5 ਲੱਖ ਤੱਕ ਦੀ ਮੈਡੀਕਲ ਸਹਾਇਤਾ ਦਾ ਆਊਸ਼ਮਾਨ ਭਾਰਤ ਕਾਰਡ ਤੁਹਾਡੇ ਘਰ ਪਹੁੰਚੇਗਾ...
Monday, Jul 20, 2020 - 04:33 PM (IST)
ਭਾਰਤ ਸਰਕਾਰ ਦੀ ਆਊਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ ਕਿਸਾਨਾਂ ਲਈ ਮੁੱਖ ਮੰਤਰੀ ਸਾਹਿਬ ਨੇ ਇਸ ਯੋਜਨਾ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਤਿੰਨ ਸਟੇਪ ਹਨ..
. ਪਹਿਲਾ ਤੁਸੀਂ ਆਪਣੇ ਆੜ੍ਹਤੀਏ ਕੋਲ ਜਾਣਾ ਹੈ ਅਤੇ ਇਸ ਸਾਲ ਵੇਚੀ ਕਣਕ/ਜਿਣਸ ਦਾ ਜੇ ਫਾਰਮ ਪ੍ਰਾਪਤ ਕਰਨਾ ਹੈ। ਗੰਨੇ ਵਾਲੇ ਕਿਸਾਨ ਇਸ ਸੀਜ਼ਨ ਦੀ ਪਰਚੀ ਦਾ, ਜੇ ਫਾਰਮ ਦੀ ਜਗ੍ਹਾ ਇਸਤੇਮਾਲ ਕਰ ਸਕਦੇ ਹਨ..
. ਦੂਜਾ ਤੁਸੀਂ ਆਪਣੇ ਆੜ੍ਹਤੀ/ਮਾਰਕੀਟ ਕਮੇਟੀ ਦੇ ਸਕੱਤਰ/ਕਿਸੇ ਕਮਿਊਨਿਟੀ ਸਰਵਿਸ ਸੈਂਟਰ ਤੋਂ ਹਲਫੀਆ ਬਿਆਨ ਵਾਲਾ ਫਾਰਮ ਪ੍ਰਾਪਤ ਕਰਨਾ ਹੈ..
. ਤੀਜਾ ਇਸ ਫਾਰਮ ਵਿਚ ਮੰਗੇ ਵੇਰਵੇ ਨੂੰ ਭਰਕੇ ਅਤੇ ਜੇ ਫਾਰਮ/ਗੰਨਾ ਪਰਚੀ ਦਾ ਨੰਬਰ+ਡਿਟੇਲ ਭਰਕੇ ਆਪਣੇ ਆੜਤੀ ਕੋਲੋਂ ਤਸਦੀਕ ਕਰਵਾ ਕੇ ਨਾਲ ਆਧਾਰ ਕਾਰਡ ਦੀ ਅਤੇ ਜੇ ਫਾਰਮ/ ਗੰਨਾ ਪਰਚੀ ਦੀ ਫੋਟੋ ਕਾਪੀ ਲਗਾ ਕੇ ਆਪਣੇ ਆੜਤੀ ਰਾਹੀਂ ਜਾਂ ਸਿੱਧਾ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਜਮਾਂ ਕਰਵਾਉਣੀ ਹੈ..
ਪੰਜ ਲੱਖ ਤੱਕ ਦੀ ਮੈਡੀਕਲ ਸਹਾਇਤਾ ਦਾ ਆਊਸ਼ਮਾਨ ਭਾਰਤ ਕਾਰਡ ਤੁਹਾਡੇ ਘਰ ਪਹੁੰਚੇਗਾ..
ਦਰਅਸਲ ਇਸ ਯੋਜਨਾ ’ਚ ਪੰਜਾਬ ਸਰਕਾਰ ਦਾ ਪਿਛਲੇ ਸਾਲ ਹੀ ਤਕਰੀਬਨ ਦੋ ਕਰੋੜ ਕਾਰਡ ਬਣਾਉਣ ਦਾ ਟੀਚਾ ਸੀ ਪਰ ਚਾਲੀ ਕੁ ਲੱਖ ਕਾਰਡ ਹੀ ਬਣੇ ਸਨ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸੀ ਐੱਸ ਸੀ ਦੇ ਮੁੰਡਿਆਂ ਨੂੰ ਪਿੰਡਾਂ ’ਚ ਹੀ ਸੱਦ ਕੇ ਕਾਫੀ ਕਾਰਡ ਬਣਵਾਏ ਸਨ। ਸੋ ਜਿਨ੍ਹਾਂ ਦਾ ਪਿਛਲੇ ਸਾਲ ਦਾ ਇਹ ਕਾਰਡ ਬਣਿਆ ਹੋਇਆ ਉਹ ਦੁਬਾਰਾ ਬਣਾਉਣ ’ਚ ਸਮਾਂ ਬਰਬਾਦ ਨਾ ਕਰਨ, ਕਿਉਂਕਿ ਇਹ ਸਾਰਾ ਸਿਸਟਮ ਆਧਾਰ ਕਾਰਡ ਨਾਲ ਆਨਲਾਈਨ ਜੁੜਿਆ ਹੋਣ ਕਰਕੇ ਦੋਹਰਾ ਕਾਰਡ ਬਣ ਹੀ ਨਹੀਂ ਸਕਦਾ। ਇਸ ਲਈ ਖੇਤੀ ਨਾਲ ਸਬੰਧਿਤ ਬੰਦੇ, ਜਿਨ੍ਹਾਂ ਦਾ ਇਹ ਕਾਰਡ ਪਹਿਲਾਂ ਨਹੀਂ ਬਣਿਆ ਉਹ ਹੀ ਬਣਵਾਉਣ।
ਇਸ ਕਾਰਡ ਦੀ ਜ਼ਰੂਰਤ ਪੈਣ ਸਮੇਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਵਰਤੋਂ ਸਮੇਂ ਵੀ ਸਤਰਕ ਰਹਿਣ ਦੀ ਜਰੂਰਤ ਹੈ। ਇਸ ਦੀ ਪ੍ਰਤਿ ਦਿਨ ਵਰਤੋਂ ਦੀ ਲਿਮਿਟ ਵੀ ਸਰਕਾਰ ਦੁਆਰਾ ਨਿਸ਼ਚਿਤ ਹੈ। ਸਾਨੂੰ ਇਸਦਾ ਗਿਆਨ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਮਾਮੂਲੀ ਬੀਮਾਰੀ ਲਈ ਇਹ ਲਿਮਿਟ ਰਾਸ਼ੀ ਬਰਬਾਦ ਕਰ ਲਈਏ, ਇਲਾਜ ਦੌਰਾਨ ਜੇ ਤੁਹਾਡਾ ਖਰਚਾ ਪੰਜ ਲੱਖ ਤੋਂ ਵੱਧ ਗਿਆ ਤਾਂ ਉਹ ਪੈਸੇ ਜੇਬ ’ਚੋਂ ਦੇਣੇ ਪੈਣਗੇ।
ਤੁਹਾਡੇ ਦੁਆਰਾ ਦਿੱਤੇ ਟੈਕਸ ’ਚੋਂ ਇਹ ਇਕ ਕਿਸਮ ਦੀ ਮੈਡੀਕਲ ਸਕਿਓਰਟੀ ਹੈ, ਜਿਸਦਾ ਇਸਤੇਮਾਲ ਸਿਆਣਪ ਅਤੇ ਗੰਭੀਰ ਐੱਮਰਜੰਸੀ/ਰੋਗ ’ਚ ਕਰਨ ਦੀ ਲੋੜ ਹੈ।
ਸਾਡੇ ਪੰਜਾਬੀ ਲੋਕ ਕਾਗਜ਼ਾਂ ਪੱਤਰਾਂ ਅਤੇ ਸਰਕਾਰੀ ਮੈਡੀਕਲ ਸਕੀਮਾਂ ਬਾਰੇ ਕਿੰਨੇ ਅਣਜਾਣ ਹਨ। ਇਸਦੀ ਮਿਸਾਲ ਵੇਖਣੀ ਹੋਵੇ ਤਾਂ ਪੀ ਜੀ ਆਈ ਚੰਡੀਗੜ ਵਿੱਚ ਵੇਖ ਸਕਦੇ ਹੋ। ਇਥੇ ਸਾਰਾ ਇਲਾਜ ਮੁਫਤ ਹੈ ਅਤੇ ਮਰੀਜ਼ ਦੇ ਨਾਲ ਨਾਲ ਇਕ ਅਟੈਡੈਂਟ ਦਾ ਰਾਸ਼ਨ ਪਾਣੀ ਅਤੇ ਰਿਹਾਇਸ਼ ਵੀ ਸਰਕਾਰ ਦਿੰਦੀ ਹੈ। ਪੀ.ਜੀ.ਆਈ ਦੇ ਅੰਦਰ ਗੁਰਦੁਆਰਾ ਸਾਹਿਬ ਅਤੇ ਸਰਾਂ ਬਣੀ ਹੋਈ ਹੈ। ਪੱਕਾ ਲੰਗਰ ਹੈ। ਇਸ ਤੋਂ ਇਲਾਵਾ ਬਾਹਰ ਵੀ ਸਥਾਨਿਕ ਗੁਰਦੁਆਰਿਆਂ ਵੱਲੋਂ ਸਥਾਈ ਰੂਪ ’ਚ ਦੋ ਲੰਗਰ ਚੱਲਦੇ ਹਨ ਜਿਨ੍ਹਾਂ ਵਿੱਚ ਰੋਗੀਆਂ/ਸਹਾਇਕਾਂ ਲਈ ਫਲ ਫਰੂਟ, ਦੁੱਧ, ਬਰੈਡ, ਖੀਰ, ਖਿਚੜੀ ਆਦਿ ਦਾ ਪੌਸ਼ਟਿਕ ਭੋਜਨ ਮਿਲਦਾ ਹੈ।
ਪਰ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਫਾਇਦਾ ਪੰਜਾਬ ਦੇ ਪੰਜ ਫੀਸਦੀ ਲੋਕ ਹਾਸਿਲ ਨਹੀਂ ਕਰ ਪਾਉਂਦੇ, ਕਿਉਂਕਿ ਲੋੜੀਦੇ ਕਾਗਜ਼ ਪੂਰੇ ਨਾਲ ਨਹੀਂ ਲੈ ਕੇ ਜਾਂਦੇ ਪਰ ਦੂਜੇ ਸੂਬਿਆਂ ਦੇ ਲੋਕ ਬਹੁਤ ਦੂਰ-ਦੂਰ ਤੋਂ ਆਕੇ ਮੁਫਤ ਇਲਾਜ ਦਾ ਫਾਇਦਾ ਉਠਾ ਰਹੇ ਹਨ। ਇਥੋਂ ਤੱਕ ਕਿ ਏਮਜ਼ ’ਚ ਜਗਾ ਨਾ ਮਿਲਣ ’ਤੇ ਵੀ ਲੋਕ ਚੰਡੀਗੜ੍ਹ ਦਾ ਰੁਖ ਕਰ ਲੈਂਦੇ ਹਨ। ਮੇਰਾ ਇਹ ਵੀ ਮਤਲਬ ਨਹੀਂ ਕਿ ਦੂਜੇ ਸੂਬਿਆਂ ਦੇ ਲੋਕਾਂ ਨੂੰ ਇਥੇ ਇਲਾਜ ਨਹੀਂ ਮਿਲਣਾ ਚਾਹੀਦਾ ਪਰ ਜਿਨ੍ਹਾਂ ਲਈ ਅਤੇ ਜਿਨ੍ਹਾਂ ਦੀ ਜ਼ਮੀਨ ਉੱਤੇ ਇਹ ਅਦਾਰਾ ਬਣਿਆ ਹੈ, ਉਨ੍ਹਾਂ ਦੀ ਪਹਿਲ ਹੁੰਦੀ ਹੈ..
ਹੁਣ ਜੇ ਬਾਕੀ ਸੂਬਿਆਂ ਦੇ ਲੋਕ ਬੀ.ਪੀ.ਐੱਲ ਕਾਰਡ, ਰਾਸ਼ਨ ਕਾਰਡ, ਅਧਾਰ ਕਾਰਡ, ਤਾਮਰ ਪੱਤਰ, ਆਉਸ਼ਮਾਨ ਭਾਰਤ ਕਾਰਡ ਜਾਂ ਕਿਸੇ ਹੋਰ ਸਰਕਾਰੀ ਸਕੀਮ ਦਾ ਕਾਗਜ਼ ਪੱਤਰ ਨਾਲ ਲੈਕੇ ਚੱਲਦੇ ਹਨ ਤਾਂ ਪੰਜਾਬੀਆਂ ਨੂੰ ਕਿਉਂ ਨਹੀਂ ਏਨੇ ਸਿਆਣੇ ਬਣਨਾ ਚਾਹੀਦਾ।
ਹਾਂ ਇਕ ਜਰੂਰੀ ਗੱਲ ਹੋਰ..ਮੰਨ ਲਓ ਕਿ ਤੁਹਾਡੇ ਕੋਲ ਉਪਰੋਕਤ ਕੋਈ ਵੀ ਕਾਰਡ ਜਾਂ ਕਾਗਜ਼ ਪੱਤਰ ਨਹੀ ਹੈ ਤਾਂ ਵੀ ਤੁਸੀਂ ਪੀ.ਜੀ.ਆਈ ਦੀ "ਪੂਅਰ ਫਰੀ ਯੋਜਨਾ " ਚ ਮੁਫਤ ਇਲਾਜ ਦਾ ਫਾਇਦਾ ਲੈ ਸਕਦੇ ਹੋ..
ਤੁਸੀਂ ਸਿਰਫ ਆਪਣੇ ਪਿੰਡ ਦੇ ਸਰਪੰਚ/ਲੰਬੜਦਾਰ/ਸ਼ਹਿਰੀ ਐੱਮ ਸੀ ਕੋਲੋਂ ਆਪਣੇ ਆਰਥਿਕ ਰੂਪ ’ਚ ਕਮਜ਼ੋਰ ਹੋਣ ਦਾ ਲੈਟਰ ਤਸਦੀਕ ਕਰਵਾ ਕੇ ਵੀ ਉਹ ਲੈਟਰ ਪੀ.ਜੀ.ਆਈ ’ਚ ਦੇ ਕੇ ਇਲਾਜ ਕਰਵਾ ਸਕਦੇ ਹੋ..ਪੀ.ਜੀ.ਆਈ ਇਨ੍ਹਾਂ ਪੱਤਰਾਂ ਦਾ ਮਾਣ ਕਰਦੀ ਹੈ..
ਦੂਜੇ ਸੂਬਿਆਂ ਦੇ ਲੋਕ ਤਾਂ ਆਪਣੇ ਐੱਮ. ਐੱਲ. ਏ. ਅਤੇ ਐੱਮ.ਪੀ. ਕੋਲੋਂ ਪੱਤਰ ਲਿਖਵਾ/ਤਸਦੀਕ ਕਰਵਾ ਲਿਆਉਂਦੇ ਹਨ ਕਿ ਇਸਦੀ ਆਰਥਿਕ ਸਥਿਤੀ ਕਮਜ਼ੋਰ ਹੈ। ਕ੍ਰਿਪਾ ਕਰਕੇ ਫ੍ਰੀ ਇਲਾਜ ਕੀਤਾ ਜਾਵੇ...
ਸੋ ਜਾਗੋ ਪੰਜਾਬੀਓ..ਆਪਣੇ ਹੱਕਾਂ ਪ੍ਰਤਿ ਸੁਚੇਤ ਹੋਵੋ। ਜੱਕੜ ਵੱਢਣ ਦੇ ਜ਼ਮਾਨੇ ਚਲੇ ਗਏ। ਈਰਖਾ ਸ਼ਰੀਕੇ ਛੱਡ ਕੇ ਇਕ ਦੂਜੇ ਦੀ ਮਦਦ ਕਰਕੇ ਇਨ੍ਹਾਂ ਯੋਜਨਾਵਾਂ ਦਾ ਲਾਭ ਉਠਾਈਏ..
ਗੁਰਬਿੰਦਰ ਸਿੰਘ ਬਾਜਵਾ