek Seechewal

Content Editor

Related News