‘ਕਿਸਾਨਾਂ ਨੂੰ ਮਿਆਰੀ ਖਾਦ ਬੀਜ ਤੇ ਦਵਾਈਆਂ ਮੁੱਹਇਆਂ ਕਰਵਾਉਣ ਲਈ ਕੀਤੀ ਦਾ ਰਹੀ ਵਿਆਪਕ ਚੈਕਿੰਗ’

12/03/2020 12:10:06 PM

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਜਲੰਧਰ ਵਲੋ ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁੱਹਇਆ ਕਰਵਾਉਣ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੂਰਮਹਿਲ ਅਤੇ ਕੋਟ ਬਾਦਲ ਖਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੇ ਖੇਤੀ ਇਨਪੁੱਟਸ ਵਿਕਰੇਤਾਵਾਂ ਦੀ ਚੈਕਿੰਗ ਦੌਰਾਨ ਪਾਈਆਂ ਗਈਆਂ ਉਣਤਾਈਆਂ ਬਾਰੇ ਸਬੰਧਤ ਇੱਨਪੁਟਸ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਣਕ ਦੇ ਇਸ ਸੀਜਨ ਵਿੱਚ ਕਿਸਾਨਾਂ ਵਲੋਂ ਨਦੀਨਨਾਸ਼ਕ, ਫਫੂੰਦੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਖਾਦਾਂ ਅਤੇ ਦਵਾਈਆਂ ਦੀ ਖ਼ਰੀਦ ਹਮੇਸ਼ਾ ਮੰਨਜੂਰਸ਼ੁਦਾ ਅਤੇ ਵਿਭਾਗ ਵੱਲੋਂ ਲਾਇਸੈਂਸ ਪ੍ਰਾਪਤ ਡੀਲਰਾਂ ਤੋਂ ਕਰਦੇ ਹੋਏ ਆਪਣਾ ਖ੍ਰੀਦ ਬਿੱਲ ਵੀ ਜ਼ਰੂਰ ਹਾਸਿਲ ਕਰਨ। ਇਸ ਚੈਕਿੰਗ ਦੌਰਾਨ ਬਲਾਕ ਖੇਤੀਬਾੜੀ ਅਧਿਕਾਰੀ ਨੂਰਮਹਿਲ ਵਲੋਂ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸੈਂਪਲ ਵੀ ਲਏ ਗਏ। 

ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫ਼ਸਲ ’ਤੇ ਸਿਫਾਰਿਸ਼ਾ ਅਨੁਸਾਰ ਜ਼ਹਿਰਾਂ ਦਾ ਇਸਤੇਮਾਲ ਕਰਨ ਅਤੇ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆ ਨਦੀਨਨਾਸ਼ਕਾਂ ਦਾ ਇਸਤੇਮਾਲ ਕੀਤਾ ਜਾਵੇ। ਕਣਕ ਵਿੱਚ ਛੋਟੇ ਖੁਰਾਕੀ ਤੱਤ ਜਿਵੇਂ ਕਿ ਜਿੰਕ, ਮੈਗਨੀਜ, ਗੰਧਕ ਆਦਿ ਦੀ ਘਾਟ ਦੇ ਲੱਛਣ ਨਜ਼ਰ ਆਉਣ ’ਤੇ ਹੀ ਮਹਿਰਾਂ ਦੀ ਸਲਾਹ ਨਾਲ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ। 

ਡਾ.ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਸਤੇ ਦੇ ਚੱਕਰ ਵਿੱਚ ਪਿਡਾਂ ਵਿੱਚ ਗਲਤ ਅਨਸਰਾਂ ਪਾਸੋ ਸਿੱਧੇ ਜ਼ਹਿਰਾਂ ਖਾਦਾ ਅਤੇ ਦਵਾਈਆਂ ਦੀ ਖ੍ਰੀਦ ਕਰਨ ਤੋਂ ਗੁਰੇਜ ਕਰਨ ਅਤੇ ਅਜਿਹੇ ਅਨਸਰਾਂ ਬਾਰੇ ਇਤਲਾਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨਾਲ ਹੁੰਦੇ ਧੋਖੇ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਯੂਰਿਆ ਖਾਦ ਦੀ ਆਪੂਰਤੀ ਹਰੇਕ ਬਲਾਕ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਜਲਦੀ ਹੀ ਜ਼ਿਲ੍ਹੇ ਦੇ ਸਮੂਹ ਖਾਦ ਡੀਲਰਾ ਕੋਲ ਖਾਦ ਪੁੱਜ ਜਾਵੇਗੀ। ਇਸ ਲਈ ਕਾਹਲੀ ਨਾ ਕੀਤੀ ਜਾਵੇ ਅਤੇ ਆਪਣੀ ਲੋੜ ਅਨੁਸਾਰ ਖਾਦ ਦੀ ਖ੍ਰੀਦ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਜੇਕਰ ਕੋਈ ਖਾਦ ਵਿਕਰੇਤਾ ਖਾਦ ਦੇ ਨਾਲ ਕੋਈ ਹੋਰ ਸ਼ੈ ਜਬਰਦਸਤੀ ਦਿੰਦਾ ਹੈ ਤਾਂ ਇਸ ਦੀ ਸੂਚਨਾ ਬਲਾਕ ਦਫ਼ਤਰ ਵਿਖੇ ਖੇਤੀਬਾੜੀ ਅਧਿਕਾਰੀ ਕੋਲ ਜ਼ਰੂਰ ਕੀਤੀ ਜਾਵੇ। ਇਸ ਮੌਕੇ ਡਾ.ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ ਬੀਜ ਅਤੇ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੀ.ਪੀ. ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਡਾ.ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ ਕਮ
ਸੰਪਰਕ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ
ਵਿਭਾਗ, ਜਲੰਧਰ।


rajwinder kaur

Content Editor

Related News