ਝੋਨੇ ਦੀ ਖੇਤੀ ਵਾਤਾਵਰਨ ਪੱਖੀ ਕਰਨ ਦੀ ਲੋੜ, ਕੱਦੂ ਤੋਂ ਬਗੈਰ ਵੀ ਝੋਨੇ ਦੀ ਕਾਸ਼ਤਕਾਰੀ ਸੰਭਵ
Friday, Aug 04, 2023 - 04:24 PM (IST)

ਖੇਤੀ ਸਾਇੰਸਦਾਨਾਂ ਵੱਲੋਂ ਖੇਤੀ ਵਿਭਿੰਨਤਾ ਲਈ ਪਿਛਲੇ ਸਮੇਂ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਭ ਕੋਸ਼ਿਸ਼ਾਂ ਦਾ ਮੂਲ ਕਾਰਨ ਝੋਨੇ ਹੇਠੋਂ ਰਕਬਾ ਘਟਾਉਣਾ ਹੁੰਦਾ ਹੈ। ਇਸ ਵਕਤ ਝੋਨੇ ਦੀ ਖੇਤੀ ਹੇਠ ਸੂਬੇ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬਾ ਹੈ। ਝੋਨੇ ਕਰਕੇ ਸਾਡੇ ਧਰਤੀ ਹੇਠਲੇ ਪਾਣੀ ਦਾ ਹੋ ਰਿਹਾ ਘਾਣ ਕਿਸੇ ਤੋਂ ਛੁਪਿਆ ਨਹੀਂ ਹੈ। ਇਸ ਸਭ ਦੇ ਬਾਵਜੂਦ ਝੋਨੇ ਦੀ ਫ਼ਸਲ ਦੀ ਆਰਥਿਕਤਾ ਅਤੇ ਨਿਸ਼ਚਿਤ ਮੰਡੀਕਾਰੀ ਕਰਕੇ ਕਿਸਾਨ ਜਾਣਦੇ ਅਤੇ ਚਾਹੁੰਦੇ ਹੋਏ ਵੀ ਇਸ ਫ਼ਸਲ ਦੀ ਖੇਤੀ ਨੂੰ ਛੱਡ ਨਹੀਂ ਸਕੇ ਹਨ, ਜਿਸ ਕਰਕੇ ਖੇਤੀ ਵਿਭਿੰਨਤਾ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਹੈ।
ਜੇਕਰ ਝੋਨੇ ਦੀ ਖੇਤੀ ਦਾ ਬਦਲ ਦੇਖੀਏ ਤਾਂ ਇਸ ਵਕਤ ਅਜਿਹੀ ਕੋਈ ਫ਼ਸਲ ਨਜ਼ਰ ਨਹੀਂ ਆ ਰਹੀ, ਜਿਸਦੀ ਆਰਥਿਕਤਾ ਝੋਨੇ ਤੋਂ ਜ਼ਿਆਦਾ ਹੋਵੇ। ਨਤੀਜੇ ਵਜੋਂ ਸਾਨੂੰ ਹੁਣ ਕੁੱਝ ਅਜਿਹਾ ਕਰਨ ਦੀ ਲੋੜ ਹੈ ਕਿ ਅਸੀਂ ਝੋਨੇ ਦੀ ਕਾਸ਼ਤਕਾਰੀ ਕੁੱਝ ਅਜਿਹੇ ਤਰੀਕੇ ਰਾਹੀਂ ਕਰ ਸਕੀਏ ਕਿ ਸਾਡੇ ਕੁਦਰਤੀ ਵਸੀਲੀਆਂ ਦਾ ਘਾਣ ਨਾ ਹੋਵੇ ਅਤੇ ਕਾਮਯਾਬੀ ਨਾਲ ਝੋਨੇ ਦੀ ਖੇਤੀ ਵੀ ਕੀਤੀ ਜਾ ਸਕੇ। ਇਸ ਸਭ ਦੇ ਵਿੱਚ ਇੱਕ ਅਜਿਹੀ ਸੋਚ ਖੇਤੀਬਾੜੀ ਦੇ ਧਰਾਤਲ 'ਤੇ ਨਜ਼ਰ ਆ ਰਹੀ ਹੈ ਕਿ ਝੋਨੇ ਦੀ ਖੇਤੀ ਵਿੱਚ ਕੱਦੂ ਕਰਨ ਦੀ ਪ੍ਰਵਿਰਤੀ ਹੀ ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦੀ ਭੌਤਿਕ ਬਣਤਰ ਵਿੱਚ ਆ ਰਹੀਆਂ ਵੱਡੀਆਂ ਸਮੱਸਿਆਵਾਂ ਦਾ ਕਾਰਨ ਹੈ। ਸਾਇੰਸਦਾਨਾਂ ਵੱਲੋਂ ਕੱਦੂ ਦੇ ਢੰਗ ਨੂੰ ਝੋਨੇ ਦੀ ਖੇਤੀ ਲਈ ਫ਼ਾਇਦੇਮੰਦ ਦੱਸਣ ਦਾ ਕਾਰਨ ਇਹ ਸੀ ਕਿ ਝੋਨੇ ਵਿੱਚ ਪਾਣੀ ਖੜਾ ਰੱਖਣਾ ਹੁੰਦਾ ਹੈ ਤਾਂ ਜੋ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕੇ ਪਰ ਅੱਜ ਸਾਡੇ ਕੋਲ ਅਜਿਹੇ ਰਸਾਇਣ ਹਨ, ਜਿਹਨਾਂ ਰਾਹੀਂ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਸਹਿਜੇ ਹੀ ਕੀਤੀ ਜਾ ਸਕਦੀ ਹੈ। ਡਾ. ਦਲੇਰ ਸਿੰਘ ਰਿਟਾਇਰਡ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਕੱਦੂ ਤੋਂ ਬਗੈਰ ਝੋਨੇ ਦੀ ਕਾਸ਼ਤਕਾਰੀ ਸੰਭਵ ਹੈ। ਕੱਦੂ ਨਾ ਕਰਨ ਨਾਲ ਜ਼ਮੀਨ ਦੀ ਬਣਤਰ ਸੁਧਰਦੀ ਹੈ ਅਤੇ ਨਾਲ ਹੀ ਜ਼ਮੀਨ ਵਿੱਚ ਗੰਡੋਏ ਅਤੇ ਹੋਰ ਫ਼ਾਇਦੇਮੰਦ ਜੀਵਾਂ ਦਾ ਵਧੇਰੇ ਵਿਕਾਸ ਹੁੰਦਾ ਹੈ ਅਤੇ ਧਰਤੀ ਹੇਠਾਂ ਪਾਣੀ ਜੀਰਨ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਵੀ ਹੁੰਦਾ ਹੈ।
ਅੱਜ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਤਕਰੀਬਨ 5000 ਕਿਸਾਨ ਬਗੈਰ ਕੱਦੂ ਕਰਦੇ ਹੋਏ ਝੋਨੇ ਦੀ ਕਾਮਯਾਬ ਅਤੇ ਸੰਤੁਸ਼ਟੀ ਭਰਪੂਰ ਖੇਤੀ ਕਰ ਰਹੇ ਹਨ। ਹੁਣ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਦੂਜੇ ਕਿਸਾਨਾਂ ਤੱਕ ਇਸ ਤਰ੍ਹਾਂ ਦੀਆਂ ਤਕਨੀਕਾ ਨੂੰ ਪਹੁੰਚਾਉਣਾ ਕਾਫ਼ੀ ਸੁਖਾਲਾ ਹੋ ਗਿਆ ਹੈ। ਇਸੇ ਲਈ ਡਾ. ਦਲੇਰ ਸਿੰਘ ਅਤੇ ਡਾ. ਬਲਵਿੰਦਰ ਸਿੰਘ ਬੁਟਾਰੀ ਵੀ ਇਸ ਕੁਦਰਤੀ ਪੱਖੀ ਤਕਨੀਕ ਦਾ ਪ੍ਰਚਾਰ ਅਤੇ ਪਸਾਰ ਕਰ ਰਹੇ ਹਨ। ਸਾਡੀ ਟੀਮ ਵੱਲੋਂ ਬਗੈਰ ਕੱਦੂ ਜਾਂ ਫਿਰ ਸੁੱਕੇ ਕੱਦੂ ਦੀ ਤਕਨੀਕ ਬਾਰੇ ਕਿਸਾਨਾਂ ਦੀ ਰਾਏ ਲੈਣ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਕਿਸਾਨਾਂ ਨੂੰ ਮਿਲੇ।
ਕਿਸਾਨ ਗੁਰਪ੍ਰੀਤ ਸਿੰਘ ਪਿੰਡ ਕੰਧਾਲਾ, ਕੁਲਬੀਰ ਸਿੰਘ ਪਿੰਡ ਸ਼ਾਦੀਪੁਰ, ਹਰਿੰਦਰ ਸਿੰਘ ਢੀਂਡਸਾ, ਰਾਜੇਸ਼ ਕੁਮਾਰ ਪਿੰਡ ਸਮਸਤਪੁਰ ਜ਼ਿਲ੍ਹਾ ਜਲੰਧਰ, ਗੁਰਦੇਵ ਸਿੰਘ, ਚਰਨਜੀਤ ਸਿੰਘ ਅਤੇ ਦਲਜੀਤ ਸਿੰਘ ਪਿੰਡ ਕਲੇਰ ਕਲਾਂ, ਬਲਰਾਜ ਸਿੰਘ ਪਿੰਡ ਬੜੋਏ ਜ਼ਿਲ੍ਹਾ ਗੁਰਦਾਸਪੁਰ ਨੇ ਇਸ ਤਕਨੀਕ ਦੀ ਨਾ ਸਿਰਫ਼ ਤਾਰੀਫ਼ ਕੀਤੀ ਸਗੋਂ ਇਹ ਵੀ ਕਿਹਾ ਕਿ “ਸੁੱਕਾ ਕੱਦੂ” ਝੋਨੇ ਦੀ ਸਦੀਵੀ ਖੇਤੀ ਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਭਵਿੱਖ ਹੈ।
ਉਕਤ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਕੱਦੂ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਵੇ, ਕਿਉਂਕਿ ਕੱਦੂ ਕਰਨ ਨਾਲ ਜਿੱਥੇ ਖੇਤੀ ਲਾਗਤਾਂ ਵਧਦੀਆਂ ਹਨ ਅਤੇ ਸਮਾਂ ਬਰਬਾਦ ਹੁੰਦਾ ਹੈ, ਉਥੇ ਇਸ ਤਰ੍ਹਾਂ ਕਰਨ ਨਾਲ ਮਹਿੰਗੀ ਮਸ਼ੀਨਰੀ ਦਾ ਘਾਣ ਹੁੰਦਾ ਹੈ। ਕੱਦੂ ਕਰਕੇ ਧਰਤੀ ਦੀ ਸਤਹਿ 'ਤੇ ਬਣਦੀ ਤਹਿ ਕਰਕੇ ਪਾਣੀ ਹੇਠਾਂ ਜੀਰਦਾ ਨਹੀਂ ਅਤੇ ਮਜ਼ਦੂਰਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਾਣੀ ਨਾ ਜੀਰਨ ਕਰਕੇ ਕਈ ਬੀਮਾਰੀਆਂ ਦਾ ਹਮਲਾ ਹੁੰਦਾ ਹੈ ਅਤੇ ਵਾਤਾਵਰਨ ਨੂੰ ਪਲੀਤ ਕਰਨ ਵਾਲੀ ਮੀਥੇਨ ਗੈਸ ਦਾ ਰਿਸਾਵ ਹੁੰਦਾ ਹੈ। ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਬਲਕਿ ਇਸ ਵਿਧੀ ਨਾਲ ਝੋਨੇ ਵਿੱਚ ਘੱਟ ਪਾਣੀ ਖੜਾ ਰਹਿਣ ਕਰਕੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਘਟਦਾ ਹੈ। ਇਸੇ ਕਰਕੇ ਜ਼ਹਿਰਾਂ ਦਾ ਖ਼ਰਚਾ ਘਟਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਮਜ਼ਦੂਰਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਲਗਾਉਣਾ ਸੌਖਾ ਹੈ। ਬੰਨੇ ਵਾਰ ਵਾਰ ਲੇਪਣ ਦੀ ਲੋੜ ਨਹੀਂ। ਇਸ ਝੋਨੇ ਵਿੱਚ ਖਾਦ ਅਤੇ ਸਪਰੇਆਂ ਦਾ ਕੰਮ ਕਰਨਾ ਸੌਖਾਲਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਵਿੱਚ ਇਸ ਤਕਨੀਕ ਦੀ ਸਿਫਾਰਿਸ਼ ਫਿਲਹਾਲ ਨਹੀਂ ਕੀਤੀ। ਇਸ ਤਕਨੀਕ ਦੀ ਤਕਨੀਕੀ ਬਣਤਰ ਬਾਰੇ ਦੱਸਿਆ ਜਾਂਦਾ ਹੈ ਕਿ ਖੇਤਾਂ ਨੂੰ ਲੇਜ਼ਰ ਲੈਵਲ ਕਰਨ ਤੋਂ ਬਾਅਦ 3-4 ਵਾਰ ਸੁਹਾਗੇ ਮਾਰੇ ਜਾਂਦੇ ਹਨ। ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਖੇਤਾਂ ਵਿੱਚ ਪਾਣੀ ਲਗਾ ਦੇਣਾ ਚਾਹੀਦਾ ਹੈ। ਪਾਣੀ ਲਗਾਉਣ ਉਪਰੰਤ ਲੇਬਰ ਜਾਂ ਫਿਰ ਮਸ਼ੀਨ ਦੇ ਰਾਹੀਂ ਝੋਨੇ ਦੀ ਪਨੀਰੀ ਲਗਾਈ ਜਾ ਸਕਦੀ ਹੈ। ਉਪਰੰਤ ਝੋਨੇ ਵਿੱਚ ਨਦੀਨ ਨਾਸ਼ਕ ਦਾ ਇਸਤੇਮਾਲ ਅਤੇ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਕਨੀਕ ਰਾਹੀਂ ਝੋਨੇ ਦੀ ਲਵਾਈ ਦਾ ਰਵਾਇਤੀ ਢੰਗ ਨਾਲੋਂ ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਤਕਨੀਕ ਵਿੱਚ ਕੱਦੂ ਨਹੀਂ ਕੀਤਾ ਜਾਂਦਾ ਸਿਰਫ਼ ਸੁਹਾਗੇ ਲਗਾਏ ਜਾਂਦੇ ਹਨ। ਅੱਜ ਸਾਡੇ ਲਈ ਇਸ ਤਕਨੀਕ ਪ੍ਰਤੀ ਉਸਾਰੂ ਸੋਚ ਲਿਆਉਣ ਦੀ ਲੋੜ ਹੈ। ਇਸ ਮਕਸਦ ਲਈ ਡਾ.ਦਲੇਰ ਸਿੰਘ ਨਾਲ 99155-96504 'ਤੇ ਰਾਬਤਾ ਕਾਇਮ ਕਰ ਸਕਦੇ ਹਾਂ।
ਡਾ.ਨਰੇਸ਼ ਕੁਮਾਰ ਗੁਲਾਟੀ
ਜ਼ਿਲ੍ਹਾ ਸਿਖਲਾਈ ਅਫ਼ਸਰ ਅਤੇ
ਡਾ.ਗੁਰਦੀਪ ਸਿੰਘ
ਟ੍ਰੇਨਿੰਗ ਅਫ਼ਸਰ ਕਪੂਰਥਲਾ