ਅਨਾਜ ਦੇ ਸਰਕਾਰੀ ਚੋਰਾਂ ਨੂੰ ਨੱਥ ਪਾਉਣਾ ਸਮੇਂ ਦੀ ਲੋੜ

Tuesday, Aug 10, 2021 - 01:34 PM (IST)

ਅਨਾਜ ਦੇ ਸਰਕਾਰੀ ਚੋਰਾਂ ਨੂੰ ਨੱਥ ਪਾਉਣਾ ਸਮੇਂ ਦੀ ਲੋੜ

7 ਅਗਸਤ, 2021 ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਇੱਕ ਫੂਡ ਸਪਲਾਈ ਇੰਸਪੈਕਟਰ ਵੱਲੋਂ 1 ਲੱਖ 84 ਹਜ਼ਾਰ 344 ਗੱਟੇ ਕਣਕ ਦੇ ਖੁਰਦ-ਬੁਰਦ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 20 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਸੀ। ਮਾਮਲਾ ਇੱਥੋਂ ਤੱਕ ਹੀ ਸੀਮਤ ਨਹੀ ਹੈ। ਸਗੋਂ ਪੰਜਾਬ ਦੀ ਇੱਕ ਖਰੀਦ ਏਂਜੰਸੀ ਮਾਰਕਫੈੱਡ ਦੇ 8 ਜ਼ਿਲ੍ਹਿਆਂ ਵੱਲੋਂ ਪਿਛਲੇ 10 ਸਾਲਾਂ ਅੰਦਰ ਆਪਣੇ ਅਨਾਜ ਵਾਲੇ ਗੋਦਾਮਾਂ ਦੀ ਰਾਖੀ ਕਰਨ ਲਈ ਨਿੱਜੀ ਕੰਪਨੀਆਂ ਨੂੰ 50 ਕਰੋੜ ਰੁਪਏ ਦੇ ਦਿੱਤੇ ਗਏ। ਇਸ ਰਕਮ ਦਾ ਪਤਾ ਸੂਚਨਾ ਐਕਟ ਰਾਹੀਂ ਲਗਾਇਆ ਗਿਆ ਹੈ। ਬਾਕੀ ਦੇ ਜ਼ਿਲ੍ਹਿਆਂ ਵੱਲੋਂ ਕੀਤੇ ਗਏ ਖ਼ਰਚ ਦੀ ਸੂਚਨਾ ਅਜੇ ਆਉਣੀ ਬਾਕੀ ਹੈ। ਗੋਦਾਮਾਂ ਤੇ ਅਨਾਜ ਦੇ ਹੋਰ ਭੰਡਾਰਾਂ ’ਤੇ ਕਰੋੜਾਂ ਰੁਪਏ ਦਾ ਖ਼ਰਚਾ ਕਰਨ ਤੋਂ ਬਾਅਦ ਵੀ ਰਾਸ਼ਨ ਦੇ ਸਰਕਾਰੀ ਗੋਦਾਮਾਂ ਅਤੇ ਰਾਸ਼ਨ ਡਿੱਪੂਆਂ ਵਿਚੋਂ ਹਰ ਸਾਲ ਅਰਬਾਂ ਰੁਪਏ ਦੀ ਕਣਕ ਤੇ ਹੋਰ ਅਨਾਜ ਸਰਕਾਰੀ ਚੋਰ ਖਾ ਜਾਂਦੇ ਹਨ ਕਿਉਂਕਿ ਗਰੀਬ ਲੋਕਾਂ ਨੂੰ ਅਤੇ ਹੋਰ ਸਾਧਨਾਂ ਰਾਹੀਂ ਦਿੱਤਾ ਜਾਣ ਵਾਲਾ ਅਨਾਜ ਬਾਹਰ ਦੀ ਬਾਹਰ ਹੀ ਖੁੱਲ੍ਹੀ ਮੰਡੀ ’ਚ ਵੇਚ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰਾਂ ਦੇ ਗੋਦਾਮਾਂ ਵਿਚੋਂ ਵੀ ਅਰਬਾਂ ਰੁਪਏ ਦਾ ਅਨਾਜ ਗਾਇਬ ਹੋ ਜਾਂਦਾ ਹੈ। ਇੱਕ ਰੁਪਏ ਕਿੱਲੋ ਤੋਂ ਲੈ ਕੇ ਵੱਖ-ਵੱਖ ਵਰਗਾਂ ਲਈ ਆਉਂਦੀ ਜ਼ਿਆਦਾਤਾਰ ਕਣਕ, ਚੌਲ ਆਦਿ 2 ਹਜ਼ਾਰ ਰੁਪਏ ਕਿੱਲੋ ਤੱਕ ਖੁੱਲ੍ਹੀ ਮੰਡੀ ਵਿੱਚ ਵੇਚ ਕੇ ਕਰੋੜਾਂ ਰੁਪਏ ਸਰਕਾਰੀ ਚੋਰ ਆਪਣੀਆਂ ਜੇਬਾਂ ਵਿੱਚ ਪਾ ਰਹੇ ਹਨ। ਦੇਸ਼ ਦੇ ਹੋਰਨਾਂ ਰਾਜਾਂ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਚੱਲ ਰਹੀ ਜਨਤਕ ਵੰਡ ਪ੍ਰਣਾਲੀ ਅਤੇ ਅਨਾਜ ਨਾਲ ਭਰੇ ਹੋਏ ਸਰਕਾਰੀ ਗੋਦਾਮਾਂ ਬਾਰੇ ਗੱਲ ਕਰਨੀ ਬਣਦੀ ਹੈ। ਫੂਡ ਸਪਲਾਈ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀਆਂ ਦੀ ਮਿਲੀ-ਭੁਗਤ ਸਦਕਾ ਪੰਜਾਬ ਦੇ 15 ਫ਼ੀਸਦੀ ਡਿੱਪੂ ਹੋਲਡਰ ਇੱਕ ਸਾਲ ਵਿੱਚ ਸਿਰਫ਼ 6 ਮਹੀਨੇ ਹੀ ਰਾਸ਼ਨ ਲੋੜਵੰਦ ਲੋਕਾਂ ਨੂੰ ਦਿੰਦੇ ਹਨ। ਇਸ ਵਿਚੋਂ ਵੀ 80 ਫ਼ੀਸਦੀ ਵੰਡਿਆ ਜਾਂਦਾ ਹੈ, 35 ਫ਼ੀਸਦੀ ਡਿੱਪੂ ਹੋਲਡਰਾਂ ਵਲੋਂ ਕਣਕ ਚੋਰਾਂ ਨਾਲ ਰਲ ਕੇ ਅਨਾਜ ਦੀ ਵੰਡ ਸਾਲ ਵਿਚੋਂ 8 ਮਹੀਨੇ 50 ਫ਼ੀਸਦੀ ਕੀਤੀ ਜਾਂਦੀ ਹੈ। ਇਹ ਚਾਰ ਮਹੀਨੇ ਦਾ ਸਾਰਾ ਅਤੇ ਬਾਕੀ ਅੱਧਾ ਅਨਾਜ ਖੁੱਲ੍ਹੀ ਮੰਡੀ ਵਿੱਚ ਵੇਚ ਦਿੰਦੇ ਹਨ। 40 ਫ਼ੀਸਦੀ ਡਿੱਪੂ ਹੋਲਡਰਾਂ ਵਲੋਂ 60 ਫ਼ੀਸਦੀ ਅਨਾਜ ਪੂਰਾ ਸਾਲ ਵੰਡਿਆ ਜਾਂਦਾ ਹੈ। 10 ਫ਼ੀਸਦੀ ਡਿੱਪੂ ਹੋਲਡਰ 70 ਫ਼ੀਸਦੀ ਅਨਾਜ ਸਾਲ ਵਿੱਚ 10 ਮਹੀਨੇ ਹੀ ਵੰਡਦੇ ਹਨ।

ਫੂਡ ਸਪਲਾਈ ਵਿਭਾਗ ਦੀ ਮਿਹਰਬਾਨੀ ਸਦਕਾ ਹੀ ਕਈ ਵਿਅਕਤੀ 10 ਤੋਂ 12 ਰਾਸ਼ਨ ਦੇ ਡਿੱਪੂ ਚਲਾ ਰਹੇ ਹਨ। ਦੋ ਜਾਂ ਤਿੰਨ ਰਾਸ਼ਨ ਡਿੱਪੂਆਂ ਦੇ ਮਾਲਕ ਹੋਣਾ ਤਾਂ ਆਮ ਜਿਹੀ ਗੱਲ ਹੈ। ਇਨ੍ਹਾਂ ਰਾਸ਼ਨ ਦੇ ਡਿੱਪੂ ਹੋਲਡਰ ਮਾਲਕਾਂ ਵਲੋਂ ਹਰ ਸਾਲ ਕਰੋੜਾਂ ਰੁਪਏ ਦਾ ਅਨਾਜ ਖੁੱਲ੍ਹੀ ਮੰਡੀ ਵਿੱਚ ਵੇਚ ਦਿੱਤਾ ਜਾਂਦਾ ਹੈ। ਸਰਕਾਰੀ ਅਨਾਜ ਭੰਡਾਰਾਂ ’ਤੇ ਕਾਬਜ਼ ਅਮਲਾ ਹੀ ਛੋਟੇ ਡਿੱਪੂ ਹੋਲਡਰਾਂ ਕੋਲੋਂ ਅਨਾਜ ਦਾ ਭੰਡਾਰ ਖ਼ਰੀਦ ਕੇ ਵੱਡੇ ਹੋਲਡਰਾਂ ਨੂੰ ਵੇਚ ਦਿੰਦਾ ਹੈ। ਯੋਜਨਾ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗਰੀਬ ਲੋਕਾਂ ਨੂੰ ਵੰਡੀ ਜਾਣ ਵਾਲੀ ਕਣਕ ਵਿਚੋਂ 53 ਫ਼ੀਸਦੀ ਅਤੇ ਚੌਲਾਂ ਵਿਚੋਂ 39 ਫ਼ੀਸਦੀ ਚੋਰੀ ਕਰਕੇ ਵੇਚ ਦਿੱਤੇ ਜਾਂਦੇ ਹਨ। ਕਰੋੜਾਂ ਰੁਪਏ ਦੀ ਇਹ ਚੋਰੀ ਕਣਕ ਦੇ ਸਰਕਾਰੀ ਚੋਰ ਹਰ ਸਾਲ ਕਰ ਰਹੇ ਹਨ। ਦੇਸ਼ ਪੱਧਰ ’ਤੇ ਵੇਚੇ ਜਾਣ ਵਾਲੇ ਇਸ ਅਨਾਜ ਦੀ ਕੀਮਤ 10 ਹਜ਼ਾਰ ਕਰੋੜ ਰੁਪਏ ਸਲਾਨਾ ਤੋਂ ਵੀ ਜ਼ਿਆਦਾ ਬਣਦੀ ਹੈ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਜਿੱਥੇ ਜ਼ਿਆਦਾਤਰ ਲੋਕ ਡਿੱਪੂ ਹੋਲਡਰਾਂ ਵਲੋਂ ਵੰਡੇ ਜਾਣ ਵਾਲੇ ਰਾਸ਼ਨ ’ਤੇ ਨਿਰਭਰ ਹਨ, ਉੱਥੇ ਸਾਲ 2006-07 ’ਚ 6242.16 ਕਰੋੜ ਰੁਪਏ ਦੇ ਚੌਲ ਅਤੇ ਕਣਕ ਬਾਹਰ ਦੀ ਬਾਹਰ ਵੇਚ ਦਿੱਤੇ ਗਏ।

ਪੰਜਾਬ ਅਤੇ ਹਰਿਆਣੇ ਦੀ ਜਨਤਕ ਵੰਡ ਪ੍ਰਣਾਲੀ ਵਿਚੋਂ 76.5 ਫ਼ੀਸਦੀ ਪੰਜਾਬ, 55.65 ਫ਼ੀਸਦੀ ਹਰਿਆਣਾ ਦੀਆਂ ਮੰਡੀਆਂ ਵਿੱਚ ਵੇਚ ਦਿੱਤਾ ਜਾਂਦਾ ਹੈ। ਕੇਂਦਰੀ ਖ਼ੁਰਾਕ ਤੇ ਖ਼ਪਤਕਾਰ ਮਹਿਕਮੇ ਵਲੋਂ ਵੀ ਇਹ ਗੱਲ ਮੰਨੀ ਗਈ ਹੈ ਕਿ ਸਾਲ 2005 ਤੋਂ ਲੈ ਕੇ ਸਾਲ 2007 ਤੱਕ ਤਿੰਨ ਸਾਲਾਂ ਅੰਦਰ ਹੀ 3188.98 ਕਰੋੜ ਰੁਪਏ ਮੁੱਲ ਦਾ ਅਨਾਜ ਲੋਕਾਂ ਕੋਲ ਪਹੁੰਚਣ ਦੀ ਬਜਾਏ ਖੁੱਲ੍ਹੇ ਬਜ਼ਾਰ ਵਿੱਚ ਹੀ ਵੇਚ ਦਿੱਤਾ ਗਿਆ।  ਪੰਜਾਬ ਵਿਚੋਂ ਤਕਰੀਬਨ 52 ਲੱਖ ਬੋਰੀ ਅਨਾਜ ਗੋਦਾਮਾਂ ਵਿਚੋਂ ਗਾਇਬ ਹੋ ਗਿਆ ਹੈ। ਅਤੇ ਹਰ ਸਾਲ ਅਜਿਹਾ ਹੁੰਦਾ ਹੀ ਰਹਿੰਦਾ ਹੈ। ਅਤੇ ਅਨਾਜ ਨਾਲ ਭਰੀ ਪੌਣੇ ਦੋ ਲੱਖ ਬੋਰੀ ਰਸਤੇ ਵਿਚੋਂ ਹੀ ਗਾਇਬ ਹੋ ਗਈ, ਜਿਸ ਦਾ ਕੋਈ ਹਿਸਾਬ-ਕਿਤਾਬ ਹੀ ਨਹੀ ਹੈ ਕਿ ਸਰਕਾਰੀ ਚੋਰਾਂ ਨੇ ਇਸ ਅਨਾਜ ਨੂੰ ਰਸਤੇ ਵਿਚੋਂ ਕਿਧਰ ਗਾਇਬ ਕਰ ਦਿੱਤਾ। ਸਭ ਤੋਂ ਵੱਧ ਅਨਾਜ ਦੀ ਹਿੱਸੇਦਾਰੀ ਪਾਉਣ ਵਾਲੇ ਪੰਜਾਬ ਦੇ ਗੋਦਾਮਾਂ ਵਿੱਚੋਂ ਹੀ ਸਭ ਤੋਂ ਵੱਧ ਅਨਾਜ ਖੁੱਲ੍ਹੀ ਮੰਡੀ ਵਿੱਚ ਵੇਚਿਆ ਜਾਂਦਾ ਹੈ। ਮੋਗਾ ਨੇੜੇ ਪੈਂਦੇ ਕਸਬਾ ਧਰਮਕੋਟ ਵਿੱਚੋਂ ਇੱਕ ਸ਼ੈਲਰ ਮਾਲਕ ਨੇ ਸਰਕਾਰੀ ਬਾਬੂਆਂ ਨਾਲ ਰਲ ਕੇ 24 ਕਰੋੜ ਰੁਪਏ ਦਾ ਝੋਨਾ ਹੀ ਉਡਾ ਦਿੱਤਾ। ਫਿਰੋਜ਼ਪੁਰ ਵਿਖੇ ਵੇਅਰ ਹਾਊਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇੱਕ ਕਰੋੜ 21 ਲੱਖ ਰੁਪਏ ਤੋਂ ਵੱਧ ਦੀ ਕਣਕ ਵੇਚ ਦਿੱਤੀ। ਜਲੰਧਰ ਦੇ ਇੱਕ ਸ਼ੈਲਰ ਵਿਚੋਂ ਇੱਕ ਕਰੋੜ ਰੁਪਏ ਦਾ ਝੋਨਾ ਗਾਇਬ ਹੋ ਗਿਆ। ਲੁਧਿਆਣੇ ਜ਼ਿਲ੍ਹੇ ਦੇ ਕਿਲਾ ਰਾਏਪੁਰ ਵਿਖੇ ਮਾਰਕਫੈੱਡ ਦੇ ਗੋਦਾਮ ਵਿਚੋਂ 53 ਹਜ਼ਾਰ ਬੋਰੀ ਕਣਕ ਦੀ ਵੇਚ ਦਿੱਤੀ ਗਈ, ਜਦੋਂ ਕਿ ਹਜ਼ਾਰਾਂ ਹੀ ਟਨ ਅਨਾਜ ਪੰਜਾਬ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਗੋਦਾਮਾਂ ਵਿੱਚ ਪਿਆ ਗਲ-ਸੜ ਰਿਹਾ ਹੈ।

ਕੇਂਦਰ ਸਰਕਾਰ ਦੀ ਇੱਕ ਸਕੀਮ ਗ੍ਰਾਮੀਣ ਭੰਡਾਰਣ ਯੋਜਨਾ ਤਹਿਤ ਸਾਰੇ ਦੇਸ਼ ਵਿੱਚ ਗੋਦਾਮ ਬਣਾਏ ਗਏ ਹਨ, ਜਿਸ ਨੂੰ 90 ਸਾਲਾ ਠੇਕੇ ‘ਤੇ ਲਿਆ ਗਿਆ ਹੈ। ਪਰ ਇਹ ਸਾਰੇ ਹੀ ਖਾਲੀ ਪਏ ਹਨ ਅਤੇ ਅਨਾਜ ਖੁੱਲ੍ਹੇ ਅਸਮਾਨ ਹੇਠਾਂ ਗਲ ਸੜ ਰਿਹਾ ਹੈ। ਕੇਂਦਰੀ ਖ਼ਪਤਕਾਰ ਮਾਮਲੇ ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਮੁਤਾਬਕ ਇੱਕ ਅਪ੍ਰੈਲ 2011 ਤੋਂ ਲੈ ਕੇ ਮਈ 2014 ਤੱਕ ਪੰਜਾਬ ਦੇ ਗੋਦਾਮਾਂ ਵਿੱਚ ਭੰਡਾਰਨ ਯੋਜਨਾ 52.52 ਲੱਖ ਬੋਰੀ ਅਨਾਜ ਗਾਇਬ ਹੋਇਆ ਹੈ, ਜਦੋਂ ਕਿ 1.83 ਲੱਖ ਬੋਰੀ ਅਨਾਜ ਚਾਰ ਸਾਲਾਂ ਦੌਰਾਨ ਰਸਤੇ ਵਿੱਚ ਹੀ ਖੋਹ ਗਿਆ, ਜਿਸ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ। ਸਾਲ 2014 ਦੇ ਦੋ ਮਹੀਨਿਆਂ ਵਿੱਚ ਹੀ 2.20 ਲੱਖ ਬੋਰੀ ਗੋਦਾਮਾਂ ਵਿੱਚੋਂ ਉੱਡ ਗਈ, ਜਦੋਂ ਕਿ ਸਾਲ 2013-14 ਦੌਰਾਨ 16.80 ਲੱਖ ਬੋਰੀ ਅਨਾਜ ਗਾਇਬ ਹੋਇਆ। ਇਸੇ ਤਰ੍ਹਾਂ ਸਾਲ 2012-13 ਦੌਰਾਨ 16.97 ਲੱਖ ਬੋਰੀ ਅਨਾਜ ਦੀ ਸਰਕਾਰੀ ਚੋਰਾਂ ਨੇ ਗਾਇਬ ਕਰ ਦਿੱਤੀ। ਦੇਸ਼ ਭਰ ਦੇ ਗੋਦਾਮਾਂ ਵਿਚੋਂ ਸਾਲ 2014 ਦੇ ਦੋ ਮਹੀਨਿਆਂ ਵਿੱਚ 4.47 ਲੱਖ ਬੋਰੀ ਅਨਾਜ ਗਾਇਬ ਹੋ ਗਿਆ, ਜਿਸ ਵਿਚੋਂ 50 ਫ਼ੀਸਦੀ ਇਕੱਲੇ ਪੰਜਾਬ ਵਿਚੋਂ ਹੀ ਗਾਇਬ ਹੋਇਆ ਹੈ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਸਰਕਾਰੀ ਅਨਾਜ ਨੂੰ ਵੱਡੇ ਪੱਧਰ 'ਤੇ ਚੋਰੀ ਕਰਕੇ ਮੰਡੀ ਵਿੱਚ ਵੇਚ ਰਹੇ ਹਨ ਜਾਂ ਫਿਰ ਸੜ ਰਹੇ ਅਨਾਜ ਦੀ ਆੜ ਹੇਠ ਬਹੁਤ ਵੱਡੇ ਘਪਲੇ ਕੀਤੇ ਜਾ ਰਹੇ ਹਨ।

ਪਿਛਲੇ 40 ਕੁ ਮਹੀਨਿਆਂ ਦੌਰਾਨ ਹੀ ਪੰਜਾਬ ਦੇ ਗੋਦਾਮਾਂ ਵਿੱਚ ਹਜਾਰਾਂ ਟਨ ਅਨਾਜ ਖ਼ਰਾਬ ਹੋਇਆ ਹੈ, ਜਿਸ ਨੂੰ ਮਨੁੱਖੀ ਵਰਤੋਂ ਲਈ ਨਾ ਖਾਣਯੋਗ ਐਲਾਨਿਆ ਗਿਆ ਹੈ। ਸਾਲ 2011-12 ਦੌਰਾਨ 37 ਮੀਟਰਕ ਟਨ, ਸਾਲ 2013-14 ਦੌਰਾਨ 72.631 ਮੀਟਰਕ ਟਨ ਅਤੇ ਸਾਲ 2014-15 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ 37.425 ਮੀਟਰਕ ਟਨ ਅਨਾਜ ਖਰਾਬ ਹੋ ਗਿਆ। ਦੇਸ਼ ਭਰ ਵਿੱਚ ਜਾਰੀ ਹੋਈ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਸਾਲ 2013 ਵਿੱਚ 24 ਹਜ਼ਾਰ ਟਨ ਅਨਾਜ ਖਰਾਬ ਹੋ ਗਿਆ। ਸਾਲ 2014 ਦੇ ਪਹਿਲੇ ਛੇ ਮਹੀਨਿਆਂ ਦੌਰਾਨ 1744 ਟਨ ਅਨਾਜ ਖਰਾਬ ਹੋਇਆ ਅਤੇ ਦੇਸ਼ ਭਰ ਵਿੱਚ 50 ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਅਣਗਹਿਲੀ ਵਰਤਣ ਦੇ ਮਾਮਲੇ ਦਰਜ ਕੀਤੇ ਗਏ, ਜਿਸ ਨੂੰ ਨਾਮਾਤਰ ਕਾਰਵਾਈ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਜਦੋਂ ਅੱਜ ਦੇਸ਼ ਦੀ ਬਹੁਤ ਗਿਣਤੀ ਅਬਾਦੀ ਰੋਟੀ ਤੋਂ ਮੁਹਥਾਜ਼ ਹੋਣ ਦੇ ਨਾਲ ਹੀ ‘ਅੱਛੇ ਦਿਨ ਆਨੇ ਵਾਲੇ ਹੈਂ’ ਦੀ ਚੱਕੀ ਵਿੱਚ ਪਿਸ ਰਹੀ ਹੈ, ਇਸ ਦੇ ਬਾਵਜੂਦ ਵੀ ਗੋਦਾਮਾਂ ਵਿੱਚ ਹਜ਼ਾਰਾਂ ਟਨ ਅਨਾਜ ਗਲ-ਸੜ ਰਿਹਾ ਹੈ ਅਤੇ ਸਰਕਾਰੀ ਬਾਬੂ ਵਧੀਆ ਅਨਾਜ ਮਹਿੰਗੇ ਭਾਅ ਖੁੱਲ੍ਹੀ ਮੰਡੀ ਵਿੱਚ ਵੇਚ ਰਹੇ ਹਨ। ਇਨ੍ਹਾਂ ਅਨਾਜ ਦੇ ਸਰਕਾਰੀ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਬਣਦੀ ਹੈ। 
ਬ੍ਰਿਸ ਭਾਨ ਬੁਜਰਕ, ਕਾਹਨਗੜ੍ਹ ਰੋਡ ਪਾਤੜਾਂ ਪਟਿਆਲਾ 98761-01698
 


author

Babita

Content Editor

Related News