ਰਾਜਸਥਾਨ ਦੇ ਅਲਵਰ ਤੋਂ ਟਰੈਕਟਰ ਪਰੇਡ : 3000 ਤੋਂ ਵੱਧ ਵਾਹਨਾਂ ਨਾਲ ਕਿਸਾਨਾਂ ਨੇ ਕੀਤੀ ਕੂਚ

Tuesday, Jan 26, 2021 - 02:45 PM (IST)

ਰਾਜਸਥਾਨ (ਬਿਊਰੋ) - ਅਲਵਰ ਦੇ ਸ਼ਾਹਜਹਾਂਪੁਰ ਸਰਹੱਦ ਤੋਂ ਦਿੱਲੀ ਵੱਲ ਕੂਚ ਕਰਨ ਦੀ ਸ਼ੁਰੂਆਤ ਕਿਸਾਨਾਂ ਨੇ ਸਵੇਰੇ 11 ਵਜੇ ਕਰ ਦਿੱਤੀ ਸੀ। ਇਸ ਮੌਕੇ ਸਭ ਤੋਂ ਪਹਿਲਾ ਟ੍ਰੈਕਟਰ ਉਨ੍ਹਾਂ ਸ਼ਹੀਦਾਂ ਦੇ ਨਾਮ 'ਤੇ ਸਾਹਮਣੇ ਆਇਆ, ਜੋ ਇਸ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਦੂਜੇ ਕਿਸਾਨਾਂ ਦੇ ਟਰੈਕਟਰ ਸਰਹੱਦ ਤੋਂ ਲੰਘੇ। ਦੁਪਹਿਰ ਤੱਕ 3000 ਤੋਂ ਜ਼ਿਆਦਾ ਵਾਹਨ ਮਾਨੇਸਰ ਲਈ ਰਵਾਨਾ  ਹੋ ਚੁੱਕੇ ਹਨ। ਪਰੇਡ ਵਿਚ ਟਰੈਕਟਰਾਂ ਨਾਲੋਂ ਵਧੇਰੇ ਜੀਪਾਂ ਅਤੇ ਕਾਰਾਂ ਸ਼ਾਮਲ ਹਨ। ਹਰਿਆਣਾ ਪੁਲਸ ਜੈਪੁਰ-ਦਿੱਲੀ ਹਾਈਵੇ ਤੋਂ ਇਕ-ਇਕ ਟਰੈਕਟਰ ਨੂੰ ਅੱਗੇ ਜਾਣ ਦੇ ਰਹੀ ਹੈ। ਜ਼ਿਆਦਾਤਰ ਵਾਹਨਾਂ ’ਤੇ ਤਿਰੰਗੇ ਅਤੇ ਕਿਸਾਨ ਯੂਨੀਅਨ ਦੇ ਝੰਡੇ ਲੱਗੇ ਹੋਏ ਹਨ। ਨਾਲ ਹੀ ਦੇਸ਼ ਭਗਤੀ ਦੇ ਗਾਣੇ ਵੀ ਸੁਣਾਈ ਦੇ ਰਹੇ ਹਨ। 

ਜ਼ਰੂਰੀ ਗੱਲਾਂ
. ਸ਼ਾਹਜਹਾਨਪੁਰ ਸਰਹੱਦ ਤੋਂ ਸ਼ੁਰੂਆਤ ’ਚ ਕੱਢੇ ਗਏ ਕਿਸਾਨ ਮਨੇਸਰ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਪਹੁੰਚ ਗਏ ਹਨ ਪਰ ਅੱਗੇ ਜਾਮ ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸ਼ਾਹਜਹਾਨਪੁਰ ਸਰਹੱਦ ਤੋਂ ਰਵਾਨਾ ਹੋਏ ਕਿਸਾਨ ਉਸੇ ਜਾਮ ਵਿੱਚ ਫਸੇ ਹਨ। 

. RLP ਦੇ ਸੰਸਦ ਮੈਂਬਰ ਹਨੂਮਾਨ ਬੈਨੀਵਾਲ ਦੁਪਹਿਰ 1.40 ਵਜੇ ਤਕਰੀਬਨ 60 ਟਰੈਕਟਰਾਂ ਦੇ ਜੱਥੇ ਨਾਲ ਸ਼ਾਹਜਹਾਂਪੁਰ ਸਰਹੱਦ ਪਹੁੰਚੇ। ਜਦੋਂ ਉਹ ਇਥੇ ਪਹੁੰਚੇ, ਉਸ ਸਮੇਂ ਪਰੇਡ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਕਿਸਾਨ ਸਰਹੱਦ ਪਾਰ ਕਰ ਚੁੱਕੇ ਸਨ।

. ਸ਼ਾਹਜਹਾਨਪੁਰ ਸਰਹੱਦ ’ਚ ਹਾਈਵੇਅ ’ਤੇ ਕਰੀਬ 3 ਕਿਲੋਮੀਟਰ ਤੱਕ ਕਿਸਾਨਾਂ ਦੇ ਟੈਂਟ ਲੱਗੇ ਹੋਏ ਸਨ। ਉਨ੍ਹਾਂ ’ਚ ਅੱਜੇ ਵੀ ਬਜ਼ੁਰਗ ਕਿਸਾਨ ਬੈਠੇ ਹੋਏ ਹਨ। ਪਰੇਡ ’ਚ ਜ਼ਿਆਦਾਤਰ ਨੌਜਵਾਨ ਕਿਸਾਨ ਗਏ ਹੋਏ ਹਨ।

. ਇਕ ਟਰੈਕਟਰ ’ਤੇ 5-7 ਲੋਕ ਬੈਠੇ ਹੋਏ ਹਨ। ਜੀਪਾਂ ਅਤੇ ਕਾਰਾਂ ਵੀ ਸ਼ਾਮਲ ਹਨ। ਫਿਲਹਾਲ ਪੁਲਸ ਕਿਸੇ ਨੂੰ ਨਹੀਂ ਰੋਕ ਰਹੀ, ਜਦੋਂਕਿ, ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 1500 ਟਰੈਕਟਰਾਂ ਅਤੇ ਇਕ ਟਰੈਕਟਰ ’ਤੇ 3 ਲੋਕਾਂ ਨੂੰ ਬੈਠਣ ਦੀ ਇਜ਼ਾਜਤ ਦਿੱਤੀ ਸੀ। 

. ਕਿਸਾਨਾਂ ਦਾ ਵੱਡਾ ਕੂਚ ਸਵੇਰੇ 11 ਵਜੇ ਸ਼ੁਰੂ ਹੋਇਆ ਪਰ ਕੁਝ ਜੱਥੇ ਪਹਿਲਾਂ ਹੀ ਜੈਪੁਰ-ਦਿੱਲੀ ਹਾਈਵੇ ਤੋਂ ਸਰਹੱਦ ਵੱਲ ਚਲੇ ਗਏ ਸਨ। ਪੁਲਸ ਕਿਸੇ ਨੂੰ ਵੀ ਸਰਹੱਦ ਪਾਰ ਕਰਨ ਤੋਂ ਰੋਕ ਨਹੀਂ ਸੀ ਰਹੀ।

. ਪੂਰੀ ਪਰੇਡ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਝੰਡਾ ਨਹੀਂ ਵੇਖਿਆ ਗਿਆ। ਇਸ ਦਾ ਕਾਰਨ ਇਹ ਹੈ ਕਿ ਕਿਸਾਨ ਨੇਤਾਵਾਂ ਨੇ ਪਹਿਲਾਂ ਹੀ ਸਿਆਸੀ ਪਾਰਟੀਆਂ ਨੂੰ ਪਰੇਡ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ।

ਸ਼ਾਹਜਹਾਂਪੁਰ ਤੋਂ 65 ਕਿਲੋਮੀਟਰ ਦੂਰ ਮਨੇਸਰ ਜਾਣ ਦੀ ਇਜਾਜ਼ਤ
ਹਰਿਆਣਾ ਪੁਲਸ ਨੇ ਸ਼ਾਹਜਹਾਂਪੁਰ ਸਰਹੱਦ ਤੋਂ ਜਾਣ ਵਾਲੇ ਕਿਸਾਨਾਂ ਨੂੰ 65 ਕਿਲੋਮੀਟਰ ਦੂਰ ਮਨੇਸਰ ਜਾਣ ਦੀ ਆਗਿਆ ਦਿੱਤੀ ਹੈ। ਯਾਨੀ ਜੈਪੁਰ-ਦਿੱਲੀ ਹਾਈਵੇ ’ਤੇ ਦਿੱਲੀ ਤੋਂ 50 ਕਿਲੋਮੀਟਰ ਪਹਿਲਾਂ ਸ਼ਾਹਜਹਾਂਪੁਰ ਸਰਹੱਦ ਤੋਂ ਲੰਘ ਰਹੇ ਕਿਸਾਨਾਂ ਨੂੰ ਰੋਕਿਆ ਜਾਵੇਗਾ।

ਦੱਸ ਦੇਈਏ ਕਿ ਸ਼ਾਹਜਹਾਨਪੁਰ ਸਰਹੱਦ 'ਤੇ ਰਾਜਸਥਾਨ, ਹਰਿਆਣਾ, ਗੁਜਰਾਤ ਅਤੇ ਮਹਾਰਾਸ਼ਟਰ ਦੇ 8,000 ਤੋਂ ਵੱਧ ਕਿਸਾਨ ਇਕੱਠੇ ਹੋਏ ਹਨ। ਇਥੇ ਆਉਣ ਵਾਲੇ ਕਿਸਾਨਾਂ ਦਾ ਸਿਲਸਿਲਾ ਦੇਰ ਰਾਤ ਨੂੰ ਹੀ ਸ਼ੁਰੂ ਹੋ ਗਿਆ ਸੀ। ਸ਼ਾਹਜਹਾਨਪੁਰ ਸਰਹੱਦ 'ਤੇ ਸਵੇਰੇ ਭੋਜਨ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਭੋਜਨ ਗ੍ਰਹਿਣ ਕਰਨ ਤੋਂ ਬਾਅਦ ਦਿੱਲੀ ਵੱਲ ਕੂਚ ਕਰਨੀ ਸ਼ੁਰੂ ਕਰ ਦਿੱਤੀ।


rajwinder kaur

Content Editor

Related News