ਟਿੱਡੀ ਦਲ ਦੇ ਖ਼ਾਤਮੇ ਲਈ ਬੜੇ ਸੁਚੱਜੇ ਤੇ ਤਕਨੀਕੀ ਢੰਗ ਨਾਲ ਸਪਰੇਅ ਕਰਨ ਦੀ ਲੋੜ

Monday, Jul 06, 2020 - 03:48 PM (IST)

ਡਾ. ਮਨਿੰਦਰ ਸਿੰਘ ਜ਼ਿਲ੍ਹਾ ਪ੍ਰਸਾਰ ਮਾਹਿਰ (ਸ.ਮ.) ਜਲੰਧਰ ਨੇ ਕਿਹਾ ਕੇ ਟਿੱਡੀ ਦਲ ਕਰੋੜਾਂ ਦੀ ਗਿਣਤੀ ਵਿੱਚ ਇਕੱਠੇ ਝੰਡਾਂ ਦੀ ਸ਼ਕਲ ਵਿੱਚ ਆਉਂਦਾ ਹੈ ਅਤੇ ਇਸ ਨੂੰ ਖਤਮ ਕਰਨ ਵਾਸਤੇ ਬੜੇ ਸੁੱਚਜੇ ਅਤੇ ਤਕਨੀਕੀ ਢੰਗ ਨਾਲ ਸਪਰੇ ਕਰਨ ਦੀ ਜ਼ਰੂਰਤ ਹੁੰਦੀ ਹੈ। ਟਿੱਡੀ ਦਲ ਦੇ ਬੈਠਣ ਉਪਰੰਤ ਉਸ ਥਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਤਕਰੀਬਨ 1 ਤੋਂ 2 ਘੰਟੇ ਬਾਅਦ ਦਵਾਈ ਦਾ ਸਪਰੇ ਹਮਲੇ ਵਾਲੀ ਥਾਂ ਦੇ ਚਾਰੇ ਪਾਸੇ ਕਰਨਾ ਚਾਹੀਦਾ ਹੈ ਤਾਂ ਜੋ ਟਿੱਡੀ ਦਲ ਹੌਰ ਅੱਗੇ ਉੱਡ ਨਾ ਸਕੇ।

ਸ੍ਰੀ. ਪ੍ਰਦੀਪ ਕੁਮਾਰ ਤਹਿਸੀਲਦਾਰ ਸ਼ਾਹਕੋਟ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਹਮਲੇ ਹੋਣ ਦੀ ਸੂਰਤ ਵਿੱਚ ਉਪਰਾਲੇ ਕਰਨ ਬਾਰੇ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਐੱਸ.ਡੀ.ਐੱਮ ਸ਼ਾਹਕੋਟ ਵੱਲੋ ਬਲਾਕ ਵਿੱਚ ਫਾਇਰ ਬ੍ਰਿਗੇਡ ਗੱਡੀ ਇਸ ਮਕਸਦ ਲਈ ਮੁਹੱਇਆ ਕਰਵਾਉਣ ਵਾਸਤੇ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਟਿੱਡੀ ਦਲ ਵਾਲੀ ਬਿਪਤਾ ਨੂੰ ਨੱਜਿਠਣ ਲਈ ਸਾਰੇ ਸਰਕਾਰੀ, ਗੈਰ ਸਰਕਾਰੀ  ਅਦਾਰਿਆਂ ਅਤੇ ਕਿਸਾਨਾਂ ਦਾ ਸਾਥ ਲੈਂਦੇ ਹੋਏ ਪੂਰੇ ਯਤਨ ਕੀਤ ਜਾਣਗੇ।

ਡਾ. ਸੰਜੀਵ ਕਟਾਰੀਆਂ ਨੇ ਦੱਸਿਆ ਕਿ ਸ਼ਾਹਕੋਟ, ਲੋਹੀਆਂ ਖਾਸ ਦੇ ਇਲਾਕੇ ਵਿੱਚ ਦਰਿਆ ਹੋਣ ਕਾਰਨ ਟਿੱਡੀ ਦਲ ਦੇ ਮਾਦਾ ਲਈ ਆਂਡੇ ਦੇਣ ਦੀ ਪ੍ਰਕਿਆ ਵੀ ਹੋ ਸਕਦੀ ਹੈ। ਇਸ ਲਈ ਇਸ ਇਲਾਕੇ ਦੇ ਕਿਸਾਨਾਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਮਾਦਾ ਟਿੱਡੀਆਂ ਢੇਰਾਂ ਦੀ ਸ਼ਕਲ ਵਿੱਚ ਜ਼ਮੀਨ ਦੇ ਹੇਠਾਂ ਰੇਤਲੀਆਂ ਥਾਵਾਂ ’ਤੇ ਇੱਕਠੇ ਆਂਡੇ ਦਿੰਦੀਆ ਹਨ। ਡਾ. ਜਸਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਸ਼ਾਹਕੋਟ ਨੇ ਕਿਹਾ ਕਿ ਬਲਾਕੇ ਸ਼ਾਹਕੋਟ ਅਤੇ ਲੋਹੀਆਂ ਖਾਸ ਵਿੱਚ ਹਦਾਇਤਾਂ ਅਨੁਸਾਰ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਵਿਭਾਗ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਟਰੈਕਟਰ ਮਾਊਨਟਿੱਡ ਸਪਰੇ ਪੰਪ, ਪਾਣੀ ਅਤੇ ਲਾਈਟਾਂ ਆਦਿ ਦੇ ਪ੍ਰਬੰਧਾਂ ਬਾਰੇ ਪਿੰਡਾਂ ਦੇ ਕਿਸਾਨਾਂ ਨੂੰ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋ ਕਲੋਰੋਪੈਰੀਫਾਸ ਦਵਾਈ 2000 ਲਿਟਰ ਪੁੱਜ ਚੁੱਕੀ ਹੈ ਅਤੇ ਨਾਲ ਹੀ ਪੰਜਾਬ ਸਰਕਾ ਵਲੋਂ ਇਸ ਕੰਮ ਲਈ ਅਚਨਚੇਤ ਲੋੜੀਦੀ ਰਾਸ਼ੀ ਵੀ ਪੁੱਜ ਚੁੱਕੀ ਹੈ। ਇਸ ਮੌਕੇ ਇਲਾਕੇ ਦੇ ਉੱਘੇ ਕਿਸਾਨ ਸ. ਜਰਨੈਲ ਸਿੰਘ, ਗੁਰਮੇਲ ਸਿੰਘ ਸਰਪੰਚ ਪਿੰਡ ਮੀੳਵਾਲ ਅਰਾਈਆਂ, ਸ. ਬੂਟਾ ਸਿੰਘ ਸਾਬਕਾ ਚੇਅਰਮੈਨ, ਸ. ਜਗਦੀਪ ਸਿੰਘ, ਸ. ਸੁਖਵਿੰਦਰ ਸਿੰਘ ਅਤੇ ਹੋਰ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।
                                    
ਮੁੱਖ ਖੇਤੀਬਾੜੀ ਅਫਸਰ
ਜਲੰਧਰ.


rajwinder kaur

Content Editor

Related News