ਏਅਰਪੋਰਟ ਨੇਡ਼ੇ ਸਡ਼ਕ ’ਤੇ ਪਏ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ

Thursday, Dec 06, 2018 - 02:25 PM (IST)

ਏਅਰਪੋਰਟ ਨੇਡ਼ੇ ਸਡ਼ਕ ’ਤੇ ਪਏ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ

ਅੰਮ੍ਰਿਤਸਰ (ਰਾਜਵਿੰਦਰ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਤੇ ਹਵਾਈ ਅੱਡਾ ਮੁੱਖ ਮਾਰਗ ਤੇ ਅੰਮ੍ਰਿਤਸਰ-ਅਜਨਾਲਾ ਦੀਆਂ ਸਡ਼ਕਾਂ ਆਪਣਾ ਬੁਰਾ ਹਾਲ ਆਪ-ਮੁਹਾਰੇ ਬਿਆਨ ਕਰਦੀਆਂ ਹਨ ਤੇ ਇਥੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ। ਥਾਂ-ਥਾਂ ’ਤੇ ਸਡ਼ਕਾਂ ’ਚ ਡੂੰਘੇ ਟੋਏ ਪਏ ਹੋਏ ਹਨ। ਲੋਕਾਂ ਨਾਲ ਹੋਏ ਹਾਦਸਿਅਾਂ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸੂਬੇ ਦੇ ਲੋਕ ਆਪਣੀ ਹੱਡਭੰਨਵੀਂ ਮਿਹਨਤ ਦਾ ਹਿੱਸਾ ਟੈਕਸ ਦੇ ਰੂਪ ’ਚ ਸਰਕਾਰ ਨੂੰ ਦੇ ਰਹੇ ਹਨ ਪਰ ਮੌਜੂਦਾ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾ ਵੱਲ ਧਿਆਨ ਨਹੀਂ ਦੇ ਰਹੀ। ਇਹ ਸਡ਼ਕ ਵਿਧਾਨ ਸਭਾ ਹਲਕਾ ਤੇ ਆਸ-ਪਾਸ ਦੇ ਕਰੀਬ ਢਾਈ-ਤਿੰਨ ਸੌ ਪਿੰਡਾਂ ਨੂੰ ਅੰਮ੍ਰਿਤਸਰ ਸ਼ਹਿਰ ਨਾਲ ਜੋਡ਼ਦੀ ਹੈ ਤੇ ਹਰ ਰੋਜ਼ ਭਾਰੀ ਮਾਤਰਾ ’ਚ ਸਕੂਲਾਂ ਦੀਆਂ ਵੈਨਾਂ ਇਨ੍ਹਾਂ ਸਡ਼ਕਾਂ ’ਤੇ ਦੌਡ਼ਦੀਆਂ ਹਨ ਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਮੇਂ ਹਾਜ਼ਰ ਹਰਭਜਨ ਸਿੰਘ ਝੰਜੋਟੀ, ਸੋਸ਼ਲ ਵਰਕਰ ਮੱਖਣ ਸਿੰਘ ਰਾਜਾਸਾਂਸੀ, ਸੰਦੀਪ ਸਿੰਘ ਛੀਨਾ ਤੇ ਰਾਹਗੀਰਾਂ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੀ ਹਾਲਤ ਵਿਕਾਸ ਪੱਖੋਂ ਬਹੁਤ ਮਾਡ਼ੀ ਹੋ ਚੁੱਕੀ ਹੈ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਦਰਜਨਾਂ ਪਿੰਡਾਂ ਦੇ ਲੋਕਾਂ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੀ ਮੁੱਖ ਮੰਗ ਸਮਝਦਿਆਂ ਇਸ ਸਡ਼ਕ ਦੀ ਰਿਪੇਅਰ ਕਰਵਾਈ ਜਾਵੇ ਤਾਂ ਕਿ ਲੋਕਾਂ ਦੇ ਘਰਾਂ ’ਚ ਮਾਤਮ ਦੇ ਸੱਥਰ ਨਾ ਵਿਛਣ। ਇਸ ਬਾਰੇ ਐਕਸੀਅਨ ਪੀ. ਡਬਲਿਊ. ਡੀ. ਇੰਦਰਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸਡ਼ਕਾਂ ਦੀ ਰਿਪੇਅਰ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਜਲਦ ਰਿਪੇਅਰ ਕੀਤੀਆਂ ਜਾਣਗੀਆਂ।


Related News