ਸੇਬ ਦੀਆਂ ਪੇਟੀਆਂ ’ਚ ਗੋਲਡ ਸਮੱਗਲਿੰਗ ਦੀ ਪਹਿਲੀ ਕੋਸ਼ਿਸ਼ ਕਸਟਮ ਵਿਭਾਗ ਨੇ ਕੀਤੀ ਅਸਫਲ

12/06/2018 2:03:06 PM

ਅੰਮ੍ਰਿਤਸਰ (ਨੀਰਜ) - ਸੇਬ ਦੀਆਂ ਪੇਟੀਆਂ ’ਚ ਸੋਨੇ ਦੀ ਖੇਪ ਲੁਕਾ ਕੇ ਸਮੱਗਲਿੰਗ ਕਰਨ ਦੀ ਪਹਿਲੀ ਹੀ ਕੋਸ਼ਿਸ਼ ਨੂੰ ਕਸਟਮ ਵਿਭਾਗ ਨੇ ਅਸਫਲ ਕਰ ਦਿੱਤਾ ਹੈ। ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਕਸਟਮ ਵਿਭਾਗ ਦੇ 50ਂ ਵੀ ਵੱਧ ਦੇ ਪੁਰਾਣੇ ਇਤਿਹਾਸ ਵਿਚ ਇਹ ਕੇਸ ਆਪਣੀ ਤਰ੍ਹਾਂ ਦਾ ਪਹਿਲਾ ਕੇਸ ਹੈ, ਜਿਸ ਵਿਚ ਸੇਬ ਦੀਆਂ ਪੇਟੀਆਂ ’ਚ ਸੋਨੇ ਦੀ ਖੇਪ ਫਡ਼ੀ ਗਈ ਹੈ। ਆਮ ਤੌਰ ’ਤੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਦੁਬਈ, ਕੁਵੈਤ ਤੇ ਹੋਰ ਅਰਬ ਦੇਸ਼ਾਂ ਤੋਂ ਸੋਨੇ ਦੀ ਖੇਪ ਨੂੰ ਹਵਾਈ ਜਹਾਜ਼ ਦੇ ਰਸਤੇ ਭਾਰਤ ’ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਚਾਹੇ ਅੰਮ੍ਰਿਤਸਰ ਦਾ ਐੱਸ. ਜੀ. ਆਰ. ਡੀ. ਏਅਰਪੋਰਟ ਹੋਵੇ ਜਾਂ ਫਿਰ ਚੰਡੀਗਡ਼੍ਹ ਏਅਰਪੋਰਟ ਜਾਂ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ। ਅਰਬ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਅਾਂ ਦੀ ਕਸਟਮ ਵਿਭਾਗ ਅਤੇ ਡੀ. ਆਰ. ਆਈ. ਦੀ ਟੀਮ ਵੱਲੋਂ ਸਖ਼ਤ ਚੈਕਿੰਗ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਸੌ ਕਿਲੋ ਦੇ ਲਗਭਗ ਸੋਨਾ ਬਰਾਮਦ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦੇਖਦਿਅਾਂ ਬੌਖਲਾਏ ਸਮੱਗਲਰਾਂ ਨੇ ਵੀ ਆਪਣਾ ਰਾਹ ਬਦਲਿਅਾ ਹੈ ਤੇ ਅਜਿਹਾ ਰੂਟ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ’ਤੇ ਕਿਸੇ ਨੂੰ ਸ਼ੱਕ ਨਾ ਹੋਵੇ ਕਿਉਂਕਿ ਆਮ ਤੌਰ ’ਤੇ ਪਾਕਿਸਤਾਨ ਤੋਂ ਕਾਰੋਬਾਰੀ ਵਸਤੂਅਾਂ ’ਚ ਹੈਰੋਇਨ ਦੀ ਖੇਪ ਨੂੰ ਅੰਮ੍ਰਿਤਸਰ ਰੇਲ ਕਾਰਗੋ ’ਤੇ ਆਉਣ ਵਾਲੀ ਪਾਕਿਸਤਾਨੀ ਮਾਲ ਗੱਡੀ ਤੋਂ ਕਈ ਵਾਰ ਫਡ਼ਿਆ ਜਾ ਚੁੱਕਾ ਹੈ ਪਰ ਅਫਗਾਨਿਸਤਾਨ ਤੋਂ ਆਉਣ ਵਾਲੀਅਾਂ ਸੇਬ ਦੀਆਂ ਪੇਟੀਆਂ ਵਿਚ ਅੱਜ ਤੱਕ ਕਿਸੇ ਤਰ੍ਹਾਂ ਦੀ ਸ਼ੱਕੀ ਚੀਜ਼ ਨਹੀਂ ਫਡ਼ੀ ਗਈ, ਫਿਲਹਾਲ ਕਸਟਮ ਵਿਭਾਗ ਵੱਲੋਂ ਬਣਾਇਆ ਗਿਆ ਇਹ ਕੇਸ ਵਿਭਾਗ ਦੀ ਇਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ।

ਏਅਰ ਕਾਰਗੋ ’ਤੇ ਪਾਣੀ ਦੀਆਂ ਟੂਟੀਆਂ ’ਚ ਵੀ ਸਮੱਗਲਰਾਂ ਨੇ ਭੇਜਿਆ ਸੀ ਕਰੋਡ਼ਾਂ ਦਾ ਸੋਨਾ

ਸੋਨਾ ਸਮੱਗਲਰਾਂ ਵੱਲੋਂ ਆਪਣੀ ਪੈਂਤੜੇਬਾਜ਼ੀ ਬਦਲਣ ਦਾ ਇਕ ਹੋਰ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ ਸੀ ਜਦੋਂ ਐੱਸ. ਜੀ. ਆਰ. ਡੀ. ਏਅਰਪੋਰਟ ਦੇ ਏਅਰ ਕਾਰਗੋ ’ਤੇ ਡੀ. ਆਰ. ਆਈ. ਦੀ ਟੀਮ ਨੇ ਪਾਣੀ ਦੀਆਂ ਟੂਟੀਆਂ ’ਚ ਕਰੋਡ਼ਾਂ ਦਾ ਸੋਨਾ ਬਰਾਮਦ ਕੀਤਾ ਸੀ। ਏਅਰਪੋਰਟ ’ਤੇ ਕਸਟਮ ਵਿਭਾਗ ਵੱਲੋਂ ਕੀਤੀ ਗਈ ਸਖਤੀ ਕਾਰਨ ਸਮੱਗਲਰਾਂ ਨੇ ਗੁਦਾ ਤੇ ਸਾਮਾਨ ’ਚ ਬਾਰੀਕੀ ਨਾਲ ਸੋਨਾ ਲੁਕਾਉਣ ਦੇ ਪ੍ਰੰਪਰਾਗਤ ਤਰੀਕੇ ਨੂੰ ਫੇਲ ਹੁੰਦਾ ਦੇਖ ਕੇ ਪਾਣੀ ਦੀਆਂ ਟੂਟੀਆਂ ’ਚ ਏਅਰ ਕਾਰਗੋ ਜ਼ਰੀਏ ਸੋਨਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਡੀ. ਆਰ. ਆਈ. ਨੇ ਫੇਲ ਕਰ ਦਿੱਤਾ। ਇਸ ਘਟਨਾਚੱਕਰ ਤੋਂ ਘਬਰਾਏ ਸਮੱਗਲਰ ਕਿਸੇ ਦੂਜੇ ਰੂੁਟ ਦੀ ਤਲਾਸ਼ ਕਰ ਰਹੇ ਸਨ, ਜਿਸ ਨਾਲ ਸੌਖ ਨਾਲ ਸੋਨੇ ਦੀ ਖੇਪ ਨੂੰ ਕੱਢਿਆ ਜਾ ਸਕੇ ਤੇ ਸਮੱਗਲਰ ਆਪਣਾ ਘਾਟਾ ਪੂਰਾ ਕਰ ਸਕਣ ਪਰ ਸੇਬ ਦੀਆਂ ਪੇਟੀਆਂ ’ਚੋਂ ਵੀ ਸੋਨਾ ਨਹੀਂ ਨਿਕਲ ਸਕਿਆ।

ਬਿਨਾਂ ਟਰੱਕ ਸਕੈਨਰ ਪਾਕਿਸਤਾਨ ਤੋਂ ਕਾਰੋਬਾਰੀ ਵਸਤੂਆਂ ਨੂੰ ਸਕੈਨ ਕਰ ਰਹੀ ਕਸਟਮ ਟੀਮ

ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਕਾਰੋਬਾਰੀ ਵਸਤੂਆਂ ਦੀ ਚੈਕਿੰਗ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਐੱਲ. ਪੀ. ਏ. ਆਈ. ਦੀ ਲਾਪ੍ਰਵਾਹੀ ਕਾਰਨ ਆਈ. ਸੀ. ਪੀ. ਦੀ ਉਸਾਰੀ ਦੇ 6 ਸਾਲ ਬਾਅਦ ਵੀ ਇਥੇ ਟਰੱਕ ਸਕੈਨਰ ਨਹੀਂ ਲੱਗ ਸਕਿਆ, ਜਿਸ ਕਾਰਨ ਕਸਟਮ ਵਿਭਾਗ ਦੀ ਟੀਮ ਨੂੰ ਬਿਨਾਂ ਟਰੱਕ ਸਕੈਨਰ ਦੇ ਹੀ ਪਾਕਿਸਤਾਨ ਤੋਂ ਕਾਰੋਬਾਰੀ ਵਸਤੂਆਂ ਦੀ ਚੈਕਿੰਗ ਕਰਨੀ ਪੈ ਰਹੀ ਹੈ। ਹਾਲਤ ਇਹ ਹੈ ਕਿ ਕਸਟਮ ਵਿਭਾਗ ਦੀ ਟੀਮ ਅੱਜ ਵੀ ਪ੍ਰੰਪਰਾਗਤ ਤਰੀਕੇ ਨਾਲ ਮੈਨੂਅਲੀ ਸੇਬ ਦੀਆਂ ਪੇਟੀਆਂ ਤੇ ਸੀਮੈਂਟ ਦੀਆਂ ਬੋਰੀਆਂ ’ਚ ਲੋਹੇ ਦੀ ਰਾਡ ਨਾਲ ਇਹ ਪਤਾ ਕਰਦੀ ਹੈ ਕਿ ਇਨ੍ਹਾਂ ’ਚ ਕੋਈ ਗੈਰ-ਕਾਨੂੰਨੀ ਚੀਜ਼ ਤਾਂ ਨਹੀਂ ਛੁਪਾਈ ਗਈ। ਹਾਲਾਂਕਿ ਹੁਣ ਤੱਕ ਆਈ. ਸੀ. ਪੀ. ਅਟਾਰੀ ’ਚ ਸਡ਼ਕ ਰਸਤੇ ਹੁਣੇ ਤੱਕ 2 ਕਿਲੋ ਹੈਰੋਇਨ ਫਡ਼ੇ ਜਾਣ ਦਾ ਹੀ ਇਕਲੌਤਾ ਕੇਸ ਬਣਿਆ ਸੀ, ਇਹ ਖੇਪ ਵੀ ਪਾਕਿਸਤਾਨ ਜਾਣ ਵਾਲੇ ਇਕ ਟਰੱਕ ਚਾਲਕ ਨੇ ਆਪਣੇ ਟਰੱਕ ’ਚ ਲੁਕਾ ਕੇ ਲਿਅਾਂਦੀ ਸੀ। ਸੁਰੱਖਿਆ ਏਜੰਸੀਆਂ ਕਈ ਵਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕੀਅਾਂ ਹਨ ਕਿ ਆਈ. ਸੀ. ਪੀ. ’ਤੇ ਟਰੱਕ ਸਕੈਨਰ ਲਾਇਆ ਜਾਵੇ ਪਰ ਇਸ ਨੂੰ ਅਜੇ ਤੱਕ ਲਾਇਆ ਨਹੀਂ ਜਾ ਸਕਿਆ। ਅਜੇ ਟਰੱਕ ਸਕੈਨਰ ਦਾ ਸਟਰੱਕਚਰ ਹੀ ਤਿਆਰ ਹੋਇਆ ਹੈ।

ਸੁਰੱਖਿਆ ਨਾਲ ਹੋ ਰਿਹਾ ਖਿਲਵਾਡ਼

ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਟਰੱਕ ਸਕੈਨਰ ਨਾ ਹੋਣ ਦੇ ਮੁੱਦੇ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਅਤੇ ਨੌਜਵਾਨ ਕਾਂਗਰਸੀ ਨੇਤਾ ਗੁਰਜੀਤ ਸਿੰਘ ਅੌਜਲਾ ਵੱਲੋਂ ਵੀ ਕੇਂਦਰ ਸਰਕਾਰ ਸਾਹਮਣੇ ਰੱਖਿਆ ਗਿਆ ਤੇ ਆਪਣੀ ਰਿਪੋਰਟ ’ਚ ਕਿਹਾ ਗਿਆ ਕਿ ਸਕੈਨਰ ਨਾ ਹੋਣ ਕਾਰਨ ਸੁਰੱਖਿਆ ਨਾਲ ਖਿਲਵਾਡ਼ ਹੋ ਰਿਹਾ ਹੈ। ਇਸ ਦੇ ਬਾਵਜੂਦ ਟਰੱਕ ਸਕੈਨਰ ਲਾਉਣ ਦਾ ਕੰਮ ਕੱਛੂ ਚਾਲ ਚੱਲ ਰਿਹਾ ਹੈ, ਜਦੋਂ ਕਿ ਸੋਨੇ ਦੀ ਇੰਨੀ ਵੱਡੀ ਖੇਪ ਫਡ਼ੇ ਜਾਣ ਤੋਂ ਬਾਅਦ ਇਹ ਸਾਬਿਤ ਹੋ ਚੁੱਕਾ ਹੈ ਕਿ ਪਾਕਿਸਤਾਨ ਵਿਚ ਜੋਸ਼ੀਲੇ ਸਮੱਗਲਰ ਆਪਣੇ ਇਰਾਦਿਆਂ ਨੂੰ ਪੂਰਾ ਕਰਨ ਲਈ ਕੋਈ ਵੀ ਮੌਕਾ ਨਹੀਂ ਛੱਡਦੇ, ਚਾਹੇ ਉਹ ਪਾਕਿਸਤਾਨੀ ਸੀਮੈਂਟ ਹੋਵੇ ਜਾਂ ਫਿਰ ਸੇਬ ਦੀਅਾਂ ਪੇਟੀਅਾਂ।

ਹੈਰੋਇਨ ਤੇ ਸੋਨਾ ਸਮੱਗਲਰਾਂ ਨੇ ਮਿਲਾਇਆ ਹੱਥ

ਜਿਸ ਤਰ੍ਹਾਂ ਪਾਕਿਸਤਾਨ ਰਸਤੇ ਸੇਬ ਦੀਆਂ ਪੇਟੀਆਂ ’ਚ ਸੋਨੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਪਾਕਿਸਤਾਨ ’ਚ ਜੋਸ਼ੀਲੇ ਹੈਰੋਇਨ ਸਮੱਗਲਰਾਂ ਤੇ ਸੋਨਾ ਸਮੱਗਲਰਾਂ ਨੇ ਹੱਥ ਮਿਲਾ ਲਿਆ ਹੈ ਤੇ ਇਕ-ਦੂਜੇ ਨੂੰ ਸਮੱਗਲਿੰਗ ਕਰਨ ਦੇ ਆਈਡੀਏ ਦੇ ਰਹੇ ਹਨ। ਆਮ ਤੌਰ ’ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਰੂਟ ਤੋਂ ਹੈਰੋਇਨ ਦੀ ਖੇਪ ਹੀ ਭੇਜੀ ਜਾਂਦੀ ਰਹੀ ਹੈ ਪਰ ਇਸ ਵਾਰ ਇਸ ਰੂਟ ਤੋਂ ਸੋਨੇ ਦੀ ਇੰਨੀ ਵੱਡੀ ਖੇਪ ਆ ਗਈ, ਸਮੱਗਲਰਾਂ ਨੇ ਆਈ. ਸੀ. ਪੀ. ਅਟਾਰੀ ’ਤੇ ਤਾਇਨਾਤ ਸੁਰੱਖਿਆ ਏਜੰਸੀਆਂ ਜਿਨ੍ਹਾਂ ’ਚ ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।

ਮੌਕੇ ’ਤੇ ਪੁੱਜੇ ਜੁਆਇੰਟ ਕਮਿਸ਼ਨਰ ਡਾ. ਅਰਵਿੰਦ

ਸੇਬ ਦੀਆਂ ਪੇਟੀਆਂ ’ਚ ਸੋਨੇ ਦੀ ਇੰਨੀ ਵੱਡੀ ਖੇਪ ਫਡ਼ੇ ਜਾਣ ਦੀ ਸੂਚਨਾ ਮਿਲਦੇ ਹੀ ਕਸਟਮ ਵਿਭਾਗ ਦੇ ਜੁਆਇੰਟ ਕਮਿਸ਼ਨਰ ਡਾ. ਅਰਵਿੰਦ ਵੀ ਮੌਕੇ ’ਤੇ ਪਹੁੰਚ ਗਏ ਤੇ ਸੇਬ ਦੇ ਸਾਰੇ ਟਰੱਕਾਂ ’ਚ ਪਈਅਾਂ ਪੇਟੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਇਹ ਪੇਟੀਆਂ ਹਜ਼ਾਰਾਂ ਦੀ ਗਿਣਤੀ ਵਿਚ ਹਨ।


Related News