ਮੱਕੀ ਦੀ ਖੇਤੀ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ : ਡਾ. ਸੁਰਿੰਦਰ ਸਿੰਘ
Monday, Jul 06, 2020 - 06:28 PM (IST)
ਮੱਕੀ ਦੀ ਫਸਲ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਪਿੰਡਾਂ ਵਿੱਚ ਮੱਕੀ ਦੀਆਂ ਹਾਇਬ੍ਰਿਡ ਕਿਸਮਾਂ ਦਾ ਬੀਜ ਪੁੱਜਦਾ ਕੀਤਾ ਜਾ ਰਿਹਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਇਸ ਸਬੰਧੀ ਚਲਾਈ ਇਕ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੰਦਿਆ ਕਿਹਾ ਕਿ ਇਹ ਵੈਨ ਪਿੰਡਾਂ ਵਿੱਚ ਘੁੰਮ ਕੇ ਜਿੱਥੇ ਮੱਕੀ ਦੀ ਖੇਤੀ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰੇਗੀ। ਉੱਥੇ ਇਸ ਵੈਨ ਰਾਹੀਂ ਮੱਕੀ ਦੇ ਬੀਜ ਦੀ ਵੰਡ ਕਰਦੇ ਹੋਏ ਇਸ ਨੂੰ ਪਿੰਡ-ਪਿੰਡ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੱਕੀ ਦੀ ਫਸਲ ਬਾਰੇ ਸਰਕਾਰ ਦੀ ਖੇਤੀ ਵਿਭਿੰਨਤਾ ਪਾਲਿਸੀ ਅਧੀਨ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਬਲਾਕ ਜਲੰਧਰ ਪੂਰਬੀ, ਜਲੰਧਰ ਪੱਛਮੀ ਅਤੇ ਸ਼ਾਹਕੋਟ ਦੇ ਕਿਸਾਨਾਂ ਨੂੰ ਪ੍ਰਤੀ ਕਿਲੋ 135/- ਰੁ. ਦੀ ਸਬਸਿਡੀ ਵੀ ਦਿੱਤੀ ਜਾਵੇਗੀ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਮੱਕੀ ਦੀ ਫਸਲ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਪਾਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੱਕੀ ਦੀ ਫਸਲ ਵੱਲ ਕਿਸਾਨਾਂ ਦੇ ਰੁਝਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਸੀ ਆਸ ਕਰਦੇ ਹਾਂ ਕਿ ਪਿੰਡਾਂ ਵਿੱਚ ਤਕਨੀਕੀ ਗਿਆਨ ਅਤੇ ਬੀਜ ਉਪਲਬਧ ਹੋਣ ਨਾਲ ਮੱਕੀ ਦੇ ਰਕਬੇ ਵਿੱਚ ਹੋਰ ਵਾਧਾ ਹੋਵੇਗਾ।
ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਇਹ ਮੋਬਾਇਲ ਵੈਨ ਪਾਇਉਨਿਅਰ ਇੰਡਿਆ ਕੰਪਨੀ ਵੱਲੋ ਮੁੱਹਇਆ ਕਰਵਾਈ ਗਈ ਹੈ। ਇਸ ਵੈਨ ਰਾਹੀਂ ਮੱਕੀ ਦੀ ਬੇਹਤਰ ਕਾਸ਼ਤ ਲਈ ਤਕਨੀਕੀ ਗਿਆਨ ਨਾਲ ਸਬੰਧਤ ਆਡਿਓ ਸੁਨੇਹੇ ਵੀ ਸਪੀਕਰ ਰਾਹੀਂ ਪਿੰਡਾਂ ਵਿੱਚ ਪ੍ਰਸਾਰਿਤ ਕੀਤੇ ਜਾਣਗੇ ਅਤੇ ਇਹ ਵੈਨ ਅਗਲੇ ਤਿੰਨ ਦਿਨ ਪਿੰਡ-ਪਿੰਡ ਘੁੰਮਦੇ ਹੋਏ ਕਿਸਾਨਾਂ ਨੂੰ ਬੀਜ ਵੀ ਮੌਕੇ ਮੁਹੱਇਆ ਕਰਵਾਏਗੀ। ਇਸ ਮੌਕੇ ਮੌਜੂਦ ਸ੍ਰੀ ਵਰੁਣ ਕੁਮਾਰ, ਟਰੈਟਰੀ ਮੈਨੇਜਰ ਪਾਇਉਨਿਅਰ ਇੰਡਿਆ ਨੇ ਕਿਹਾ ਕਿ ਮੱਕੀ ਦੀਆਂ ਕਿਸਮਾਂ ਪੀ 3396 ਅਤੇ ਪੀ 3401 ਨੂੰ ਇਸ ਵੈਨ ਰਾਹੀ ਪਿੰਡ-ਪਿੰਡ ਭੇਜਿਆ ਜਾ ਰਹੀਆਂ ਹਨ ਅਤੇ ਖੇਤੀਬਾੜੀ ਵਿਭਾਗ ਅਤੇ ਪਾਇਉਨਿਅਰ ਇੰਡਿਆ ਕੰਪਨੀ ਦੇ ਕਰਮਚਾਰੀ ਇਸ ਵੈਨ ਵਿੱਚ ਕਿਸਾਨਾਂ ਦੇ ਫਾਰਮ ਭਰਦੇ ਹੋਏ ਮੱਕੀ ਦਾ ਬੀਜ ਉਪਲਬਧ ਕਰਵਾਉਗੇ।
ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ
ਭਲਾਈ ਵਿਭਾਗ ਜਲੰਧਰ