ਬੀਜ ਤੋਂ ਹੋਣ ਵਾਲੀਆਂ ਝੋਨੇ ਦੀਆਂ ਬੀਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ...

Sunday, Jun 14, 2020 - 05:32 PM (IST)

ਬੀਜ ਤੋਂ ਹੋਣ ਵਾਲੀਆਂ ਝੋਨੇ ਦੀਆਂ ਬੀਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ...

ਮਨਦੀਪ ਹੁੰਜਨ, ਜਗਜੀਤ ਲੋਰੇ ਅਤੇ ਪੀ.ਪੀ.ਐੱਸ.ਪੰਨੂ

ਝੋਨੇ ਉਤੇ ਕਈ ਤਰਾਂ ਦੇ ਜਰਾਸੀਮ ਫਸਲ ਦੇ ਵੱਖ-ਵੱਖ ਪੜਾਵਾਂ ਦੌਰਾਨ ਹਮਲਾ ਕਰਦੇ ਹਨ। ਇਹ ਜਰਾਸੀਮ ਬੀਜ ਤੋਂ ਲੈ ਕੇ ਪਨੀਰੀ ਖੇਤ ਵਿਚ ਲਾਉਣ ਸਮੇਂ ਤੇ ਬਾਅਦ ਵਿਚ ਪੌਦੇ ਦੇ ਜਾੜ ਮਾਰਨ ਅਤੇ ਦਾਣੇ ਬਣਨ ਸਮੇਂ ਫਸਲ ਵਿਚ ਬੀਮਾਰੀ ਫੈਲਾ ਕੇ ਨੁਕਸਾਨ ਕਰ ਸਕਦੇ ਹਨ। ਬੀਮਾਰੀ ਨੂੰ ਰੋਕਣ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਦੀ ਲਾਗ ਨੂੰ ਖਤਮ ਕਰੀਏ। ਝੋਨੇ ਵਿਚ ਕਈ ਬੀਮਾਰੀਆਂ ਜਿਵੇਂ ਕਿ ਭੂਰੇ ਧਬਿਆਂ ਦਾ ਰੋਗ, ਭੁਰੜ ਰੋਗ ਤੇ ਕਈ ਤਰਾਂ ਦੀਆਂ ਫੂਜੇਰੀਅਮ ਉਲੀਆਂ ਦੀ ਲਾਗ ਬੀਜ ਤੋਂ ਸ਼ੁਰੂ ਹੁੰਦੀ ਹੈ। ਇਹ ਉਲੀਆਂ ਬੀਜ ਰਾਹੀਂ ਇਕ ਸੀਜਨ ਤੋਂ ਦੂਜੇ ਸੀਜਨ ਤੱਕ ਜਾਂਦੀਆਂ ਹਨ ਅਤੇ ਝੋਨੇ ਦੀ ਪਨੀਰੀ ਵਿਚ ਅਗੇਤੀ ਲਾਗ ਲਾ ਦਿੰਦੀਆਂ ਹਨ। 

ਮਿੱਟੀ ਵਿਚ ਰਹਿਣ ਵਾਲ਼ੀਆਂ ਉਲੀਆਂ ਜਿਵੇਂ ਕਿ ਰਾਈਜਕਟੋਨੀਆ ਵੀ ਪੁੰਗਰਦੇ ਹੋਏ ਬੀਜ ਤੇ ਹਮਲਾ ਕਰ ਕੇ ਨੁਕਸਾਨ ਕਰਦੀਆਂ ਹਨ। ਇਸ ਦੇ ਨਾਲ਼-ਨਾਲ਼ ਹੀ ਇਹ ਸਾਰੇ ਜਰਾਸੀਮ ਬੀਜ ਦੇ ਪੁੰਗਾਰ ਅਤੇ ਪਨੀਰੀ ਦੇ ਵਾਧੇ ’ਤੇ ਅਸਰ ਪਾਉਂਦੇ ਹਨ। ਪ੍ਰਭਾਵਿਤ ਬੀਜ ਤੋਂ ਇਹ ਬੀਮਾਰੀਆਂ ਪਨੀਰੀ ਰਾਹੀਂ ਖੇਤ ਵਿਚ ਜਾ ਸਕਦੀਆਂ ਹਨ, ਜਿਥੇ ਇਨ੍ਹਾਂ ਦੀ ਰੋਕਥਾਮ ਕਰਨੀ ਮੁਸ਼ਕਲ ਹੋ ਸਕਦੀ ਹੈ। ਇਸ ਲਈ ਇਨ੍ਹਾਂ ਬੀਮਾਰੀਆਂ ਦੇ ਜਰਾਸੀਮਾਂ ਨੂੰ ਬੀਜ ਦੇ ਪੜਾਅ ’ਤੇ ਹੀ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸਦਾ ਸਭ ਤੋਂ ਵਧੀਆ ਤਰੀਕਾ ਬੀਜ ਦੀ ਸੋਧ ਹੈ।

ਪੜ੍ਹੋ ਇਹ ਵੀ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ

ਝੋਨੇ ਦੇ ਬੀਜ ਦੀ ਸੋਧ ਕਿਵੇਂ ਕਰੀਏ: 
ਇਕ ਏਕੜ ਲਈ 8 ਕਿਲੋ ਝੋਨੇ ਦਾ ਨਿਰੋਗ ਬੀਜ ਲਵੋ। ਬੀਜ ਨੂੰ 10 ਲਿਟਰ ਪਾਣੀ ਵਿਚ ਡੁਬਾ ਕੇ ਚੰਗੀ ਤਰਾਂ ਹਿਲਾਓ। ਜਿਹੜਾ ਹਲਕਾ ਬੀਜ ਪਾਣੀ ਉਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਬੀਜ ਨੂੰ 10-12 ਘੰਟੇ ਲਈ ਪਾਣੀ ਵਿਚ ਡੋਬਣ ਤੋਂ ਬਾਅਦ ਵਾਧੂ ਪਾਣੀ ਨਿਤਾਰ ਦਿਉ ਅਤੇ ਬੀਜ ਨੂੰ ਛਾਂਵੇਂ ਸੁਕਾ ਕੇ ਉਲੀਨਾਸ਼ਕ ਨਾਲ਼ ਸੋਧੋ। ਬੀਜ ਨੂੰ ਬੀਜਣ ਤੋਂ ਪਹਿਲਾਂ ਸਪਰਿੰਟ 75 ਡਬਲਯੂ. ਐੱਸ. (ਮੈਨਕੋਜ਼ੈਂਬ + ਕਾਰਬੈਂਡਾਜ਼ਿਮ) ਨਾਲ਼ ਸੋਧੋ। ਅਠ ਕਿਲੋ ਬੀਜ ਲਈ 24 ਗ੍ਰਾਮ ਉਲੀਨਾਸ਼ਕ ਵਰਤੋ। 24 ਗ੍ਰਾਮ ਸਪਰਿੰਟ 75 ਡਬਲਯੂ. ਐੱਸ. ਨੂੰ 80-100 ਮਿ.ਲਿ. ਪਾਣੀ ਵਿਚ ਘੋਲ਼ ਲਵੋ ਅਤੇ ਚੰਗੀ ਤਰਾਂ ਇਸ ਨੂੰ 8 ਕਿੱਲੋ ਬੀਜ ਨਾਲ਼ ਮਿਲਾ ਦਿਉ। ਇਹ ਬੀਜ ਦੀ ਸੋਧ ਸਿਧੀ ਬਿਜਾਈ ਲਈ ਵੀ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ - ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...

ਬੀਜ ਦੀ ਸੋਧ ਦੇ ਲਾਭ: 
ਬੀਜ ਦੀ ਪੁੰਗਰਨ ਸ਼ਕਤੀ ਵਧਦੀ ਹੈ, ਕਿਉਂਕਿ ਇਹ ਪੁੰਗਰਦੇ ਬੀਜ ਦੀ ਬੀਮਾਰੀਆਂ ਤੋਂ ਸੁਰਖਿਆ ਕਰਦੀ ਹੈ। ਬੀਜ ਸੋਧ ਕਰਕੇ ਪੁੰਗਾਰ ਵਿਚ 20-25% ਤਕ ਦਾ ਵਾਧਾ ਹੋ ਸਕਦਾ ਹੈ। ਖੇਤ ਵਿਚ ਉਲੀਨਾਸ਼ਕ ਵਰਤਣ ਦੇ ਮੁਕਾਬਲੇ ਇਹ ਕੀਮਤ ਪਖੋਂ ਲਾਭਦਾਇਕ ਹੈ ਕਿਉਂਕਿ ਇਸ ਵਿਚ ਘੱਟ ਉਲੀਨਾਸ਼ਕ ਲੋੜੀਂਦਾ ਹੈ। ਇਕ ਏਕੜ ਬੀਜ ਦੀ ਸੋਧ ਦੀ ਕੀਮਤ 30 ਰੁਪਏ ਤੋਂ ਵੀ ਘਟ ਹੈ। ਝੋਨੇ ਵਿਚ ਬੀਜ ਸੋਧ ਨਾਲ਼ ਬੀਜ ਉਪਰੋਂ ਬੀਮਾਰੀ ਦੀ ਅਗੇਤੀ ਲਾਗ ਨਸ਼ਟ ਹੋ ਜਾਂਦੀ ਹੈ, ਜਿਸ ਕਰਕੇ ਬਾਅਦ ਵਿਚ ਖੇਤ ਵਿਚ ਉਲੀਨਾਸ਼ਕ ਦੀ ਲੋੜ ਘਟ ਜਾਂਦੀ ਹੈ।

ਪੜ੍ਹੋ ਇਹ ਵੀ - ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਹਾੜਾ : ‘ਬਜ਼ੁਰਗ ਨਾਗਰਿਕਾਂ ਦੇ ਹਿੱਤ’

ਬਿਜਾਈ ਤੋਂ ਪਹਿਲਾਂ ਬੀਜ ਸੋਧ ਝੋਨੇ ਨੂੰ ਤੰਦਰੁਸਤ, ਬੀਮਾਰੀ ਰਹਿਤ ’ਤੇ ਜ਼ਿਆਦਾ ਝਾੜ ਦੇਣ ਵਾਲ਼ਾ ਬਣਾਉਂਦੀ ਹੈ। ਪਰ ਇਸ ਗਲ ਦੀ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿ ਉਲੀਨਾਸ਼ਕ ਦੀ ਸਹੀ ਮਾਤਰਾ ਨਾਲ਼ ਹੀ ਬੀਜ ਦੀ ਸੋਧ ਕੀਤੀ ਜਾਵੇ। ਵਧੇਰੇ ਜਾਂ ਘਟ ਉਲੀਨਾਸ਼ਕ ਦੀ ਮਾਤਰਾ ਨੁਕਸਾਨਦਾਇਕ ਹੋ ਸਕਦੀ ਹੈ।

ਪੜ੍ਹੋ ਇਹ ਵੀ - ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !


author

rajwinder kaur

Content Editor

Related News