‘ਝੋਨੇ ਦੀ ਸਿੱਧੀ ਬਿਜਾਈ’ ਨਾਲ ਹੋਵੇ ਵੱਧ ਕਮਾਈ

05/24/2024 6:43:18 PM

ਝੋਨਾ-ਕਣਕ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਵਿਚ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਮਜਦੂਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਖੇਤ ਨੂੰ ਕੱਦੂ ਕਰਨ ਤੋਂ ਬਾਅਦ ਮਜਦੂਰਾਂ ਵੱਲੋਂ ਪਨੀਰੀ ਨੂੰ ਪੁੱਟ ਕੇ ਕੱਦੂ ਕੀਤੇ ਖੇਤ ਵਿਚ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਕੱਦੂ ਕਰਨ ਨਾਲ ਪਾਣੀ ਦੀ ਕਾਫੀ ਖਪਤ ਹੁੰਦੀ ਹੈ ਅਤੇ ਮਜਦੂਰ ਸਮੇਂ ਸਿਰ ਨਾ ਮਿਲਣ ਤੇ ਕਾਫੀ ਖੱਜਲ-ਖੁਆਰੀ ਹੁੰਦੀ ਹੈ। ਮਜਦੂਰਾਂ ਦੀ ਉਪਲੱਬਧਤਾ ਘਟਣ ਕਰਕੇ ਮਜਦੂਰੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਬਿਨਾਂ ਖੱਜਲ-ਖੁਆਰੀ ਦੇ ਝੋਨੇ ਦੀ ਕਾਸ਼ਤ ਸਿੱਧੀ ਬਿਜਾਈ ਰਾਹੀਂ ਕੀਤੀ ਜਾ ਸਕਦੀ ਹੈ, ਜਿਸ ਨਾਲ ਝੋਨੇ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ, ਪੈਸੇ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀ ਮਾਹਿਰਾਂ ਦੀ ਸਲਾਹ ਬਹੁਤ ਜਰੂਰੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਲਿਖੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ। 

ਢੁਕਵੀਂਆਂ ਕਿਸਮਾਂ :- ਘੱਟ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਠੀਕ ਹਨ।

ਢੁਕਵੀਂ ਜ਼ਮੀਨ :- ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਲੋਹੇ ਦੀ ਘਾਟ ਆਉਣ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ। 

ਬਿਜਾਈ ਦਾ ਸਮਾਂ :- ਝੋਨੇ ਦੀ ਸਿੱਧੀ ਬਿਜਾਈ ਜੂਨ ਮਹੀਨੇ ਦੇ ਪਹਿਲੇ ਪੰਦਰ੍ਹਵਾੜੇ ਵਿਚ ਕਰਨੀ ਚਾਹੀਦੀ ਹੈ। ਅਗੇਤੀ ਬਿਜਾਈ ਕਰਨ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੇ। 

ਖੇਤ ਦੀ ਤਿਆਰੀ :- ਖੇਤ ਨੂੰ ਦੋ ਵਾਰ ਤਵੀਆਂ ਮਾਰਨ ਤੋਂ ਬਾਅਦ ਇਕ ਵਾਰ ਹਲਾਂ ਨਾਲ ਵਾਹੋ ਅਤੇ ਬਾਅਦ ਵਿਚ ਸੁਹਾਗਾ ਫੇਰਨਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਪਾਣੀ ਇਕਸਾਰ ਲੱਗਦਾ ਹੈ, ਜਿਸ ਨਾਲ ਪਾਣੀ ਦੀ ਬੱਚਤ ਦੇ ਨਾਲ ਫ਼ਸਲ ਦਾ ਪੁੰਗਾਰਾ ਵਧੀਆ ਹੁੰਦਾ ਹੈ।

ਬੀਜ ਦੀ ਮਾਤਰਾ :- ਇਕ ਏਕੜ ਦੀ ਬਿਜਾਈ ਲਈ 8-10 ਕਿਲੋਗ੍ਰਾਮ ਬੀਜ ਦੀ ਵਰਤੋਂ ਕਰੋ। 

ਬੀਜ ਦੀ ਸੋਧ :- ਬੀਜ ਨੂੰ 12 ਘੰਟੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ (10 ਲਿਟਰ ਪਾਣੀ ਵਿੱਚ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਿਉੂ ਐੱਸ (ਮੈਨਕੋਜੈਬ + ਕਾਰਬੈਂਡਾਜਿਮ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾ ਸੋਧ ਲੈਣਾ ਚਾਹੀਦਾ ਹੈ। 

ਬਿਜਾਈ ਦਾ ਢੰਗ:- ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਖੇਤ ਵਿਚ ਡਰਿੱਲ ਨਾਲ, ਤਰ-ਵੱਤਰ ਖੇਤ ਵਿਚ ਬੈੱਡਣ ਉੱਪਰ ਅਤੇ ਸੁੱਕੇ ਖੇਤ ਵਿਚ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤਰ-ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੋਂ ਬਾਅਦ ਕਿਆਰੇ ਪਾ ਕੇ ਰੌਣੀ ਕਰ ਦੇਣੀ ਚਾਹੀਦੀ ਹੈ। ਖੇਤ ਦੇ ਤਰ-ਵੱਤਰ ਹਾਲਤ ਵਿਚ ਆ ਜਾਣ ਤੋਂ ਬਾਅਦ ਖੇਤ ਨੂੰ ਹੋਛਾ ਵਾਹੁਣਾ ਚਾਹੀਦਾ ਹੈ। ਵਾਹੁਣ ਮਗਰੋਂ ਸੁਹਾਗੇ ਉੱਪਰ 3 ਮਿੱਟੀ ਦੀਆਂ ਬੋਰੀਆਂ ਰੱਖ ਕੇ 2-3 ਵਾਰ ਸੁਹਾਗਾ ਮਾਰੋ। ਸੁਹਾਗਾ ਮਾਰਨ ਤੋਂ ਤੁਰੰਤ ਬਾਅਦ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ, ਜੋ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਛਿੜਕਾਅ ਵੀ ਕਰਦੀ ਹੈ। ਇਸ ਡਰਿੱਲ ਨਾਲ ਖੇਤ ਵਿਚ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿਣ ਕਰਕੇ ਨਦੀਨਾਂ ਦੀ ਰੋਕਥਾਮ ਵੀ ਜ਼ਿਆਦਾ ਚੰਗੀ ਤਰਾਂ ਹੁੰਦੀ ਹੈ।  ਜੇਕਰ ਝੋਨੇ ਦੀ ਸਿੱਧੀ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਗਈ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ। 
ਨਦੀਨਾਂ ਦੀ ਰੋਕਥਾਮ :- ਸਿੱਧੇ ਬੀਜੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਸਿੱਧੀ-ਸਿੱਧੀ ਇਹ ਪਛਾਣ ਹੋਣੀ ਚਾਹੀਦੀ ਹੈ ਕਿ ਨਦੀਨ ਘਾਹ ਰੂਪੀ ਹੈ ਜਾਂ ਚੋੜੀ ਪੱਤੀ ਵਾਲਾ। ਘਾਹ ਰੂਪੀ ਨਦੀਨਾਂ ਅਤੇ ਚੋੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਨਦੀਨਨਾਸ਼ਕ ਹਨ। ਸਿੱਧੇ ਬੀਜੇ ਝੋਨੇ ਵਿਚ ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਮੋਥਾ, ਗੁੜਤ ਮਧਾਣਾ, ਲੈਪਟੋਕਲੋਆ ਘਾਹ, ਚਿੜੀ ਘਾਹ, ਤੱਕੜੀ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਇੱਟਸਿੱਟ ਆਦਿ ਨਦੀਨ ਹੋ ਸਕਦੇ ਹਨ। ਇਸ ਲਈ ਨਦੀਨਾਂ ਦੀ ਕਿਸਮ ਮੁਤਾਬਿਕ ਨਦੀਨ ਨਾਸ਼ਕ ਦੀ ਚੋਣ ਕਰਨ ਦੀ ਲੋੜ ਹੈ। 

ਖਾਦਾਂ ਦੀ ਵਰਤੋਂ : ਸਿੱਧੇ ਬੀਜੇ ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਯੂਰੀਆ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫਤਿਆਂ ਬਾਅਦ ਪਾਓ।  

ਸਿੰਚਾਈ : ਤਰ-ਵੱਤਰ ਖੇਤ ਵਿਚ ਬੀਜੇ ਝੋਨੇ ਨੂੰ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਅਤੇ ਅਗਲੇ ਪਾਣੀ ਜ਼ਮੀਨ ਦੀ ਕਿਸਮ ਅਨੁਸਾਰ 5-7 ਦਿਨਾਂ ਦੇ ਵਕਫੇ ’ਤੇ ਲਾਓ। ਸੁੱਕੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਤੁਰੰਤ ਬਾਅਦ ਪਾਣੀ ਲਾਓ। 

ਕਟਾਈ ਅਤੇ ਝੜਾਈ :- ਪਰਾਲੀ ਦਾ ਰੰਗ ਪੀਲਾ ਹੋਣ ਅਤੇ ਮੁੰਜਰਾਂ ਦੇ ਪੱਕ ਜਾਣ ’ਤੇ ਝੋਨੇ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਕੰਬਾਇਨ ਨਾਲ ਝੋਨੇ ਦੀ ਕਟਾਈ ਲਈ ਪੀ. ਏ. ਯੂ. ਸੁਪਰ ਐੱਸ. ਐੱਮ. ਐੱਸ (ਸੁਪਰ ਸਟਰਾਅ ਮੈਨੇਜਮੈਂਟ ਸਿਸਟਮ) ਸਿਸਟਮ ਵਾਲੀ ਕੰਬਾਇਨ ਨੂੰ ਤਰਜੀਹ ਦਿਓ।
—ਜਗਜੋਤ ਸਿੰਘ ਗਿੱਲ


Shivani Bassan

Content Editor

Related News