ਟਿੱਡੀ ਦਲ ਦੇ ਹਮਲੇ ਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ

Wednesday, Jun 10, 2020 - 04:37 PM (IST)

ਟਿੱਡੀ ਦਲ ਦੇ ਹਮਲੇ ਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ

ਜਲੰਧਰ - ਟਿੱਡੀ ਦਲ ਦੇ ਹਮਲੇ ਅਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਕ੍ਰਿਸ਼ੀ ਵਿਗਿਆਨ ਕੇਂਦਰ, ਨੂਰਮਹਿਲ ਰਾਂਹੀ ਖੇਤੀਬਾੜੀ, ਬਾਗਬਾਨੀ ਅਤੇ ਹੋਰ ਖੇਤੀ ਨਾਲ ਸਬੰਧਤ ਵਿਭਾਗਾਂ ਦੇ ਤਕਨੀਕੀ ਮਾਹਿਰਾਂ ਲਈ ਵੈਬੀਨਾਰ ਦਾ ਅਯੋਜਨ ਕੀਤਾ ਗਿਆ। ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਮਾਰੀ ਦੇ ਮੱਦੇਨਜ਼ਰ ਟਿੱਡੀ ਦਲ ਦੇ ਸੰਭਾਵਿਤ ਹਮਲੇ ਬਾਰੇ ਜਾਣਕਾਰੀਆਂ ਸਾਂਝਾ ਕਰਨ ਲਈ ਇਸ ਵੈਬੀਨਾਰ ਵਰਗੇ ਮੰਚ ਰਾਹੀਂ ਮੋਬਾਇਲ ਜਾਂ ਕੰਪਿਊਟਰ ਦੇ ਜ਼ਰੀਏ ਗੂਗਲ ਮੀਟ ਐਪ ਰਾਹੀਂ ਖੇਤੀ ਪ੍ਰਸਾਰ ਕਾਮਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਨਿਵੇਕਲੇ ਉਪਰਾਲੇ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੇ ਮੁੱਖੀ ਡਾ. ਪੀ ਕੇ ਛੁਨੇਜਾ ਅਤੇ ਉਘੇ ਕੀਟ ਵਿਗਿਆਨੀ ਡਾ. ਕੇ. ਐੱਸ ਸੂਰੀ ਤੋਂ ਇਲਾਵਾ ਡਾ. ਪ੍ਰਸ਼ੋਤਮ ਅਰੋੜਾ, ਡਾ. ਕੁਲਦੀਪ ਸਿੰਘ ਪੰਧੂ ਡਿਪਟੀ ਡਾਇਰੈਕਟਰ ਕੇ ਵੀ ਕੇ ਨੂਰਮਹਿਲ, ਡਾ. ਸੰਜੀਵ ਕੁਮਾਰ ਕਟਾਰੀਆ ਫਾਰਮ ਸਲਾਹਕਾਰ ਸੇਵਾ ਕੇਂਦਰ ਜਲੰਧਰ ਨੇ ਸੰਬੋਧਨ ਕੀਤਾ।

ਜ਼ਿਲਾ ਜਲੰਧਰ ਦੇ ਵੱਖ-ਵੱਖ ਵਿਭਾਗਾਂ ਦੇ ਤਕਰੀਬਨ 25 ਪ੍ਰਸਾਰ ਕਾਮਿਆਂ ਨੂੰ ਵਿਗਿਆਨੀਆਂ ਨੇ ਦੱਸਿਆ ਕਿ ਟਿੱਡੀ ਦਲ ਦੇ 1 ਸੁਕੇਅਰ ਕਿੱਲੋਮੀਟਰ ਝੁੰਡ ਵਿੱਚ ਵਿੱਚ 40 ਤੋਂ 80 ਮਿਲੀਅਨ ਟਿੱਡੀਆਂ ਹੋ ਸਕਦੀਆਂ ਹਨ ਅਤੇ ਇਹ ਟਿੱਡੀਆਂ ਪੀਲੇ ਤੋਂ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ। ਜਿਨ੍ਹਾਂ ਦਾ ਸਾਈਜ ਲਗਭਗ 3 ਸੈਂਟੀਮੀਟਰ ਅਤੇ ਵਜਨ 2 ਤੋ 2.5 ਗ੍ਰਾਮ ਹੁੰਦਾ ਹੈ ਅਤੇ ਰੋਜ਼ਾਨਾ ਇਕ ਟਿੱਡੀ ਆਪਣੇ ਵਜ਼ਨ ਦੇ ਬਰਾਬਰ ਖੁਰਾਕ ਖਾ ਸਕਦੀ ਹੈ ਅਤੇ ਇਹ ਟਿੱਡੀਆਂ ਕੁੱਝ ਘੰਟਿਆਂ ਵਿੱਚ ਆਪਣੀ ਬੈਠਣ ਵਾਲੀ ਥਾਂ ’ਤੇ ਸੰਪੂਰਨ ਹਰਿਆਲੀ ਨਸ਼ਟ ਕਰਨ ਦੀ ਸਮਰੱਥਾ ਰੱਖਦੀਆਂ ਹਨ। 

17 ਤੋਂ 42 ਸੈਟੀਂਗਰੇਡ ਤਾਪਮਾਨ ਇਨ੍ਹਾਂ ਦੇ ਵਾਧੇ ਤੇ ਝੂੰਡਾਂ ਦੀ ਉਡਾਰੀ ਦੇ ਬੇਹੱਦ ਅਨੂਕੂਲ ਹੁੰਦਾ ਹੈ। ਡਾ. ਛੁਨੇਜਾ ਨੇ ਕਿਹਾ ਕਿ ਹਵਾ ਦੇ ਪੂਰਬ ਵੱਲ ਪਾਸੇ ਵਿੱਚ ਪ੍ਰਵਾਹ ਦੇ ਪ੍ਰਭਾਵ ਕਰਕੇ ਪੰਜਾਬ ਸੂਬੇ ਵਿੱਚ ਇਸ ਕੀੜੇ ਦੀ ਆਮਦ ਫਿਲਹਾਲ ਭਾਵੇਂ ਨਹੀ ਹੋਣ ਦੀ ਸੰਭਾਵਨਾ ਹੈ ਪਰ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਨ੍ਹਾਂ ਮਾਹਿਰਾ ਨੇ ਕਿਹਾ ਕਿ ਟਿੱਡੀ ਦਲ ਦਾ ਝੁੰਡ ਹਵਾ ਦੀ ਗਤੀ, ਨਮੀ ਅਤੇ ਇਲਾਕੇ ਵਿੱਚ ਹਰਿਆਵਲ ਦੀ ਹੌਂਦ ਅਨੁਸਾਰ ਉੱਡਦੇ ਹਨ ਅਤੇ ਪੰਜਾਬ ਸੂਬੇ ਵਿੱਚ ਹਰਿਆਵਲ ਕਰਕੇ ਸੂਬੇ ਵਿੱਚ ਇਸ ਕੀੜੇ ਦੀ ਆਮਦ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਹਾਲ ਦੀ ਘੜੀ ਇਸ ਕੀੜੇ ਦੇ ਝੁੰਡ ਦੇਸ਼ ਦੇ ਰਾਜਸਥਾਨ ਵਿੱਚ ਦੇਖੇ ਗਏ ਹਨ ਅਤੇ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸਿਓ ਵੀ ਇਹ ਝੁੰਡ ਸਾਡੇ ਸੂਬੇ ਵਿੱਚ ਆ ਸਕਦੇ ਹਨ।

PunjabKesari

ਇਸ ਲਈ ਸਾਨੂੰ ਅਗਾਂਊ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਹ ਕੀੜਾ 1500 ਤੋਂ 1700 ਮੀਟਰ ਦੀ ਉਚਾਈ ’ਤੇ ਉਡੱਣ ਦੀ ਸਮਰੱਥਾ ਰੱਖਦਾ ਹੈ ਅਤੇ ਨਾਲ ਹੀ ਇਕ ਦਿਨ ਵਿੱਚ 30 ਤੋਂ 150 ਕਿਲੋਮੀਟਰ ਤੱਕ ਉੱਡ ਸਕਦਾ ਹੈ। ਆਂਡੇ ਦੇਣ ਵਾਲੀ ਅਵੱਸਥਾ ਵਾਲੀਆਂ ਟਿੱਡੀਆਂ ਰੇਤਲੀਆਂ ਥਾਵਾਂ ’ਤੇ 10-15 ਸੈਂਟੀਮੀਟਰ ਡੂੰਘੇ ਢੇਰਾਂ ਵਿੱਚ ਆਂਡੇ ਦਿੰਦੀਆਂ ਹਨ, ਜਿਨ੍ਹਾਂ ਤੋਂ ਬੱਚੇ ਜੋ ਕਿ ਪੰਖਾਂ ਤੋਂ ਬਗੈਰ ਹੁੰਦੇ ਹਨ, ਨਿਕਲਦੇ ਹਨ ਅਤੇ ਬੇਹੱਦ ਨੁਕਸਾਨ ਕਰਦੇ ਹਨ। ਇਸ ਵੈਬੀਨਾਰ ਵਿੱਚ ਵੱਖ-ਵੱਖ ਖੇਤੀ ਪ੍ਰਸਾਰ ਕਾਮਿਆ ਨੇ ਮਾਹਿਰਾਂ ਨੂੰ ਸਵਾਲ ਵੀ ਕੀਤੇ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਸਮੂਹ ਕੀਟ ਵਿਗਿਆਨੀਆਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਜ਼ਿਲਾ ਜਲੰਧਰ ਵਿੱਚ ਟਿੱਡੀ ਦਲ ਦੇ ਹਮਲੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਕ-ਡਰਿਲ ਕਰਵਾਈ ਗਈ ਸੀ ਅਤੇ ਇਸੇ ਤਰ੍ਹਾਂ ਹਰੇਕ ਬਲਾਕ ਪੱਧਰ ਤੇ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਟੀਮ ਬਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਸਟਾਫ ਦੀ ਭਾਰੀ ਕਮੀ ਹੈ ਅਤੇ ਜਲੰਧਰ ਵੱਲੋਂ ਅਸੀ ਇੱਕ ਟਿੱਡੀ ਦਲ ਤੇ ਈ-ਕਿਤਾਬ ਤਿਆਰ ਕਰਦੇ ਹੋਏ ਕਿਸਾਨਾਂ ਨੂੰ ਵਾਟਸਐੱਪ ਰਾਹੀਂ ਜਾਗਰੂਕ ਵੀ ਕਰ ਰਹੇ ਹਨ। ਪਿੰਡਾਂ ਵਿੱਚ ਟਰੈਕਟਰ ਮਾਂਉਟਿਡ ਸਪਰੇਅ ਪੰਪਾਂ ਆਦਿ ਦੀ ਹੌਂਦ ਬਾਰੇ ਵੀ ਅਗਾਂਊ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਦੇ ਹੋਏ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਲੋਰੋਪਾਇਰੀਫਾਸ ਦਵਾਈ ਵੀ ਵਿਭਾਗ ਪਾਸ ਪੁੱਜ ਚੁੱਕੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਵੈਬੀਨਾਰ ਦੇ ਜ਼ਰੀਏ ਸੰਬੋਧਨ ਕਰਦਿਆਂ ਆਖਿਆ ਕਿ ਟਿੱਡੀ ਦਲ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਭਾਵੇਂ ਟਿੱਡੀ ਦਲ ਦੀ ਆਮਦ ਬਾਰੇ ਫਿਲਹਾਲ ਕੋਈ ਰਿਪੋਰਟ ਨਹੀਂ ਪਰ ਇਸ ਦੀ ਉੱਡਣ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਹਰ ਵੇਲੇ ਤਿਆਰ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਸਮੂਹ ਵਿਗਿਆਨੀਆਂ ਅਤੇ ਖਾਸ ਤੌਰ ’ਤੇ ਡਾ. ਸੰਜੀਵ ਕਟਾਰੀਆ, ਡਾ. (ਮਿਸ) ਰਿਤੂ ਰਾਜ ਕੇ ਵੀ ਕੇ ਪਲਾਟ ਪ੍ਰੋਟੇਕਸ਼ਨ ਦਾ ਧੰਨਵਾਦ ਕੀਤਾ।

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ, 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।


author

rajwinder kaur

Content Editor

Related News