ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

Monday, Jul 13, 2020 - 11:24 AM (IST)

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਗੁਰਦਾਸਪੁਰ (ਹਰਮਨਪ੍ਰੀਤ) - ਗਲੋਬਲ ਵਾਰਮਿੰਗ ਸਮੇਤ ਹੋਰ ਕਈ ਤਰ੍ਹਾਂ ਦੇ ਕੁਦਰਤੀ ਵਰਤਾਰਿਆਂ ਨੇ ਜਿਥੇ ਸਾਡੀ ਜ਼ਿੰਦਗੀ, ਪੌਣ-ਪਾਣੀ ਅਤੇ ਬਨਸਪਤੀ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਉਸ ਦੇ ਨਾਲ ਹੀ ਕੁਦਰਤ ਨਾਲ ਤੇਜ਼ੀ ਨਾਲ ਕੀਤੀ ਜਾ ਰਹੀ ਛੇੜਛਾੜ ਨੇ ਪਿਛਲੇ ਕਰੀਬ 10 ਸਾਲਾਂ ਦੌਰਾਨ ਪੰਜਾਬ ਵਿਚ ਆਉਣ ਵਾਲੀਆਂ ਮਾਨਸੂਨਾਂ ਪੌਣਾ ’ਤੇ ਵੀ ਵੱਡਾ ਅਸਰ ਪਾਇਆ ਹੈ। ਇਸ ਮਾਮਲੇ ਵਿਚ ਬੇਹੱਦ ਚਿੰਤਾਜਨਕ ਅਤੇ ਲੋਕਾਂ ਨੂੰ ਸਬਕ ਦੇਣ ਵਾਲੀ ਗੱਲ ਇਹ ਰਹੀ ਹੈ ਕਿ 2009 ਤੋਂ 2019 ਤੱਕ ਸਿਰਫ ਇਕ ਵਾਰ ਪੰਜਾਬ ਅੰਦਰ ਆਮ ਨਾਲੋਂ ਸਿਰਫ 7 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ ਜਦੋਂ ਕਿ 9 ਸਾਲਾਂ ਦੌਰਾਨ ਜ਼ਰੂਰਤ ਤੋਂ ਘੱਟ ਬਾਰਿਸ਼ ਹੋਣ ਕਾਰਣ ਸੂਬੇ ਦੇ ਕਿਸਾਨ ਫਸਲਾਂ ਦੀ ਸਿੰਚਾਈ ਲਈ ਜ਼ਿਆਦਾਤਰ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੁੰਦੇ ਰਹੇ ਹਨ। ਇਸ ਸਾਲ ਵੀ ਹੁਣ ਜਦੋਂ ਮਾਨਸੂਨ ਦਾ ਸੀਜਨ ਚਲ ਰਿਹਾ ਹੈ ਤਾਂ ਪੰਜਾਬ ਅੰਦਰ ਮਾਨਸੂਨ ਪੌਣਾ ਅਜੇ ਵੀ ਉਮੀਦ ਅਤੇ ਭਵਿੱਖਬਾਣੀਆਂ ਦੇ ਮੁਤਾਬਿਕ ਆਪਣਾ ਰੰਗ ਨਹੀਂ ਦਿਖਾ ਸਕੀਆਂ।

ਮਾਨਸੂਨ ਦੇ ਮੌਜੂਦਾ ਸੀਜਨ ਦੀ ਸਥਿਤੀ
1 ਜੂਨ ਤੋਂ ਹੁਣ ਤੱਕ ਪੰਜਾਬ ਅੰਦਰ 109.09 ਐੱਮ.ਐੱਮ. ਬਾਰਿਸ਼ ਤੋਂ 20 ਫੀਸਦੀ ਜ਼ਿਆਦਾ 131.6 ਐੱਮ.ਐੱਮ. ਬਾਰਿਸ਼ ਪੈ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਰ ਇਸ ਤੋਂ ਪਹਿਲਾਂ, ਜਿਸ ਢੰਗ ਨਾਲ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰਦੂਸ਼ਣ ਘੱਟ ਰਿਹਾ ਸੀ ਅਤੇ ਬਦਲੇ ਹੋਏ ਵਾਤਾਵਰਣ ਸਮੇਤ ਕਈ ਕਾਰਨਾਂ ਦੇ ਚਲਦਿਆਂ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ, ਉਸ ਮੁਤਾਬਕ ਅਜੇ ਵੀ ਉੱਤਰੀ ਭਾਰਤ ਅੰਦਰ ਮਾਨਸੂਨ ਦੀ ਸਥਿਤੀ ਕਾਫੀ ਕਮਜੋਰ ਦਿਖਾਈ ਦੇ ਰਹੀ ਹੈ।

ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’

ਕੀ ਸਥਿਤੀ ਸੀ ਪਿਛਲੇ ਸਾਲ ’ਚ ਮਾਨਸੂਨ ਦੀ?
ਪਿਛਲੇ ਸਾਲ ਪੰਜਾਬ ਅੰਦਰ ਔਸਤਨ 467.3 ਐੱਮ.ਐੱਮ. ਬਾਰਿਸ਼ ਦੇ ਮੁਕਾਬਲੇ 7 ਫੀਸਦੀ ਘੱਟ (433.6 ਐੱਮ.ਐੱਮ.) ਬਾਰਿਸ਼ ਹੋਈ ਸੀ ਜਿਸ ਦੌਰਾਨ ਪੰਜਾਬ ਦੇ 6 ਜ਼ਿਲਿਆਂ ਵਿਚ ਬਾਰਿਸ਼ ਦੀ ਸਥਿਤੀ ਨਾਰਮਲ ਸੀ, ਜਦੋਂਕਿ 8 ਜ਼ਿਲਿਆਂ ’ਚ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਸੀ। ਪੰਜਾਬ ਦੇ ਕਪੂਰਥਲਾ ਵਿਚ 125 ਫੀਸਦੀ ਜ਼ਿਆਦਾ ਬਾਰਿਸ਼ ਹੋਈ ਸੀ, ਜਦੋਂਕਿ ਪਟਿਆਲਾ ਵਿਚ 35 ਫੀਸਦੀ ਅਤੇ ਬਠਿੰਡਾ ਵਿਚ 20 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਸੀ।

2018 ’ਚ ਕੀ ਸੀ ਬਾਰਿਸ਼ ਦੀ ਸਥਿਤੀ
ਪੰਜਾਬ ਅੰਦਰ 2018 ਦੌਰਾਨ ਆਮ ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਸੀ, ਜਿਸ ਦੌਰਾਨ ਸੂਬੇ ਅੰਦਰ ਔਸਤਨ 491.5 ਐੱਮ.ਐੱਮ. ਦੇ ਮੁਕਾਬਲੇ 527.4 ਐੱਮ.ਐੱਮ. ਬਾਰਿਸ਼ ਹੋਈ ਸੀ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ

2017 ਦੌਰਾਨ 9 ਜ਼ਿਲਿਆਂ ’ਚ ਘੱਟ ਹੋਈ ਬਾਰਿਸ਼
ਸਾਲ 2017 ਦੌਰਾਨ ਪੰਜਾਬ ਵਿਚ ਔਸਤਨ 491.9 ਐੱਮ.ਐੱਮ. ਦੇ ਮੁਕਾਬਲੇ 386.3 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਸੀ। ਉਸ ਮੌਕੇ ਪੰਜਾਬ ਦੇ 9 ਜ਼ਿਲਿਆਂ ’ਚ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਸੀ ਜਿਸ ਵਿਚ ਫਿਰੋਜ਼ਪੁਰ ਅਜਿਹਾ ਜ਼ਿਲਾ ਸੀ, ਜਿਥੇ 83 ਫੀਸਦੀ ਘੱਟ ਬਾਰਿਸ਼ ਹੋਈ ਸੀ। ਪੰਜਾਬ ਦੀਆਂ 56 ਤਹਿਸੀਲਾਂ ਵਿਚੋਂ 52 ਤਹਿਸੀਲਾਂ ਵਿਚ ਬਾਰਿਸ਼ ਘੱਟ ਹੋਈ ਸੀ।

2016 ’ਚ 29 ਫੀਸਦੀ ਘਾਟ
ਸਾਲ 2016 ਦੌਰਾਨ ਸੂਬੇ ਅੰਦਰ 29 ਫੀਸਦੀ ਘੱਟ ਬਾਰਿਸ਼ ਹੋਈ ਸੀ, ਜਿਸ ਦੌਰਾਨ ਸੂਬੇ ਅੰਦਰ 491.5 ਐੱਮ.ਐਮ. ਦੇ ਮੁਕਾਬਲੇ ਸਿਰਫ 351.9 ਐੱਮ.ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਸੀ। ਪੰਜਾਬ ਦੀਆਂ 53 ਤਹਿਸੀਲਾਂ ਵਿਚ ਆਮ ਦੇ ਮੁਕਾਬਲੇ ਘੱਟ ਬਾਰਿਸ਼ ਦਰਜ ਕੀਤੀ ਗਈ ਸੀ, ਜਿਸ ਤਹਿਤ ਫਿਰੋਜ਼ਪੁਰ ਜ਼ਿਲੇ ਅੰਦਰ ਸਭ ਤੋਂ ਘੱਟ ਬਾਰਿਸ਼ ਹੋਈ ਸੀ।

ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ 

2015 ਦੌਰਾਨ 31 ਫੀਸਦੀ ਘੱਟ ਹੋਈ ਬਾਰਿਸ਼
ਸਾਲ 2015 ਦੌਰਾਨ ਬਾਰਿਸ਼ ਦੀ ਸਥਿਤੀ ਕੋਈ ਵਧੀਆ ਨਹੀਂ ਸੀ, ਕਿਉਂਕਿ ਉਸ ਮੌਕੇ ਪੰਜਾਬ ਅੰਦਰ ਔਸਤਨ 491.5 ਐੱਮ.ਐਮ. ਬਾਰਿਸ਼ ਦੀ ਲੋੜ ਦੇ ਮੁਕਾਬਲੇ ਸਿਰਫ 358 ਐੱਮ.ਐਮ. ਬਾਰਿਸ਼ ਹੋਣ ਕਾਰਣ ਸੀਜਨ ਵਿਚ 31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਸ ਸਾਲ ਦੌਰਾਨ ਪੰਜਾਬ ਦੀਆਂ ਸਿਰਫ 7 ਤਹਿਸੀਲਾਂ ਵਿਚ ਨਾਰਮਲ ਬਾਰਿਸ਼ ਹੋਈ ਸੀ, ਜਦੋਂਕਿ 49 ਤਹਿਸੀਲਾਂ ਵਿਚ ਬਹੁਤ ਘੱਟ ਬਾਰਿਸ਼ ਦਰਜ ਕੀਤੀ ਗਈ।

2009 ਤੋਂ 2014 ਤੱਕ ਦੀ ਸਥਿਤੀ
ਸਾਲ 2009 ਤੋਂ 2014 ਤੱਕ ਕਿਸੇ ਇਕ ਵੀ ਸਾਲ ਦੌਰਾਨ ਪੰਜਾਬ ’ਚ ਨਾਰਮਲ ਦੇ ਮੁਕਾਬਲੇ ਜ਼ਿਆਦਾ ਬਾਰਿਸ਼ ਨਹੀਂ ਹੋਈ। ਇਥੋਂ ਤੱਕ ਕਿ ਸਾਲ 2012 ਦੌਰਾਨ ਤਾਂ ਇਕ ਤਰ੍ਹਾਂ ਨਾਲ ਸੋਕੇ ਵਰਗੇ ਹਾਲਾਤ ਸਨ, ਕਿਉਂਕਿ ਉਸ ਮੌਕੇ ਸੂਬੇ ਦੇ ਬਹੁ ਗਿਣਤੀ ਜ਼ਿਲੇ ਸੁੱਕੇ ਹੀ ਰਹਿ ਗਏ ਸਨ। ਉਸ ਸਾਲ ਕਰੀਬ 45 ਫੀਸਦੀ ਘੱਟ ਬਾਰਿਸ਼ ਹੋਈ ਸੀ, ਜਦੋਂ ਕਿ ਸਾਲ 2009 ਦੌਰਾਨ ਪੰਜਾਬ ਅੰਦਰ ਕਰੀਬ 40 ਫੀਸਦੀ ਘੱਟ ਬਾਰਿਸ਼ ਰਿਕਾਰਡ ਕੀਤੀ ਗਈ। 2010 ਵਿਚ ਕਰੀਬ 24 ਫੀਸਦੀ, 2011 ਵਿਚ ਕਰੀਬ 20 ਫੀਸਦੀ, 2013 ਵਿਚ 10 ਫੀਸਦੀ, 2014 ਵਿਚ 40 ਫੀਸਦੀ ਘੱਟ ਬਾਰਿਸ਼ ਹੋਈ ਸੀ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਕੀ ਕਹਿਣਾ ਹੈ ਮੌਸਮ ਵਿਗਿਆਨੀਆਂ ਦਾ
ਚੰਡੀਗੜ ਸਥਿਤ ਮੌਸਮ ਵਿਭਾਗ ਦੇ ਕੇਂਦਰ ਇੰਚਾਰਜ ਸੁਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਕਰੀਬ 10 ਸਾਲਾਂ ਦੌਰਾਨ ਉੱਤਰੀ ਭਾਰਤ ਵਿਚ ਮਾਨਸੂਨ ਦੀ ਸਥਿਤੀ ਕਾਫੀ ਕਮਜ਼ੋਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪਿਛਲੇ 2 ਸਾਲ ਹੀ ਸਥਿਤੀ ਵਿਚ ਕੁਝ ਸੁਧਾਰ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਪੌਣਾ ਦਾ ਕਮਜੋਰ ਅਤੇ ਮਜਬੂਤ ਹੋਣ ਦੇ ਬਹੁਤ ਸਾਰੇ ਕਾਰਣ ਜ਼ਿੰਮੇਵਾਰ ਹੁੰਦੇ ਹਨ। ਪਰ ਲੋਕਾਂ ਅਤੇ ਕਿਸਾਨਾਂ ਨੂੰ ਕੁਦਰਤ ਨਾਲ ਪਿਆਰ ਕਰਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਛੇੜਛਾੜ, ਰੁੱਖਾਂ ਦੀ ਕਟਾਈ, ਖੇਤਾਂ ਵਿਚ ਵਰਤੇ ਜਾ ਰਹੇ ਜ਼ਹਿਰੀਲੇ ਪਦਾਰਥ, ਫੈਕਟਰੀਆਂ ਦਾ ਪ੍ਰਦੂਸ਼ਣ ਸਮੇਤ ਅਨੇਕਾਂ ਅਜਿਹੀਆਂ ਸਮੱਸਿਆਵਾਂ ਹਨ, ਜੋ ਕੁਦਰਤੀ ਸੰਤੁਲਨ ਨੂੰ ਵਿਗਾੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨਸਾਨ ਦਾ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਜੇਕਰ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ, ਇਸ ਨੂੰ ਰੀਚਾਰਜ ਕਰਨ ਲਈ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਖਾਸ ਤੌਰ ’ਤੇ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।

ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ


author

rajwinder kaur

Content Editor

Related News