ਭਾਰੀ ਮੀਂਹ ਤੇ ਹੜ੍ਹਾਂ ਦੇ ਪਾਣੀ ਕਰਕੇ ਝੋਨੇ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਡਾ.ਗੁਰਵਿੰਦਰ ਨੇ ਦਿੱਤੀ ਅਹਿਮ ਸਲਾਹ
Tuesday, Jul 11, 2023 - 06:22 PM (IST)

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ.ਗੁਰਵਿੰਦਰ ਸਿੰਘ ਨੇ ਭਾਰੀ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਰਕੇ ਝੋਨੇ ਦੇ ਖੇਤਾਂ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਅਹਿਮ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿਹਨਾ ਥਾਵਾਂ 'ਤੇ ਵਧੇਰੇ ਪਾਣੀ ਨਾਲ ਝੋਨੇ ਦੇ ਖੇਤ ਡੁੱਬ ਗਏ ਹਨ, ਉਥੇ ਪਾਣੀ ਲੱਥਣ ਤੋਂ ਬਾਅਦ ਦੋਬਾਰਾ ਪਨੀਰੀ ਦੀ ਲਵਾਈ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਨੀਰੀ ਦਾ ਪ੍ਰਬੰਧ ਕਰਨ ਲਈ ਜ਼ਰੂਰੀ ਉਪਰਾਲੇ ਕਰਨ। ਇਸ ਮਕਸਦ ਲਈ ਅਜਿਹੇ ਕਿਸਾਨ ਜਿਹਨਾ ਕੋਲ ਪਨੀਰੀ ਪਈ ਹੈ, ਉਹਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਪਨੀਰੀ ਦਾ ਇੰਤਜਾਮ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਅਜਿਹੇ ਕਿਸਾਨ ਜਿਹਨਾਂ ਕੋਲ ਪਨੀਰੀ ਪਈ ਹੋਈ ਹੈ ਅਤੇ ਜੋ ਕਿਸਾਨ ਝੋਨੇ ਦੀ ਪਨੀਰੀ ਦੀ ਵਿਕਰੀ ਦਾ ਕੰਮ ਕਰਦੇ ਹਨ, ਉਹਨਾ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਔਖੇ ਸਮੇਂ ਵਿੱਚ ਖ਼ਰਾਬ ਹੋਏ ਝੋਨੇ ਦੇ ਖੇਤਾਂ ਵਾਲੇ ਕਿਸਾਨਾਂ ਦੀ ਮਦਦ ਕਰਨ ਲਈ ਪਨੀਰੀ ਮੁੱਹਇਆ ਕਰਵਾਉਣ। ਜਿਹਨਾ ਕਿਸਾਨਾਂ ਕੋਲ ਪਨੀਰੀ ਪਈ ਹੈ, ਉਹ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਦੇ ਧਿਆਨ ਵਿੱਚ ਲਿਆਉਣ ਤਾਂਕਿ ਲੋੜਵੰਦ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁੱਹਇਆ ਕਰਵਾਈ ਜਾ ਸਕੇ ਅਤੇ ਇਸ ਪਾਣੀ ਦੀ ਮਾਰ ਨਾਲ ਹੋ ਰਹੇ ਨੁਕਸਾਨ ਨੂੰ ਘਟਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਟਰ ਦੇ ਪਾਣੀ ਨੂੰ ਝੋਨੇ ਵਿੱਚ ਬੇਹੱਦ ਸੰਯਮ ਨਾਲ ਲਗਾਉਣ। ਝੋਨੇ ਵਿੱਚ ਲਗਾਤਾਰ ਪਾਣੀ ਖਿਲਾਰਣ ਦੀ ਲੋੜ ਨਹੀਂ ਅਤੇ 15 ਦਿਨਾਂ ਦੀ ਲਵਾਈ ਤੋਂ ਬਾਅਦ ਪਹਿਲੇ ਵਾਲੇ ਪਾਣੀ ਨੂੰ ਸੁਕਾਉਂਦੇ ਹੋਏ ਹੀ ਮੁੜ ਪਾਣੀ ਲਗਾਉਣ। ਇਸ ਤਰਾਂ ਕਰਨ ਨਾਲ ਜਿਥੇ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ, ਉਥੇ ਹੀ ਵਧੇਰੇ ਮੀਂਹ ਦੇ ਪ੍ਰਭਾਵ ਨੂੰ ਵੀ ਘਟਾਇਆ ਜਾ ਸਕਦਾ ਹੈ।
ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ ਕਮ ਜ਼ਿਲ੍ਹਾ ਸਿਖਲਾਈ ਅਫ਼ਸਰ ਕਪੂਰਥਲਾ।