ਨਸ਼ਾ ਸਮੱਗਲਿੰਗ ਦੇ ਲੱਗੇ ਇਲਜ਼ਾਮਾਂ ਮਗਰੋਂ ਸਾਹਮਣੇ ਆਇਆ ''ਆਪ'' ਆਗੂ, ਕਹੀਆਂ ਇਹ ਗੱਲਾਂ
Friday, Oct 07, 2022 - 07:07 PM (IST)
ਅੰਮ੍ਰਿਤਸਰ (ਅਨਜਾਣ) : ਸ਼ਹੀਦ ਬਾਬਾ ਪ੍ਰਤਾਪ ਸਿੰਘ ਸਵਰਨਕਾਰ ਰਾਜਪੂਤ ਸਭਾ ਦੇ ਪ੍ਰਧਾਨ ਤੇ ਸ਼ਿਵ ਮੰਦਿਰ ਸੁੱਕਾ ਤਲਾਬ ਦੇ ਚੇਅਰਮੈਨ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ 'ਚ ਆਪ ਦੇ ਬੀ.ਸੀ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਗਰੀਬ ਦੇ ਹੱਕ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਵਾਲੇ ਅਕਾਲੀ ਦੂਸਰਿਆਂ 'ਤੇ ਤੋਹਮਤਾਂ ਲਗਾਉਂਦੇ ਹਨ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਇਹ ਸਿਰਫ਼ ਸਿਆਸੀ ਕਿੜ ਕੱਢਣ ਤੇ ਸ਼ੋਹਰਤ ਹਾਸਲ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਐਫ਼ .ਆਈ. ਆਰ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਬੱਬੂ ਗਰੀਬ 'ਤੇ ਸ. ਗਿੱਲ ਤੇ ਉਨ੍ਹਾਂ ਦੇ ਸਾਥੀਆਂ ਇੰਦਰਜੀਤ ਸਿੰਘ ਪੰਡੋਰੀ ਤੇ ਕੁਝ ਸਾਬਕਾ ਕੌਂਸਲਰਾਂ ਵੱਲੋਂ ਲਗਾਏ ਇਲਜ਼ਾਮ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ, ਜੇਕਰ ਬੱਬੂ ਗਰੀਬ ਨੇ ਸਾਢੇ 800 ਕਿੱਲੋ ਗਾਂਜੇ ਦੀ ਤਸਕਰੀ ਕੀਤੀ ਹੁੰਦੀ ਤਾਂ ਅੱਜ ਉਹ ਮੇਰੇ ਨਾਲ ਨਾ ਬੈਠੇ ਹੁੰਦੇ। ਤਲਬੀਰ ਸਿੰਘ ਗਿੱਲ ਇਸਦੇ ਪੁਖ਼ਤਾ ਸਬੂਤ ਪੇਸ਼ ਕਰਨ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾਵੇਗੀ।
ਕਮਿਸ਼ਨਰ ਪੁਲਸ ਨੂੰ ਦਿੱਤਾ ਸ਼ਿਕਾਇਤ ਪੱਤਰ : ਬੱਬੂ ਗਰੀਬ
'ਆਪ' ਦੇ ਬੀ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਗਰੀਬ ਨੇ ਕਮਿਸ਼ਨਰ ਪੁਲਸ ਨੂੰ ਦਿੱਤਾ ਸ਼ਿਕਾਇਤ ਪੱਤਰ ਨੰਬਰ 45528 ਮਿਤੀ 4-10-2022 ਦਿਖਾਉਂਦਿਆਂ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਨਸਾਫ਼਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤ ਪੱਤਰ ਕਮਿਸ਼ਨਰ ਸਾਹਿਬ ਵੱਲੋਂ ਏ. ਸੀ. ਪੀ ਈਸਟ ਨੂੰ ਮਾਰਕ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮੇਰੇ 'ਤੇ ਝੂਠੇ ਇਲਜ਼ਾਮ ਲਗਾਉਣ ਵਾਲਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗਿੱਲ ਵੱਲੋਂ ਪੇਸ਼ ਕੀਤੀ ਗਈ ਐਫ਼. ਆਈ. ਆਰ 'ਚ ਮੇਰਾ ਨਾਮ ਨਹੀਂ ਹੈ। ਸਮਾਂ ਆਉਣ 'ਤੇ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੇਰੇ 'ਤੇ ਲਗਾਈ ਤੋਹਮਤ ਦਾ ਜਵਾਬ ਦੇਣਾ ਪਵੇਗਾ।
ਪੁਲਸ ਮਾਮਲੇ ਦੀ ਜਾਂਚ ਕਰੇ : ਤਲਬੀਰ ਗਿੱਲ
ਜਦ ਪੱਤਰਕਾਰਾਂ ਵੱਲੋਂ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਸੀ, ਪੁਲਸ ਮਾਮਲੇ ਦੀ ਜਾਂਚ ਕਰੇ।
ਕੀ ਕਹਿੰਦੇ ਨੇ ਏ. ਸੀ. ਪੀ ਈਸਟ
ਜਦ ਏ. ਸੀ. ਪੀ ਈਸਟ ਗੁਰਪ੍ਰਤਾਪ ਸਹੋਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਸ਼ਿਕਾਇਤ ਪੱਤਰ ਮਿਲਿਆ ਹੈ। ਦੋਵਾਂ ਪਾਰਟੀਆਂ ਨੂੰ ਬੁਲਾ ਕੇ ਸੁਣਿਆ ਜਾਵੇਗਾ, ਜੋ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।