ਨਸ਼ਿਆਂ ਦੇ ਖਾਤਮੇ ਲਈ ਫੈਡਰੇਸ਼ਨ ਪੁਲਸ ਨੂੰ ਪੂਰਾ ਸਹਿਯੋਗ ਦੇਵੇਗੀ : ਸ਼ਰੀਫਪੁਰਾ

Saturday, Nov 10, 2018 - 05:58 PM (IST)

ਅੰਮ੍ਰਿਤਸਰ (ਛੀਨਾ) - ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਿੰਸ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਨਸ਼ਿਆ ਦੇ ਖਾਤਮੇ ਲਈ ਪੁਲਸ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ ਫੈਡਰੇਸ਼ਨ ਦੇ ਨੁਮਾਇੰਦਿਆਂ ਦੀ ਇਕ ਅਹਿਮ ਮੀਟਿੰਗ ਪੁਲਸ ਅਧਿਕਾਰੀਆਂ ਨਾਲ ਹੋਈ ਜਿਸ ਵਿਚ ਬੋਲਦਿਆਂ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਹੈ, ਅਣਗਿਣਤ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁੱਝ ਗਏ ਹਨ ਜਿਸ ਸਦਕਾ ਇਨਾਂ ਮਾਰੂ ਨਸ਼ਿਆਂ ਦਾ ਜਡ਼੍ਹਾਂ ਤੋਂ ਖਾਤਮਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁੱਕਤ ਬਣਾਉਣ ਵਾਸਤੇ ਪੁਲਸ ਵਲੋਂ ਜੋ ਸਰਗਰਮੀ ਨਾਲ ਮੁਹਿੰਮ ਵਿੱਢੀ ਗਈ ਹੈ ਉਸ ਮੁਹਿੰਮ ਦੀ ਸਫਲਤਾ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਿੰਸ) ਦੇ ਸਮੂਹ ਅਹੁੱਦੇਦਾਰ ਤੇ ਮੈਂਬਰ ਪੁਲਸ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਕਰਨਗੇ। ਪ੍ਰਿੰਸ ਸ਼ਰੀਫਪੁਰਾ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਮਾਡ਼ੇ ਅਨਸਰਾਂ ਦੇ ਬਾਰੇ ’ਚ ਪੁਲਸ ਨੂੰ ਬੇਖੋਫ ਹੋ ਕੇ ਸੂਚਨਾ ਦਿੱਤੀ ਜਾਵੇ ਤਾਂ ਹੀ ਇਨਾਂ ਮਾਡ਼ੇ ਅਨਸਰਾਂ ਨੂੰ ਨੱਥ ਪਵੇਗੀ। ਇਸ ਸਮੇਂ ਸਬ ਇੰਸਪੈਕਟਰ ਪ੍ਰਮਜੀਤ ਸਿੰਘ, ਸਬ ਇੰਸਪੈਕਟਰ ਮੈਡਮ ਨਵਰੀਤ ਕੌਰ, ਏ. ਐੱਸ. ਆਈ. ਕੰਵਲਜੀਤ ਸਿੰਘ ਮੱਲੀ, ਬਲਵਿੰਦਰ ਸਿੰਘ ਸੰਧੂ, ਕੁੰਵਰਬੀਰ ਸਿੰਘ ਸ਼ਰੀਫਪੁਰਾ, ਹੈਡਕਾਂਸਟੇਬਲ ਸੁਖਜਿੰਦਰ ਕੌਰ ਰੰਧਾਵਾ, ਇੰਦਰਜੀਤ ਕੌਰ, ਸਲਵੰਤ ਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।


Related News