ਡੰਪ ਨੂੰ ਸ਼ਹਿਰ ਤੋਂ ਬਾਹਰ ਕਰਨ ਦਾ ਵਾਅਦਾ ਯਾਦ ਕਰਵਾਉਣ ਲਈ ਮੁੱਖ ਮੰਤਰੀ ਨੂੰ ਰੋਜ਼ਾਨਾ ਭੇਜੇ ਜਾਣਗੇ 100 ਪੱਤਰ

11/15/2018 12:43:57 PM

ਅੰਮ੍ਰਿਤਸਰ (ਵਡ਼ੈਚ) - ਭਗਤਾਂਵਾਲਾ ਡੰਪ ਨੂੰ ਬੰਦ ਕਰਵਾਉਣ ਤੇ ਸਾਲਿਡ ਵੇਸਟ ਪਲਾਟ ਸ਼ਹਿਰ ਤੋਂ ਬਾਹਰ ਬਣਾਉਣ ਲਈ ਸਾਂਝੀ ਸੰਘਰਸ਼ ਕਮੇਟੀ ਵੱਲੋਂ ‘ਇਕ ਫਰਿਆਦ ਮੁੱਖ ਮੰਤਰੀ ਦੇ ਨਾਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੰਪ ਨੂੰ ਸ਼ਹਿਰ ਤੋਂ ਬਾਹਰ ਕਰਨ ਦਾ ਵਾਅਦਾ ਯਾਦ ਕਰਵਾਉਣ ਲਈ ਹਰ ਘਰ ਤੋਂ ਰੋਜ਼ਾਨਾ 100 ਪੱਤਰ ਮੁੱਖ ਮੰਤਰੀ ਨੂੰ ਭੇਜੇ ਜਾਣਗੇ। ਮੁਹਿੰਮ ਤਹਿਤ 1 ਲੱਖ ਪੱਤਰ ਮੁੱਖ ਮੰਤਰੀ ਨੂੰ ਭੇਜਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤ ਬਾਲ ਦਿਵਸ ਤੋਂ ਬੱਚਿਅਾਂ ਜ਼ਰੀਏ ਸ਼ੁਰੂ ਕੀਤੀ ਗਈ ਹੈ। ਕਮੇਟੀ ਦੇ ਅਹੁਦੇਦਾਰ ਨਵਲ ਚਾਵਲਾ, ਜੈ ਇੰਦਰ ਸਿੰਘ ਤੇ ਸੰਦੀਪ ਸੰਜੇ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭੱਦਰਕਾਲੀ ਦੇ ਦੁਸਹਿਰਾ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਹਜ਼ਾਰਾਂ ਲੋਕਾਂ ਸਾਹਮਣੇ ਵਾਅਦਾ ਕੀਤਾ ਸੀ ਕਿ ਜੇਕਰ ਜਨਤਾ ਪੰਜਾਬ ਵਿਚ ਕਾਂਗਰਸ ਸਰਕਾਰ ਲੈ ਕੇ ਆਵੇਗੀ ਤਾਂ ਭਗਤਾਂਵਾਲਾ ਡੰਪ ਅੰਮ੍ਰਿਤਸਰ ਤੋਂ ਬਾਹਰ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗੱਲਾਂ ਵਿਚ ਆ ਕੇ ਆਪਣਾ ਵਾਅਦਾ ਤਾਂ ਪੂਰਾ ਕਰ ਦਿੱਤਾ ਹੈ ਪਰ ਸਰਕਾਰ ਵੱਲੋਂ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ। ਸ਼ਹਿਰ ਦੇ ਲੋਕ ਅੱਜ ਵੀ ਡੰਪ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਦੇ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਨੂੰ ਭੇਜਣ ਲਈ ਪੱਤਰ ਲਿਖੇ ਗਏ, ਇਸ ਦੌਰਾਨ ਕਿਹਾ ਗਿਆ ਕਿ ਸਾਨੂੰ ਵੀ ਤਾਜ਼ੀ ਹਵਾ ਲੈਣ ਦਾ ਅਧਿਕਾਰ ਮਿਲੇ, ਬੀਮਾਰੀਆਂ ਤੇ ਮੌਤਾਂ ਤੋਂ ਛੁਟਕਾਰਾ ਮਿਲੇ। ਉਨ੍ਹਾਂ ਕਿਹਾ ਕਿ ਤਾਜ ਮਹਿਲ ਦੇ ਆਸ-ਪਾਸ ਪ੍ਰਦੂਸ਼ਣ ਜ਼ੋਨ ਬਣ ਸਕਦਾ ਹੈ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਡੇਢ ਕਿਲੋਮੀਟਰ ਦੂਰ ਬਣਿਆ ਡੰਪ ਬੰਦ ਕਿਉਂ ਨਹੀਂ ਕੀਤਾ ਜਾ ਸਕਦਾ।


Related News