ਫਲੋਰਿਡਾ ’ਚ ਗਵਰਨਰ ਕੋਵਿਡ-19 ਨਿਯਮ ਤੋੜਨ ਵਾਲਿਆਂ ਨੂੰ ਦੇਵੇਗਾ ਮੁਆਫੀ

05/15/2021 8:16:25 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ । ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣ ਲਈ ਜੁਰਮਾਨੇ ਅਤੇ ਹੋਰ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ ਪਰ ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਵੀਰਵਾਰ ਕਿਹਾ ਕਿ ਉਸ ਵੱਲੋਂ ਰਾਜ ਦੇ ਕਿਸੇ ਵੀ ਵਿਅਕਤੀ,  ਜਿਸ ’ਤੇ ਮਾਸਕਿੰਗ ਅਤੇ ਸਮਾਜਿਕ ਦੂਰੀਆਂ ਜਿਹੀਆਂ ਕੋਵਿਡ-19 ਸੁਰੱਖਿਆ ਉਪਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਨੂੰ ਮੁਆਫੀ ਦਿੱਤੀ ਜਾਵੇਗੀ। ਡੀਸੈਂਟਿਸ ਨੇ ਇਹ ਐਲਾਨ ਦੋ ਜਿਮ ਮਾਲਕਾਂ ਦੇ ਕੇਸ ਬਾਰੇ ਵਿਚਾਰ-ਵਟਾਂਦਰੇ ਦੌਰਾਨ ਕੀਤਾ, ਜਿਨ੍ਹਾਂ ਨੂੰ ਜਿਮ ਵਿਚ ਸਮਾਜਿਕ ਦੂਰੀ ਅਤੇ ਮਾਸਕ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਕਾਰਨ ਅਪਰਾਧਿਕ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਡੀਸੈਂਟਿਸ ਵੱਲੋਂ ਸ਼ੁੱਕਰਵਾਰ ਨੂੰ ਇਕ ਮੁਆਫੀਨਾਮੇ ’ਤੇ ਦਸਤਖਤ ਕੀਤੇ ਜਾਣਗੇ, ਜਿਸ ਨਾਲ ਜਿਮ ਦੇ ਮਾਲਕਾਂ ਮਾਈਕ ਅਤੇ ਜਿਲਿਅਨ ਕਾਰਨੇਵਾਲ ਖਿਲਾਫ ਕੇਸ ’ਚ 60 ਦਿਨਾਂ ਲਈ ਦੇਰੀ ਕੀਤੀ ਜਾਵੇਗੀ ਅਤੇ ਉਸ ਸਮੇਂ ਦੌਰਾਨ ਇੱਕ ਕਲੈਰੇਂਸੀ ਬੋਰਡ ਉਨ੍ਹਾਂ ਅਤੇ ਫਲੋਰਿਡਾ ਦੇ ਹੋਰ ਲੋਕਾਂ ਲਈ ਮੁਆਫੀ ਜਾਰੀ ਕਰਨ ਲਈ ਮੀਟਿੰਗ ਕਰੇਗਾ।

ਬਰੌਵਰਡ ਕਾਊਂਟੀ ਦੇ ਸਾਬਕਾ ਜਿਮ ਮਾਲਕਾਂ ਨੂੰ ਪਿਛਲੇ ਸਾਲ ਗਰਮੀਆਂ ਵਿੱਚ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਥਾਨਕ ਪੁਲਸ ਦੀਆਂ ਚੇਤਾਵਨੀਆਂ ਤੋਂ ਬਾਅਦ ਇਨ੍ਹਾਂ ਨੇ ਆਪਣਾ ਜਿਮ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਗਵਰਨਰ ਦਾ ਇਹ ਐਲਾਨ ਪਿਛਲੇ ਹਫ਼ਤੇ ਰਾਜ ਦੇ ਸਾਰੇ ਸਥਾਨਕ ਕੋਵਿਡ-19 ਐਮਰਜੈਂਸੀ ਆਦੇਸ਼ਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ। ਡੀਸੈਂਟਿਸ ਅਨੁਸਾਰ ਉਨ੍ਹਾਂ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਲੋਕ “ਫਲੋਰਿਡਾ ਰਾਜ ਵਿੱਚ ਸੁਤੰਤਰ ਤੌਰ ’ਤੇ ਰਹਿਣ ।’’ ਇਸ ਸੂਬੇ ਦੇ ਗਵਰਨਰ ਨੇ ਮਾਰਚ ’ਚ ਵੀ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿੱਚ ਕੋਵਿਡ-19 ਦੇ ਆਦੇਸ਼ਾਂ ਨੂੰ ਤੋੜਨ ਵਾਲਿਆਂ ਤੋਂ ਜੁਰਮਾਨਾ ਮੁਆਫ ਕੀਤਾ ਗਿਆ ਸੀ।


Manoj

Content Editor

Related News