ਰਾਜਪਾਲ ਪੰਜਾਬ, ਸ਼੍ਰੀ ਬਦਨੌਰ ਨੇ ਵੈਟਨਰੀ ਯੂਨੀਵਰਸਿਟੀ ਦੇ ਕਾਰਜ ਦੀ ਕੀਤੀ ਸ਼ਲਾਘਾ

09/20/2020 9:59:36 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸ਼੍ਰੀ ਵੀ.ਪੀ.ਸਿੰਘ ਬਦਨੌਰ, ਰਾਜਪਾਲ ਪੰਜਾਬ ਨੇ ਜਾਨਵਰਾਂ ਦੀ ਭਲਾਈ ਅਤੇ ਜਨਤਕ ਹਿਤ ਸੰਬੰਧੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਆਪਣੇ ਟਵਿੱਟਰ ਅਕਾਊਂਟ ’ਤੇ ਵਧਾਈ ਦਿੱਤੀ ਹੈ। ਸ਼੍ਰੀ ਬਦਨੌਰ ਦੇ ਟਵਿੱਟਰ ਹੈਂਡਲ ’ਤੇ ਇਹ ਸੁਨੇਹਾ ਪੋਸਟ ਕੀਤਾ ਗਿਆ ”ਮੈਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਉੱਤਰੀ ਭਾਰਤ ਵਿਚ ਬਿਮਾਰ ਅਤੇ ਜ਼ਖ਼ਮੀ ਕੁੱਤਿਆਂ ਨੂੰ ਖੂਨ, ਪਲੈਟਲੇਟਸ ਅਤੇ ਪਲਾਜ਼ਮਾ ਦੇਣ ਸੰਬੰਧੀ ਸਥਾਪਿਤ ਕੀਤੇ ਪਹਿਲੇ ਬਲੱਡ ਬੈਂਕ ਸੰਬੰਧੀ ਯੂਨੀਵਰਸਿਟੀ ਫੈਕਲਟੀ ਨੂੰ ਵਧਾਈ ਦਿੰਦਾ ਅਤੇ ਸ਼ਲਾਘਾ ਕਰਦਾ ਹਾਂ।” ਸ਼੍ਰੀ ਬਦਨੌਰ ਨੇ ਆਪਣੇ ਟਵੀਟ ਵਿਚ ਸ਼੍ਰੀ ਮੇਨਕਾ ਗਾਂਧੀ ਨੂੰ ਵੀ ਟੈਗ ਕੀਤਾ ਹੈ।

ਇਸ ਵਧਾਈ ਸੁਨੇਹੇ ਦੇ ਉਤਰ ਵਿਚ ਵੈਟਨਰੀ ਯੂਨੀਵਰਸਿਟੀ ਨੇ ਵੀ ਆਪਣੇ ਟਵਿੱਟਰ ਖਾਤੇ ਰਾਹੀਂ  ਲਿਖਿਆ ਕਿ ”ਡਾ. ਇੰਦਰਜੀਤ ਸਿੰਘ ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਅਤੇ ਸੰਪੂਰਨ ਫੈਕਲਟੀ, ਰਾਜਪਾਲ ਪੰਜਾਬ ਦੀ ਧੰਨਵਾਦੀ ਹੈ ਕਿ ਉਨ੍ਹਾਂ ਨੇ ਸੰਸਥਾ ਦੇ ਕੰਮ ਨੂੰ ਪਛਾਣਿਆ ਹੈ।ਯੂਨੀਵਰਸਿਟੀ ਨੇ ਆਪਣੀ ਪੋਸਟ ਵਿਚ ਇਹ ਵੀ ਲਿਖਿਆ ਹੈ ਕਿ ਉਹ ਪਸ਼ੂ ਪਾਲਕਾਂ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਰਹੇਗੀ।

ਇਸ ਟਵਿੱਟਰ ਸੁਨੇਹੇ ਬਾਰੇ ਗੱਲ ਕਰਦਿਆਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਰਾਜਪਾਲ ਪੰਜਾਬ, ਵੈਟਨਰੀ ਯੂਨੀਵਰਸਿਟੀ ਦੇ ਕੁਲਪਤੀ ਵੀ ਹਨ।ਇਸ ਸੰਦਰਭ ਵਿਚ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਸਿਰਮੌਰ ਮੁਖੀ ਹੋਣ ਕਾਰਣ ਅਸੀਂ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰੇ ਉਤਰ ਸਕੀਏ ਅਤੇ ਲੋਕਾਈ ਦੀ ਸੇਵਾ ਕਰ ਸਕੀਏ।ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸੇਵਾਵਾਂ ਦੀ ਹੋਰ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਾਂਗੇ।

ਡਾ. ਇੰਦਰਜੀਤ ਸਿੰਘ ਨੇ ਪੱਤਰਕਾਰ ਭਾਈਚਾਰੇ ਦੀ ਵੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪੱਤਰਕਾਰਾਂ ਦੇ ਮਾਧਿਅਮ ਨਾਲ ਹੀ ਯੂਨੀਵਰਸਿਟੀ ਦੀਆਂ ਇਸ ਤਰ੍ਹਾਂ ਦੀਆਂ ਸੂਚਨਾਵਾਂ ਬਾਹਰੀ ਦੁਨੀਆਂ ਤੱਕ ਪਹੁੰਦੀਆਂ ਹਨ ਅਤੇ ਲੋਕਾਂ ਨੂੰ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਬਾਰੇ ਪਤਾ ਲਗਦਾ ਹੈ।

‘‘ਇਥੇ ਦੱਸਣਾ ਵਰਣਨਯੋਗ ਹੈ ਕਿ ਵੈਟਨਰੀ ਯੂਨੀਵਰਸਿਟੀ ਵਿਖੇ ਇਸ ਬਲੱਡ ਬੈਂਕ ਦੀ ਸਥਾਪਨਾ ਨਾਲ ਬੀਮਾਰ ਅਤੇ ਜ਼ਖਮੀ ਕੁੱਤੇ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਜਾਨ ਬਚਾਉਣ ਵਿਚ ਮਦਦ ਮਿਲੇਗੀ।ਲੋਕ ਪਾਲਤੂ ਜਾਨਵਰਾਂ ਨੂੰ ਆਪਣੇ ਪਰਿਵਾਰ ਦੇ ਜੀਅ ਵਾਂਗ ਪਿਆਰਦੇ ਹਨ। ਇਸ ਲਈ ਪਾਲਤੂ ਜਾਨਵਰਾਂ ਦੇ ਮਾਲਕ ਵੀ ਇਸ ਸਹੂਲਤ ਸੰਬੰਧੀ ਖੁਸ਼ੀ ਮਹਿਸੂਸ ਕਰਦੇ ਹਨ।ਯੂਨੀਵਰਸਿਟੀ ਪਸ਼ੂਆਂ ਅਤੇ ਛੋਟੇ ਜਾਨਵਰਾਂ ਦੇ ਇਲਾਜ ਸੰਬੰਧੀ ਬੜੀਆਂ ਉਨੱਤ ਮਸ਼ੀਨਾਂ, ਬਿਹਤਰ ਤਕਨੀਕਾਂ ਅਤੇ ਮਾਹਿਰ ਡਾਕਟਰਾਂ ਰਾਹੀਂ ਬੜੇ ਨਿੱਗਰ ਉਪਰਾਲੇ ਕਰ ਰਹੀ ਹੈ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਹਰ ਸਾਲ 30 ਹਜ਼ਾਰ ਤੋਂ ਵਧੇਰੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ 20 ਹਜਾਰ ਤੋਂ ਵਧੇਰੇ ਛੋਟੇ ਪਾਲਤੂ ਜਾਨਵਰ ਹੁੰਦੇ ਹਨ।’’


rajwinder kaur

Content Editor

Related News