ਨਾਮ ਸਿਮਰਨ ਤੋਂ ਬਿਨਾਂ ਸਾਨੂੰ ਕਿਤੇ ਢੋਈ ਨਹੀਂ ਮਿਲਣੀ : ਗਿਆਨੀ ਬਲਵਿੰਦਰ ਸਿੰਘ

Saturday, Nov 10, 2018 - 05:49 PM (IST)

ਅੰਮ੍ਰਿਤਸਰ (ਲਖਬੀਰ)— ਸਥਾਨਕ ਕੱਟਡ਼ਾ ਕਰਮ ਸਿੰਘ, ਨਵੀਂ ਸਡ਼ਕ ਸਥਿਤ ਗੁਰਦੁਆਰਾ ਡੇਰਾ ਬਾਬਾ ਭੋਲਾ ਸਿੰਘ ਵਿਖੇ ਭਾਈ ਘਨੱਈਆ ਜੀ ਧਰਮਸ਼ਾਲਾ ਸੋਸਾਇਟੀ ਦੇ ਮੁੱਖ ਪ੍ਰਬੰਧਕ ਬਾਬਾ ਸੂਰਤਾ ਸਿੰਘ ਦੀ ਦੇਖ-ਰੇਖ ਹੇਠ ਸੇਵਾ ਪੰਥੀ ਮਹਾਂ ਪੁਰਖਾਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਯੱਗ ਸਮਾਗਮ ਮੌਕੇ ਮਹਾਨ ਗੁਰਮਤਿ ਸਮਾਗਮ ਬਡ਼ੀ ਸ਼ਰਧਾ ਤੇ ਭਾਵਨਾ ਨਾਲ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਲਾ ਸਾਹਿਬ, ਸੰਤ ਜੈਲ ਸਿੰਘ ਸਾਸ਼ਤਰੀ ਨਿਰਮਲੇ ਅਤੇ ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋਡ਼ਿਆ। ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਕਿ ਨਾਮ ਸਿਮਰਨ ਤੋਂ ਬਿਨ੍ਹਾਂ ਸਾਨੂੰ ਕਿਤੇ ਢੋਈ ਨਹੀਂ ਮਿਲਣੀ। ਇਸ ਲਈ ਸੁਆਸ-ਸੁਆਸ ਨਾਲ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਤਾਂ ਜੋ ਮਨੁੱਖਾ ਜੀਵਨ ਸਫਲਾ ਹੋ ਸਕੇ। ਬਾਬਾ ਸੂਰਤਾ ਸਿੰਘ ਨੇ ਨੌਜਵਾਨ ਪੀਡ਼ੀ ਨੂੰ ਅਪੀਲ ਕੀਤੀ ਕਿ ਉਹ ਬਾਣੇ ਦੇ ਧਾਰਨੀ ਬਣਨ ਕਿਉਂਕਿ ਨਾਮ ਸਿਮਰਨ ਹੀ ਜੀਵਨ ਦਾ ਆਧਾਰ ਹੈ। ਇਸ ਮੌਕੇ ਭਾਈ ਤਰਜਿੰਦਰ ਸਿੰਘ ਸੈਕਟਰੀ, ਭਾਈ ਸੁਖਦੇਵ ਸਿੰਘ ਅੌਲਖ ਪ੍ਰਧਾਨ, ਭਾਈ ਕਸ਼ਮੀਰ ਸਿੰਘ ਪ੍ਰਧਾਨ ਗੁਰਦੁਆਰਾ ਟਾਲਾ ਸਾਹਿਬ, ਗੁਰਦੀਪ ਸਿੰਘ ਸਲੂਜਾ ਪ੍ਰਧਾਨ ਮਾਤਾ ਕੋਲਾਂ ਜੀ ਸੋਸਾਇਟੀ, ਕੌਂਸਲਰ ਦਾਰਾ ਸਿੰਘ, ਕੌਂਸਲਰ ਦੀਪਕ ਕੁਮਾਰ ਰਾਜੂ, ਗੌਰੀ ਸ਼ੰਕਰ, ਸਾਬਕਾ ਕੌਂਸਲਰ ਅਮਰਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ। ਮੁੱਖ ਪ੍ਰਬੰਧਕ ਬਾਬਾ ਸੂਰਤਾ ਸਿੰਘ ਨੇ ਰਾਗੀ ਜਥਿਆਂ ਤੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Related News